ਧਨਾਸਰੀ ਮਹਲਾ ੧ ॥ ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥ ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥ ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥ ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥ ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥ ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥ ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥ ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥ ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥ {ਪਾਵਨ ਅੰਗ 660}
ਪਦਅਰਥ: ਹਮ—ਅਸੀ। ਇਕ ਦਮੀ—ਇਕ ਦਮ ਵਾਲੇ। ਦਮ—ਸੁਆਸ, ਸਾਹ। ਮੁਹਲਤਿ—(ਜ਼ਿੰਦਗੀ ਦੀ) ਮਿਆਦ। ਮੁਹਤੁ—(ਮੌਤ ਦਾ) ਸਮਾ। ਨ ਜਾਣਾ—ਅਸੀ ਨਹੀਂ ਜਾਣਦੇ। ਸਰੇਵਹੁ—ਸਿਮਰੋ। ਜੀਅ ਪਰਾਣਾ—ਜਿੰਦ ਤੇ ਪ੍ਰਾਣ।੧।
ਅੰਧੇ—ਹੇ ਅੰਨ੍ਹੇ ਜੀਵ! ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! ਜੀਵਨਾ ਕੇਤੇ ਕੇ ਦਿਨਾ—ਕਿਤਨੇ ਕੁ ਦਿਨ ਦਾ ਜੀਵਨ? ਥੋੜੇ ਹੀ ਦਿਨਾਂ ਦਾ ਜੀਵਨ।੧।ਰਹਾਉ।
ਸਾਸੁ—ਸਾਹ, ਸੁਆਸ। ਮਾਸੁ—ਸਰੀਰ। ਜੀਉ—ਜਿੰਦ। ਮੈ—ਮੈਨੂੰ। ਤੂ ਮੈ ਖਰਾ ਪਿਆਰਾ—ਤੂੰ ਮੈਨੂੰ ਬਹੁਤਾ ਪਿਆਰਾ ਲੱਗ, ਹੇ ਪ੍ਰਭੂ! ਤੂੰ ਆਪਣਾ ਪਿਆਰ ਦੇਹ। ਸਾਇਰੁ—ਕਵੀ, ਢਾਢੀ। ਏਵ—ਇਹ ਹੀ।੨।
ਕਿਆ—ਕੀਹ? ਕੋ—ਕੋਈ ਜੀਵ। ਕਢੈ—ਪੇਸ਼ ਕਰੇ, ਦੇਵੇ। ਗਹਣਾ—ਵੱਟੇ ਵਿਚ ਦੇਣ ਵਾਸਤੇ ਕੋਈ ਚੀਜ਼। ਸੋ ਕਿਛੁ—ਉਹੀ ਕੁਝ। ਪੁਰਬਿ—ਪਹਿਲੇ ਸਮੇ ਵਿਚ। ਲਹਣਾ—ਮਿਲਣ—ਜੋਗ ਚੀਜ਼।੩।
ਚਿਤਿ—ਚਿੱਤ ਵਿਚ। ਕਪਟੁ—ਫਲ ਦੇ ਕੰਮ। ਜਮ ਦੁਆਰਿ—ਜਮ ਦੇ ਦਰ ਤੇ। ਜਾ—ਜਦੋਂ। ਪਕੜਿ—ਪਕੜ ਕੇ। ਚਲਾਇਆ—ਤੋਰਿਆ ਗਿਆ। ਤਾ—ਤਦੋਂ।੪।
ਨਾਨਕ—ਹੇ ਨਾਨਕ! {ਲਫ਼ਜ਼ ‘ਨਾਨਕ‘ ਅਤੇ ‘ਨਾਨਕੁ‘ ਦਾ ਫ਼ਰਕ ਵੇਖੋ। ‘ਨਾਨਕੁ‘—ਕਰਤਾ ਕਾਰਕ, ਇਕ–ਵਚਨ। ‘ਨਾਨਕ‘—ਸੰਬੋਧਨ}। ਕਿਛੁ—(ਪ੍ਰਭੂ ਦੀ) ਕੁਝ (ਸਿਫ਼ਤਿ–ਸਾਲਾਹ)। ਰਹਣੁ—ਸਦਾ ਦਾ ਟਿਕਾਣਾ। ਭਾਲਿ ਰਹੇ—ਢੂੰਢ ਕੇ ਥੱਕ ਗਏ ਹਾਂ। ਮਰਿ—(ਦੁਨੀਆ ਦੀਆਂ ਵਾਸਨਾਂ ਵਲੋਂ) ਮਰ ਕੇ। ਰਹੀਐ—ਇਥੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ।੫।
ਅਰਥ: ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਅੱਖਾਂ ਖੋਲ੍ਹ ਕੇ) ਵੇਖ, ਸੋਚ ਸਮਝ, ਇਥੇ ਜਗਤ ਵਿਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ।੧।ਰਹਾਉ।
ਨਾਨਕ ਬੇਨਤੀ ਕਰਦਾ ਹੈ-(ਹੇ ਭਾਈ!) ਅਸੀ ਆਦਮੀ ਇਕ ਦਮ ਦੇ ਹੀ ਮਾਲਕ ਹਾਂ (ਕੀਹ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ? ਸਾਨੂੰ ਆਪਣੀ ਜ਼ਿੰਦਗੀ ਦੀ) ਮਿਆਦ ਦਾ ਪਤਾ ਨਹੀਂ ਹੈ, ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ। (ਇਸ ਵਾਸਤੇ) ਉਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਆਸ ਦਿੱਤੇ ਹੋਏ ਹਨ।੧।
(ਪਰ ਜੀਵਾਂ ਦੇ ਭੀ ਕੀਹ ਵੱਸ? ਹੇ ਪ੍ਰਭੂ!) ਤੇਰਾ ਢਾਢੀ ਨਾਨਕ (ਤੇਰੇ ਦਰ ਤੇ) ਇਹ ਹੀ ਬੇਨਤੀ ਕਰਦਾ ਹੈ–ਹੇ ਸਦਾ ਅਟੱਲ ਰਹਿਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ! (ਜਿਵੇਂ) ਇਹ ਸੁਆਸ ਇਹ ਸਰੀਰ ਇਹ ਜਿੰਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਤਿਵੇਂ) ਆਪਣਾ ਪਿਆਰ ਭੀ ਤੂੰ ਆਪ ਹੀ ਦੇਹ।੨।
ਹੇ ਮੇਰੇ ਮਾਲਿਕ! ਜੇ ਤੂੰ ਆਪਣੇ ਪਿਆਰ ਦੀ ਦਾਤਿ ਆਪ ਹੀ ਕਿਸੇ ਜੀਵ ਨੂੰ ਨਾਹ ਦੇਵੇਂ, ਤਾਂ ਜੀਵ ਪਾਸ ਕੋਈ ਐਸ਼ੀ ਸ਼ੈ ਨਹੀਂ ਜੋ ਵੱਟੇ ਵਿਚ ਦੇ ਕੇ ਤੇਰਾ ਪਿਆਰ ਵਿਹਾਝ ਲਏ। ਨਾਨਕ ਬੇਨਤੀ ਕਰਦਾ ਹੈ ਕਿ ਜੀਵ ਨੂੰ ਤਾਂ ਉਹੀ ਕੁਝ ਮਿਲ ਸਕਦਾ ਹੈ ਜੋ ਉਸ ਦੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਸੰਸਕਾਰ–ਰੂਪ ਲੇਖ (ਉਸ ਦੇ ਮੱਥੇ ਤੇ ਲਿਖਿਆ ਹੋਇਆ) ਹੈ (ਆਪਣੇ ਨਾਮ ਤੇ ਪਿਆਰ ਦੀ ਦਾਤਿ ਤਾਂ ਤੂੰ ਆਪ ਹੀ ਦੇਣੀ ਹੈ)।੩।
(ਪਿਛਲੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ) ਛਲੀ ਮਨੁੱਖ ਤਾਂ ਛਲ ਹੀ ਕਮਾਂਦਾ ਰਹਿੰਦਾ ਹੈ, ਤੇ ਖਸਮ–ਪ੍ਰਭੂ ਦਾ ਨਾਮ ਆਪਣੇ ਮਨ ਵਿਚ ਨਹੀਂ ਵਸਾਂਦਾ। (ਸਾਰੀ ਉਮਰ ਇਉਂ ਹੀ ਲੰਘਾ ਕੇ ਅਖ਼ੀਰ ਵੇਲੇ) ਜਦੋਂ ਫੜ ਕੇ ਜਮਰਾਜ ਦੇ ਬੂਹੇ ਵਲ ਧੱਕਿਆ ਜਾਂਦਾ ਹੈ, ਤਾਂ (ਇਥੋਂ) ਤੁਰਨ ਵੇਲੇ ਹੱਥ ਮਲਦਾ ਹੈ।੪।
ਹੇ ਨਾਨਕ! ਜਦ ਤਕ ਦੁਨੀਆ ਵਿਚ ਜੀਊਣਾ ਹੈ ਪਰਮਾਤਮਾ ਦੀ ਸਿਫ਼ਤਿ–ਸਾਲਾਹ ਸੁਣਨੀ–ਕਰਨੀ ਚਾਹੀਦੀ ਹੈ (ਇਹੀ ਹੈ ਮਨੁੱਖਾ ਜਨਮ ਦਾ ਲਾਭ, ਤੇ ਇਥੇ ਸਦਾ ਨਹੀਂ ਬੈਠ ਰਹਿਣਾ)। ਅਸੀ ਢੂੰਡ ਚੁਕੇ ਹਾਂ, ਕਿਸੇ ਨੂੰ ਸਦਾ ਦਾ ਟਿਕਾਣਾ ਇਥੇ ਨਹੀਂ ਮਿਲਿਆ, ਇਸ ਵਾਸਤੇ ਜਿਤਨਾ ਚਿਰ ਜੀਵਨ–ਅਵਸਰ ਮਿਲਿਆ ਹੈ ਦੁਨੀਆ ਦੀਆਂ ਵਾਸਨਾਂ ਵਲੋਂ ਮਰ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ।੫।੨।