ਸੂਹੀ ਮਹਲਾ ੫ ॥ ਘਟ ਘਟ ਅੰਤਰਿ ਤੁਮਹਿ ਬਸਾਰੇ ॥ ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥ ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ ॥ ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥ ਓਟ ਗਹੀ ਅਬ ਸਾਧ ਸੰਗਾਰੇ ॥੨॥ ਅਗਮ ਅਗੋਚਰੁ ਅਲਖ ਅਪਾਰੇ ॥ ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥ {ਪਾਵਨ ਅੰਗ 740}
ਪਦਅਰਥ: ਘਟ—ਸਰੀਰ। ਘਟ ਘਟ ਅੰਤਰਿ—ਹਰੇਕ ਸਰੀਰ ਵਿਚ। ਤੁਮਹਿ—ਤੁਮ ਹੀ, ਤੂੰ ਹੀ। ਬਸਾਰੇ—ਵੱਸ ਰਿਹਾ ਹੈਂ। ਸਗਲ ਸਮਗ੍ਰੀ—ਸਾਰੀਆਂ ਚੀਜ਼ਾਂ। ਸੂਤਿ—ਧਾਗੇ ਵਿਚ।੧।
ਪ੍ਰਾਨ ਅਧਾਰੇ—ਜਿੰਦ ਦਾ ਆਸਰਾ। ਪੇਖਿ—ਵੇਖ ਕੇ। ਬਿਗਸਾਰੇ—ਖਿੜਦਾ ਹੈ।੧।ਰਹਾਉ।
ਭ੍ਰਮਿ—ਭਟਕ ਕੇ। ਹਾਰੇ—ਥੱਕ ਜਾਂਦੇ ਹਨ। ਗਹੀ—ਫੜੀ। ਅਬ—ਹੁਣ, ਮਨੁੱਖਾ ਜਨਮ ਵਿਚ।੨।
ਅਗਮ—ਅਪਹੁੰਚ। ਅਗੋਚਰੁ—{ਅ—ਗੋ—ਚਰੁ} ਜਿਸ ਤਕ ਗਿਆਨ—ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਅਪਾਰੇ—ਬੇਅੰਤ। ਨਾਨਕ ਸਿਮਰੈ—ਨਾਨਕ ਸਿਮਰਦਾ ਹੈ। ਰੈਨਾਰੇ—ਰਾਤ।੩।
ਅਰਥ: ਹੇ ਪ੍ਰਭੂ! ਤੂੰ ਸਾਡਾ ਪ੍ਰੀਤਮ ਹੈਂ, ਤੂੰ ਸਾਡੀ ਜਿੰਦ ਦਾ ਆਸਰਾ ਹੈਂ। ਤੈਨੂੰ ਹੀ ਵੇਖ ਵੇਖ ਕੇ (ਸਾਡਾ) ਮਨ ਖ਼ੁਸ਼ ਹੁੰਦਾ ਹੈ।੧।ਰਹਾਉ।
ਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਵੱਸਦਾ ਹੈਂ, (ਦੁਨੀਆ ਦੀਆਂ) ਸਾਰੀਆਂ ਚੀਜ਼ਾਂ ਤੇਰੀ ਹੀ ਮਰਯਾਦਾ ਦੇ ਧਾਗੇ ਵਿਚ (ਪ੍ਰੋਤੀਆਂ ਹੋਈਆਂ) ਹਨ।੧।
ਹੇ ਪ੍ਰਭੂ! (ਤੈਥੋਂ ਵਿਛੁੜ ਕੇ ਜੀਵ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਥੱਕ ਜਾਂਦੇ ਹਨ। ਮਨੁੱਖਾ ਜਨਮ ਵਿਚ ਆ ਕੇ (ਤੇਰੀ ਮੇਹਰ ਨਾਲ) ਸਾਧ ਸੰਗਤਿ ਦਾ ਆਸਰਾ ਲੈਂਦੇ ਹਨ।੨।
ਹੇ ਭਾਈ! (ਸਾਧ ਸੰਗਤਿ ਦੀ ਬਰਕਤਿ ਨਾਲ) ਨਾਨਕ ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ ਜੋ ਅਪਹੁੰਚ ਹੈ, ਜਿਸ ਤਕ ਗਿਆਨ–ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਮਨੁੱਖ ਦੀ ਸਮਝ ਤੋਂ ਪਰੇ ਹੈ, ਅਤੇ ਜੋ ਬੇਅੰਤ ਹੈ।੩।੯।੧੫।