ਸੂਝਵਾਨ ਪਾਠਕੋ ਜਿਵੇਂ ਇਹ ਗੱਲ ਹੁਣ ਕੋਈ ਲੁਕੀ-ਛੁਪੀ ਨਹੀਂ ਕਿ ਜੋ ਫਲ ਅਸੀਂ ਬਾਜ਼ਾਰੋਂ ਲੈ ਕੇ ਖਾਂਦੇ ਹਾਂ, ਉਨ੍ਹਾਂ ਵਿਚ ਜ਼ਹਿਰਾਂ ਦੀ ਮਾਤਰਾ ਮਿਆਰਾਂ ਤੋਂ ਕਿਤੇ ਉੱਪਰ ਹੁੰਦੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਜ਼ਹਿਰਾਂ ਦੇ ਛਿੜਕਾਅ ਫਲਦਾਰ ਬੂਟਿਆਂ ਉੱਪਰ ਕਰਨ ਦੀਆਂ ਸਿਫ਼ਾਰਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਅਸਲ ਵਿਚ ਸਿਫ਼ਾਰਸ਼ਾਂ ਤੋਂ ਵੀ ਵੱਧ ਜ਼ਹਿਰ ਵਰਤੇ ਜਾ ਰਹੇ ਹਨ, ਜਿਨ੍ਹਾਂ ਕਾਰਨ ਫਲ ਖਾਣਯੋਗ ਹੀ ਨਹੀਂ ਰਹੇ। ਅੱਜ ਆਪਾਂ ਕੁਝ ਅਜਿਹੀਆਂ ਕੁਦਰਤੀ ਵਿਧੀਆਂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨਾਲ ਜ਼ਹਿਰਾਂ ਦੀ ਲੋੜ ਨੂੰ ਖਤਮ ਕੀਤਾ ਜਾ ਸਕਦਾ ਹੈ। ਪੂਰੇ ਬਾਲਗ ਹੋਏ ਬੂਟੇ (ਜੋ ਫਲ ਦੇਣ ਲਈ ਤਿਆਰ ਹੋਵੇ) ਲਈ ਖੱਟੀ ਲੱਸੀ ਅਤੇ ਪਾਥੀਆਂ ਦਾ ਪਾਣੀ ਇਸਤੇਮਾਲ ਕਰਨ ਦੇ ਬਹੁਤ ਲਾਭ ਪ੍ਰਾਪਤ ਹੁੰਦੇ ਹਨ।
ਖੱਟੀ ਲੱਸੀ
ਖੱਟੀ ਲੱਸੀ ਸਭ ਤੋਂ ਉੱਤਮ ਉੱਲੀਨਾਸ਼ਕ ਹੈ ਦੋਸਤੋ। ਇਸ ਦੇ ਪ੍ਰਯੋਗ ਨਾਲ ਬੂਟੇ ਦੇ ਪੱਤਿਆਂ, ਫਲਾਂ ਅਤੇ ਤਣੇ ਨੂੰ ਪੈਣ ਵਾਲੀਆਂ ਸਾਰੀਆਂ ਉੱਲੀਆਂ ਦਾ ਨਾਸ਼ ਹੋ ਜਾਂਦਾ ਹੈ। ਇਸ ਦੀ ਖਟਾਸ ਉੱਲੀਨਾਸ਼ਕ ਦਾ ਵਧੀਆ ਕੰਮ ਕਰਦੀ ਹੈ ਅਤੇ ਥੰਦਿਆਈ ਬੂਟੇ ਨੂੰ ਭਰਪੂਰ ਪੋਸ਼ਣ ਪ੍ਰਦਾਨ ਕਰਦੀ ਹੈ। ਇਕ ਲਿਟਰ ਲੱਸੀ ਪ੍ਰਤੀ 15 ਲਿਟਰ ਪਾਣੀ ਵਿਚ ਪਾ ਕੇ ਫੁੱਲ ਆਉਣ ਤੋਂ ਪਹਿਲਾਂ ਛਿੜਕਾਅ ਕਰੋ। ਹਾਨੀਕਾਰਕ ਕੀਟਾਂ ਦੀ ਆਮਦ ਤਾਂ ਘੱਟ ਹੋਵੇਗੀ ਹੀ ਨਾਲ ਹੀ ਆਉਣ ਵਾਲਾ ਫਲ ਵੀ ਉੱਲੀ ਰੋਗਾਂ ਤੋਂ ਬਚੇਗਾ। ਖੱਟੀ ਲੱਸੀ ਇਕ ਵਧੀਆ ਵਾਧਾ ਵਧਾਊ (ਗ੍ਰੋਥ ਪ੍ਰਮੋਟਰ) ਹੈ। ਵਾਧੇ ਵਿਚ ਇਕਸਾਰਤਾ (ਗ੍ਰੋਥ ਰੈਗੂਲੇਟਰ) ਲਿਆਉਣ ਵਿਚ ਖੱਟੀ ਲੱਸੀ ਦਾ ਕੋਈ ਸਾਨੀ ਨਹੀਂ।
ਪਾਥੀਆਂ ਦਾ ਪਾਣੀ
ਇਕ ਸਾਲ ਪੁਰਾਣੀਆਂ ਪਾਥੀਆਂ ਜੋ ਮੀਂਹ ਆਦਿ ਵਿਚ ਕਦੀ ਨਾ ਭਿੱਜੀਆਂ ਹੋਣ, ਬਹੁਤ ਕੰਮ ਦੀ ਵਸਤੂ ਹਨ। ਇਕ ਬਾਲਗ ਫਲਦਾਰ ਬੂਟੇ ਲਈ ਇਕ ਜਾਂ ਅੱਧੀ ਪਾਥੀ ਹੀ ਬਹੁਤ ਹੈ। ਇਕ ਪਾਥੀ ਨੂੰ ਥੋੜ੍ਹੇ ਪਾਣੀ ਵਿਚ 4 ਦਿਨ ਭਿਉਂ ਕੇ ਰੱਖੋ। ਪੰਜਵੇਂ ਦਿਨ ਇਹ ਪਾਣੀ 15 ਲੀਟਰ ਹੋਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰੋ। ਇਸ ਦਾ ਇਕ ਛਿੜਕਾਅ ਫੁੱਲ ਆਉਣ ਤੋਂ ਪਹਿਲਾਂ ਅਤੇ ਇਕ ਫੁੱਲ ਆਉਣ ਤੋਂ ਬਾਅਦ ਕਰੋ। ਪਹਿਲੇ ਛਿੜਕਾਅ ਨਾਲ ਭਰਪੂਰ ਫੁੱਲ ਆਉਣਗੇ। ਦੂਜੇ ਛਿੜਕਾਅ ਨਾਲ ਜ਼ਿਆਦਾਤਰ ਫੁੱਲ ਕਾਇਮ ਰਹਿ ਕੇ ਫਲ ਬਣਨਗੇ। ਪਾਥੀਆਂ ਦੇ ਪਾਣੀ ਵਿਚ ਜਿਬਰੇਲਿਕ ਐਸਿਡ ਨਾਂਅ ਦਾ ਤੇਜ਼ਾਬ ਪਾਇਆ ਜਾਂਦਾ ਹੈ ਜੋ ਕਿ ਕੁਦਰਤ ਵੱਲੋਂ ਦਿੱਤਾ ਗਿਆ ਮੁਫਤ ਦਾ ਗ੍ਰੋਥ ਪ੍ਰਮੋਟਰ ਅਤੇ ਗ੍ਰੋਥ ਰੈਗੂਲੇਟਰ ਹੈ। ਬਾਜ਼ਾਰ ਵਿਚ 40-50 ਹਜ਼ਾਰ ਰੁਪਏ ਪ੍ਰਤੀ ਲਿਟਰ ਵਿਕਣ ਵਾਲਾ ਜਿਬਰੇਲਿਕ ਐਸਿਡ ਪਾਥੀਆਂ ਵਿਚ ਕੁਦਰਤੀ ਰੂਪ ਵਿਚ ਪਾਇਆ ਜਾਂਦਾ ਹੈ।
ਇਕ ਲਿਟਰ ਖੱਟੀ ਲੱਸੀ ਅਤੇ ਇਕ ਲਿਟਰ ਪਾਥੀਆਂ ਦਾ ਪਾਣੀ 15 ਲਿਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰਨ ਨਾਲ ਮੱਛਰ ਅਤੇ ਤੇਲੇ ਦੀ ਰੋਕਥਾਮ ਹੋ ਜਾਂਦੀ ਹੈ। ਇਸ ਨਾਲ ਫਲਾਂ ਦੀ ਰੰਗਤ ਵਿਚ ਚਮਤਕਾਰੀ ਵਾਧਾ ਹੁੰਦਾ ਹੈ। ਇਸ ਮਿਸ਼ਰਣ (ਖੱਟੀ ਲੱਸੀ+ਪਾਥੀਆਂ ਦਾ ਪਾਣੀ) ਦੇ ਕਣਕ ਅਤੇ ਝੋਨੇ ਅਤੇ ਹੋਰ ਫ਼ਸਲਾਂ ਉੱਪਰ ਵੀ ਚਮਤਕਾਰੀ ਅਸਰ ਵੇਖੇ ਗਏ ਹਨ। ਇਸ ਨਾਲ ਪੀਲੀ ਕੁੰਗੀ, ਕਾਂਗਿਆਰੀ ਅਤੇ ਤੇਲੇ ਆਦਿ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਗਰਮੀਆਂ ਵਾਲੇ ਫਲਾਂ (ਕਿਨੂੰ, ਆੜੂ, ਅੰਬ ਆਦਿ) ਉੱਪਰ ਇਹ ਛਿੜਕਾਅ ਹੁੰਦੇ ਰਹਿਣੇ ਚਾਹੀਦੇ ਹਨ। ਪਾਣੀ ਲਾਉਣ ਸਮੇਂ ਗੁੜਜਲ ਅੰਮ੍ਰਿਤ ਵੀ ਜੇਕਰ ਪਾਇਆ ਜਾਵੇ ਤਾਂ ਫਲ ਸੁੱਕ ਕੇ ਝੜਨ ਦੀ ਸਮੱਸਿਆ ਤੋਂ ਵੀ ਨਿਜਾਤ ਮਿਲ ਜਾਵੇਗੀ।
ਇਹ ਘਰੇਲੂ ਜਿਹੀਆਂ ਲੱਗਣ ਵਾਲੀਆਂ ਜੁਗਤਾਂ ਏਨੇ ਚਮਤਕਾਰ ਕਰ ਸਕਦੀਆਂ ਹਨ ਕਿ ਤੁਸੀਂ ਹੈਰਾਨ ਰਹਿ ਜਾਵੋਗੇ। ਪਰ ਪਤਾ ਨਹੀਂ ਕਿਉਂ ਆਪਾਂ ਸਾਰੇ ਬਾਜ਼ਾਰ ਤੋਂ ਮਿਲਣ ਵਾਲੇ ਖਤਰਨਾਕ ਜ਼ਹਿਰਾਂ ਉੱਪਰ ਹੀ ਟੇਕ ਲਾਈ ਬੈਠੇ ਹਾਂ। ਪੂੰਜੀਵਾਦ ਦੇ ਅਨੇਕਾਂ ਅਨੇਕ ਔਗੁਣਾਂ ਵਿਚੋਂ ਇਹ ਵੀ ਇਕ ਹੈ ਕਿ ਅਸੀਂ ਆਪਣੀ ਬਿਮਾਰੀ ਰੂਪੀ ਮੌਤ ਆਪ ਖਰੀਦ ਕੇ ਘਰ ਲਿਆਉਂਦੇ ਹਾਂ। ਚਾਹੇ ਤਾਂ ਉਹ ਫਲਾਂ ਉੱਪਰ ਛਿੜਕਾਅ ਲਈ ਜ਼ਹਿਰ ਹੋਣ ਜਾਂ ਬਾਜ਼ਾਰੋਂ ਲਿਆਂਦੇ ਜ਼ਹਿਰ ਨਾਲ ਭਰੇ ਫਲ ਹੋਣ, ਅੱਖਾਂ ਮੀਟੀ ਵਰਤੀ ਜਾ ਰਹੇ ਹਾਂ। ਚਾਹੀਦਾ ਤਾਂ ਇਹ ਹੈ ਕਿ ਜਿਸ ਵੀਰ-ਭੈਣ ਦੇ ਘਰ 2-4 ਫੁੱਟ ਥਾਂ ਵੀ ਕੱਚਾ ਹੈ, ਉਹ ਫਲਦਾਰ ਬੂਟਾ ਜ਼ਰੂਰ ਲਾਵੇ। ਇਸ ਨਾਲ ਉਸ ਦੇ ਇਨਸਾਨੀਅਤ ਪ੍ਰਤੀ ਅਤੇ ਕੁਦਰਤ ਪ੍ਰਤੀ ਫਰਜ਼ਾਂ ਦੀ ਪੂਰਤੀ ਹੋਵੇਗੀ। ਪਰ ਅਸੀਂ ਅਜਿਹੀ ਅਜੀਬ ਖੜੋਤ ਦਾ ਸ਼ਿਕਾਰ ਹਾਂ ਕਿ ਸਭ ਕੁਝ ਜਾਣਦੇ-ਬੁਝਦੇ ਵੀ ਕੁਝ ਉਸਾਰੂ ਨਹੀਂ ਕਰ ਪਾ ਰਹੇ। ਇਸ ਲਈ ਬੇਨਤੀ ਹੈ ਕਿ ਫਲਦਾਰ ਬੂਟੇ ਘਰਾਂ, ਬਗੀਚਿਆਂ, ਜਨਤਕ ਥਾਵਾਂ ਵਿਚ ਪਹਿਲ ਦੇ ਆਧਾਰ ਉਤੇ ਲਾਈਏ। ਉਨ੍ਹਾਂ ਨੂੰ ਕੁਦਰਤੀ ਢੰਗ ਨਾਲ ਪਾਲੀਏ। ਫਲ ਆਉਣ ਵੇਲੇ ਕੁਦਰਤੀ ਜੁਗਤਾਂ ਨਾਲ ਸਾਂਭੀਏ ਤਾਂ ਜੋ ਕੁਦਰਤ ਸਾਡੇ ਆਸ-ਪਾਸ ਸਾਂਭੀ ਰਹੇ। ਤਾਂ ਜੋ ਸਾਡੇ ਬੱਚੇ ਕੁਦਰਤੀ ਵਾਤਾਵਰਨ ਵਿਚ ਚਾਰ ਸਾਹ ਸੁਖਾਵੇਂ ਲੈ ਸਕਣ।
ਮਨਭਾਵਨ ਸਿੰਘ
-ਸਕੱਤਰ ਖੇਤੀ ਵਿਰਾਸਤ ਮਿਸ਼ਨ।
ਮੋਬਾਈਲ : 94179-47716.
(source Ajit)