ਬਿਲਾਵਲੁ ਮਹਲਾ ੫ ॥ ਰੋਗੁ ਮਿਟਾਇਆ ਆਪਿ ਪ੍ਰਭਿ ਉਪਜਿਆ ਸੁਖੁ ਸਾਂਤਿ ॥ ਵਡ ਪਰਤਾਪੁ ਅਚਰਜ ਰੂਪੁ ਹਰਿ ਕੀਨ੍ਹ੍ਹੀ ਦਾਤਿ ॥੧॥ ਗੁਰਿ ਗੋਵਿੰਦਿ ਕ੍ਰਿਪਾ ਕਰੀ ਰਾਖਿਆ ਮੇਰਾ ਭਾਈ ॥ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ॥੧॥ ਰਹਾਉ ॥ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥ ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥੧੩॥੭੭॥ {ਅੰਗ 819}
ਪਦਅਰਥ: ਪ੍ਰਭਿ—ਪ੍ਰਭੂ ਨੇ। ਉਪਜਿਆ—ਪੈਦਾ ਹੋਇਆ। ਵਡ ਪਰਤਾਪੁ—ਵੱਡੇ ਪਰਤਾਪ ਵਾਲਾ। ਅਚਰਜ ਰੂਪੁ—ਅਚਰਜ ਸਰੂਪ ਵਾਲਾ।੧।
ਗੁਰਿ—ਗੁਰੂ ਨੇ। ਗੋਬਿੰਦ—ਗੋਬਿੰਦ ਨੇ। ਭਾਈ—ਪਿਆਰਾ। ਤਿਸ ਕੀ—{ਲਫ਼ਜ਼ ‘ਤਿਸੁ’ ਦੇ ਅੱਖਰ ‘ਸ’ ਦਾ ਸੰਬੰਧਕ ‘ਕੀ’ ਦੇ ਕਾਰਨ ਉੱਡ ਗਿਆ ਹੈ}। ਸਹਾਈ—ਸਹਾਇਤਾ ਕਰਨ ਵਾਲਾ।੧।
ਬਿਰਥੀ—ਵਿਅਰਥ, ਫਲ—ਹੀਨ। ਹੋਵਈ—ਹੋਵਏ, ਹੋਵੈ, ਹੁੰਦੀ। ਜਨ—ਸੇਵਕ। ਜੋਰੁ—ਬਲ, ਤਾਣ, ਆਸਰਾ। ਗੁਣ ਤਾਸਿ—ਗੁਣਾਂ ਦਾ ਖ਼ਜ਼ਾਨਾ।੨।
ਅਰਥ: ਹੇ ਭਾਈ! ਮੈਂ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਲਿਆ ਹੋਇਆ ਹੈ, ਜੋ ਸਦਾ ਸਹਾਇਤਾ ਕਰਨ ਵਾਲਾ ਹੈ। (ਵੇਖੋ, ਉਸ ਦੀ ਮੇਹਰ ਕਿ) ਗੁਰੂ ਨੇ ਪਰਮਾਤਮਾ ਨੇ (ਹੀ ਮੇਰੇ ਉੱਤੇ) ਕਿਰਪਾ ਕੀਤੀ ਹੈ, ਮੇਰੇ ਪਿਆਰੇ ਨੂੰ (ਹੱਥ ਦੇ ਕੇ) ਬਚਾ ਲਿਆ ਹੈ।੧।ਰਹਾਉ।
ਹੇ ਭਾਈ! ਉਹ ਪਰਮਾਤਮਾ ਵੱਡੇ ਪਰਤਾਪ ਵਾਲਾ ਹੈ, ਅਚਰਜ ਸਰੂਪ ਵਾਲਾ ਹੈ, ਉਸੇ ਨੇ ਹੀ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ। ਪ੍ਰਭੂ ਨੇ ਆਪ ਹੀ (ਮੇਰੇ ਪਿਆਰੇ ਦਾ) ਰੋਗ ਦੂਰ ਕੀਤਾ ਹੈ, (ਉਸੇ ਦੀ ਮੇਹਰ ਨਾਲ) ਸੁਖ ਮਿਲਿਆ ਹੈ ਸ਼ਾਂਤੀ ਮਿਲੀ ਹੈ।੧।
ਹੇ ਨਾਨਕ! (ਆਖ-ਹੇ ਭਾਈ! ਪ੍ਰਭੂ ਦੇ ਦਰ ਦੇ ਹੀ ਸੇਵਕ ਬਣੇ ਰਹੋ) ਸੇਵਕ ਦੀ ਅਰਜ਼ੋਈ ਕਦੇ ਖ਼ਾਲੀ ਨਹੀਂ ਜਾਂਦੀ (ਪ੍ਰਭੂ ਜ਼ਰੂਰ ਸਹਾਇਤਾ ਕਰਦਾ ਹੈ, ਤੇ, ਰੋਗ ਆਦਿਕਾਂ ਤੋਂ ਆਪ ਹੀ ਬਚਾਂਦਾ ਹੈ)। ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ। ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਹੈ।੨।੧੩।੭੭।