ਖੇਤੀਬਾੜੀ ਵਿਚ ਜ਼ਹਿਰਾਂ ਦੀ ਵੱਧ ਵਰਤੋਂ ਮਨੁੱਖੀ ਸਿਹਤ ਲਈ ਖ਼ਤਰਾ

56

ਪੰਜਾਬ ਦੇ ਬਹੁਤੇ ਲੋਕ ਪੂਰੀ ਤਰ੍ਹਾਂ ਨਾਲ ਖੇਤੀਬਾੜੀ ਉਤੇ ਨਿਰਭਰ ਹਨ। ਵੱਧ ਤੋਂ ਵੱਧ ਖੇਤੀ ਦੇ ਟੀਚੇ ਨਿਰਧਾਰਤ ਹੋਣ ਲੱਗ ਪਏ ਹਨ ਅਤੇ ਹਰ ਕਿਸਾਨ ਦੂਜੇ ਕਿਸਾਨ ਤੋਂ ਵੱਧ ਖੇਤੀ ਉਤਪਾਦਨ ਕਰਨ ਦੀ ਦੌੜ ਵਿਚ ਹੈ। ਖੇਤੀ ਉਤਪਾਦਨ ਦੇ ਟੀਚੇ ਦਿਨ ਪ੍ਰਤੀ ਦਿਨ ਵਧ ਰਹੇ ਹਨ। ਖੇਤੀਬਾੜੀ ਨੂੰ ਵਪਾਰਕ ਪੱਧਰ ‘ਤੇ ਕਰਦੇ-ਕਰਦੇ ਅਤੇ ਆਪਣੀ ਆਮਦਨ ਵਿਚ ਵਾਧਾ ਕਰਨ ਲਈ ਕਿਸਾਨ ਨੇ ਆਪਣੀ ਫਸਲ ਦਾ ਵੱਧ ਝਾੜ ਲੈਣ ਲਈ ਖੇਤਾਂ ਵਿਚ ਲੋੜ ਤੋਂ ਵੱਧ ਜ਼ਿਆਦਾ ਜ਼ਹਿਰਾਂ ਅਤੇ ਖਾਦਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਬਿਨਾਂ ਖੇਤੀ ਮਾਹਿਰਾਂ ਦੀ ਸਿਫਾਰਸ਼ ਅਤੇ ਬਿਨਾਂ ਜ਼ਰੂਰਤ ਦੇ ਇਨ੍ਹਾਂ ਜ਼ਹਿਰਾਂ ਅਤੇ ਖਾਦਾਂ ਦੀ ਵਰਤੋਂ ਕਰਕੇ ਖੇਤੀ ਉਤਪਾਦਾਂ ਜਿਨ੍ਹਾਂ ਨੂੰ ਅਸੀਂ ਰੋਜ਼ ਦੇ ਜੀਵਨ ਵਿਚ ਖਾਣ-ਪੀਣ ਲਈ ਵਰਤਦੇ ਹਾਂ, ਉਹ ਉਤਪਾਦ ਇਕ ਕਿਸਮ ਦਾ ਜ਼ਹਿਰ ਬਣ ਚੁੱਕੇ ਹਨ। ਕੁਝ ਕਿਸਾਨ ਇਨ੍ਹਾਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਦੇ ਤੇ ਹਨ ਪਰ ਇਨ੍ਹਾਂ ਦੀ ਵਰਤੋਂ ਕਰਨ ਦਾ ਢੰਗ ਬਿਲਕੁਲ ਗ਼ਲਤ ਹੁੰਦਾ ਹੈ। ਕਈ ਵਾਰ ਇਨ੍ਹਾਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਦਾ ਸਮਾਂ ਵੀ ਸਹੀ ਨਹੀਂ ਹੁੰਦਾ। ਇਸ ਨਾਲ ਫਸਲ ਦੇ ਦੁਸ਼ਮਣ ਕੀੜਿਆਂ ਦੇ ਨਾਲ-ਨਾਲ ਸਾਡੇ ਕੁਝ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਜੋ ਸਾਡੇ ਵਾਤਾਵਰਨ ਨੂੰ ਸਾਫ਼ ਅਤੇ ਸ਼ੁੱਧ ਕਰਨ ਵਿਚ ਬਹੁਤ ਸਹਾਈ ਸਿੱਧ ਹੁੰਦੇ ਹਨ। ਲੋੜ ਤੋਂ ਜ਼ਿਆਦਾ ਕੀੜੇਮਾਰ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਦਾ ਸਾਡੇ ਵਾਤਾਵਰਨ ਅਤੇ ਸਾਡੀ ਸਿਹਤ ਉਤੇ ਇਕ ਖਤਰਨਾਕ ਪ੍ਰਭਾਵ ਪੈਂਦਾ ਹੈ। ਜਿਥੋਂ ਤੱਕ ਕੀੜੇ-ਮਕੌੜਿਆਂ ਦੀ ਗੱਲ ਹੈ ਉਨ੍ਹਾਂ ਦੀ ਵੀ ਸਹਿਣਸ਼ੀਲਤਾ ਬਹੁਤ ਵਧ ਗਈ ਹੈ। ਹੁਣ ਦਵਾਈਆਂ ਦਾ ਉਨ੍ਹਾਂ ਉਤੇ ਲਮੇਂ ਸਮੇਂ ਤੱਕ ਅਸਰ ਨਹੀਂ ਰਹਿੰਦਾ। ਇਸ ਲਈ ਹਰ ਕਿਸਾਨ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਵਧ ਤਾਕਤ ਵਾਲੀਆਂ ਦਵਾਈਆਂ ਦੀ ਵਧੇਰੇ ਵਰਤੋਂ ਕਰੇ, ਤਾਂ ਜੋ ਆਪਣੀ ਫਸਲ ਦਾ ਚੰਗਾ ਝਾੜ ਲੈ ਸਕੇ। ਜਿਥੇ ਇਹ ਦਵਾਈਆਂ ਜ਼ਮੀਨ ਵਿਚ ਵੀ ਵਧ ਜਜ਼ਬ ਹੋ ਰਹੀਆਂ ਹਨ ਉਥੇ ਹੀ ਇਸ ਨਾਲ ਧਰਤੀ ਹੇਠਲਾ ਪਾਣੀ ਸਾਡੀ ਹਵਾ ਅਤੇ ਇਥੋਂ ਤੱਕ ਖੇਤੀ ਉਤਪਾਦਾਂ ਵਿਚ ਵੀ ਇਸ ਜ਼ਹਿਰ ਦੇ ਅੰਸ਼ਾਂ ਦੀ ਮੌਜੂਦਗੀ ਪਾਈ ਜਾ ਰਹੀ ਹੈ। ਇਨ੍ਹਾਂ ਜ਼ਹਿਰੀਲੀਆਂ ਖੇਤੀ ਜਿਣਸਾਂ ਨੂੰ ਖਾਣ ਨਾਲ ਸਾਨੂੰ ਬਹੁਤ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿਹਤ ਸਬੰਧੀ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਖੇਤੀਬਾੜੀ ਵਿਚ ਵਰਤੀਆਂ ਜਾਣ ਵਾਲੀਆਂ ਕੀੜੇਮਾਰ ਦਵਾਈਆਂ ਅਤੇ ਬੇਲੋੜੀਆਂ ਖਾਦਾਂ ਸਾਡੇ ਸਰੀਰ ਅੰਦਰ ਜਾ ਕੇ ਕੈਂਸਰ, ਚਮੜੀ ਦੇ ਰੋਗ, ਸਾਹ ਦੀਆਂ ਬਿਮਾਰੀਆਂ ਅਤੇ ਅੱਖਾਂ ਦੇ ਰੋਗਾਂ ਆਦਿ ਨੂੰ ਜਨਮ ਦੇ ਰਹੀਆਂ ਹਨ। ਪੰਜਾਬ ਦੇ ਬਹੁਤ ਸਾਰੇ ਲੋਕ ਅਜਿਹੇ ਰੋਗਾਂ ਤੋਂ ਪ੍ਰਭਾਵਿਤ ਹਨ। ਇਨ੍ਹਾਂ ਜਾਨ-ਲੇਵਾ ਬਿਮਾਰੀਆਂ ਸਦਕਾ ਬਹੁਤ ਸਾਰੇ ਲੋਕ ਹਰ ਰੋਜ਼ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਨ੍ਹਾਂ ਬਿਮਾਰੀਆਂ ਦਾ ਇਲਾਜ ਵੀ ਇੰਨਾ ਮਹਿੰਗਾ ਹੈ ਕਿ ਪੰਜਾਬ ਦੇ ਬਹੁਤੇ ਲੋਕਾਂ ਦੀ ਤਾਂ ਪਹੁੰਚ ਤੋਂ ਬਹੁਤ ਜ਼ਿਆਦਾ ਦੂਰ ਹੈ। ਪਿਆਰੇ ਕਿਸਾਨ ਵੀਰੋ! ਅੱਜ ਹੀ ਵੇਲਾ ਹੈ ਕਿ ਅਸੀਂ ਆਪਣੇ ਥੋੜ੍ਹੇ ਜਿਹੇ ਸੁਆਰਥ ਦੇ ਕਰਕੇ ਲੱਖਾਂ ਲੋਕਾਂ ਦੀ ਜ਼ਿੰਦਗੀ ਨਾਲ ਖੇਡਣਾ ਬੰਦ ਕਰ ਦੇਈਏ। ਜੈਵਿਕ ਖੇਤੀ ਵੱਲ ਆਈਏ। ਕੁਦਰਤੀ ਖਾਦਾਂ ਦੀ ਵਰਤੋਂ ਕਰੀਏ ਅਤੇ ਕੁਦਰਤੀ ਢੰਗਾਂ ਦੇ ਨਾਲ ਹੀ ਫ਼ਸਲਾਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਇਲਾਜ ਕਰੀਏ। ਖੇਤੀ ਮਾਹਿਰਾਂ ਦੀ ਜੈਵਿਕ ਖੇਤੀ ਬਾਰੇ ਪੂਰੀ ਜਾਣਕਾਰੀ ਹਾਸਲ ਕਰਕੇ ਖੇਤੀ ਦੀ ਨੁਹਾਰ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦੇਈਏ। ਇਨ੍ਹਾਂ ਜ਼ਹਿਰਾਂ ਦੇ ਕਰਕੇ ਸਾਡੀ ਜ਼ਮੀਨ, ਹਵਾ, ਪਾਣੀ ਅਤੇ ਸਭ ਕੁਝ ਜ਼ਹਿਰੀਲਾ ਹੋ ਰਿਹਾ ਹੈ। ਜੋ ਕੁਝ ਅਸੀਂ ਖਾ ਰਹੇ ਹਾਂ ਉਹ ਸਭ ਜ਼ਹਿਰ ਬਣਦਾ ਜਾ ਰਿਹਾ ਹੈ। ਜ਼ਹਿਰੀਲੀ ਜ਼ਮੀਨ ਵਿਚ ਪੈਦਾ ਕੀਤੇ ਚਾਰੇ ਅਸੀਂ ਜਿਨ੍ਹਾਂ ਪਸ਼ੂਆਂ ਨੂੰ ਦੇ ਰਹੇ ਹਾਂ ਉਸ ਨਾਲ ਉਹ ਪਸ਼ੂ ਵੀ ਜ਼ਹਿਰੀਲੇ ਹੋ ਰਹੇ ਹਨ ਅਤੇ ਇਸ ਨਾਲ ਉਨ੍ਹਾਂ ਤੋਂ ਦੁੱਧ-ਮਾਸ ਵੀ ਜ਼ਹਿਰ ਦੇ ਰੂਪ ਵਿਚ ਹੀ ਮਿਲ ਰਿਹਾ ਹੈ। ਅਸੀਂ ਖੇਤੀ ਕਰਕੇ ਜੋ ਵੀ ਕੁਝ ਪੈਦਾ ਕਰ ਰਹੇ ਹਾਂ ਉਹ ਸਭ ਸਾਡੇ ਸਰੀਰ ਲਈ ਇਕ ਜ਼ਹਿਰ ਹੈ, ਜੋ ਸਾਡੇ ਸਰੀਰਾਂ ਨੂੰ ਹੌਲੀ-ਹੌਲੀ ਮੌਤ ਦੇ ਬਹੁਤ ਨੇੜੇ ਲਈ ਜਾ ਰਿਹਾ ਹੈ। ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿੱਤਾ ਸਭ ਤੋਂ ਅਨਮੋਲ ਤੋਹਫ਼ਾ ਹੋਵੇਗਾ ਕਿ ਅਸੀਂ ਕੀੜੇਮਾਰ ਦਵਾਈਆਂ ਅਤੇ ਖਾਦਾਂ ਤੋਂ ਰਹਿਤ ਖੇਤੀਯੋਗ ਜ਼ਮੀਨ ਉਨ੍ਹਾਂ ਨੂੰ ਦਈਏ ਅਤੇ ਆਉਣ ਵਾਲੇ ਭਵਿੱਖ ਨੂੰ ਚੰਗੀ ਅਤੇ ਮਿਆਰੀ ਸਿਹਤ ਪ੍ਰਦਾਨ ਕਰੀਏ।

ਦਿਨੇਸ਼ ਦਮਾਥੀਆ
-ਜਸਵੰਤ ਨਗਰ, ਜਲੰਧਰ।Pesticides