ਫ਼ਸਲੀ ਵਿਭਿੰਨਤਾ ਲਈ ਅਹਿਮ ਹੈ ਬਾਸਮਤੀ ਦੀ ਕਾਸ਼ਤ

67

images
ਪੰਜਾਬ ‘ਚ ਕਪਾਹ ਪੱਟੀ ਨੂੰ ਛੱਡ ਕੇ ਬਾਕੀ ਇਲਾਕਿਆਂ ‘ਚ ਕਿਸਾਨਾਂ ਨੂੰ ਝੋਨੇ ਦਾ ਕੋਈ ਅਜਿਹਾ ਬਦਲ ਜੋ ਸਾਉਣੀ ‘ਚ ਝੋਨੇ ਜਿੰਨਾ ਮੁਨਾਫ਼ਾ ਦੇ ਦੇਵੇ ਨਾ ਉਪਲੱਬਧ ਕੀਤੇ ਜਾਣ ਕਾਰਨ ਕਿਸਾਨਾਂ ਦੀ ਰੁਚੀ ਇਸ ਸਾਉਣੀ ‘ਚ ਵੀ ਝੋਨੇ ਦੀ ਕਾਸ਼ਤ ਵੱਲ ਹੀ ਬਣੀ ਰਹਿਣ ਦੀ ਸੰਭਾਵਨਾ ਹੈ। ਸਬਜ਼ ਇਨਕਲਾਬ ਦੇ ਮੋਢੀ ਤੇ ਭਾਰਤ ਦੇ ਵਿਸ਼ਵ-ਪ੍ਰਸਿੱਧ ਖੇਤੀ ਵਿਗਿਆਨੀ ਡਾ: ਐਮ. ਐਸ. ਸਵਾਮੀਨਾਥਨ ਨੇ ਸੁਝਾਅ ਦਿੱਤਾ ਸੀ ਕਿ ਰਾਜ ਦੇ ਕਿਸਾਨ ਬਾਸਮਤੀ ਦੀ ਕਾਸ਼ਤ ਅਪਨਾਉਣ ਜਿਸ ਦੀ ਪਾਣੀ ਦੀ ਲੋੜ ਝੋਨੇ ਨਾਲੋਂ ਘੱਟ ਹੈ ਅਤੇ ਜਿਸ ਦੇ ਬੀਜਿਆਂ ਜ਼ਮੀਨ ਦੀ ਸ਼ਕਤੀ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੀ। ਫੇਰ ਜ਼ਮੀਨ ਦੀ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਕਣਕ ਵੱਢ ਕੇ ਬਾਸਮਤੀ ਲਾਉਣ ਤੋਂ ਪਹਿਲਾਂ ਕਿਸਾਨ ਗਰਮੀ ਦੀ ਰੁੱਤ ਦੀ ਮੂੰਗੀ ਦੀ ਫ਼ਸਲ ਲੈ ਕੇ ਆਪਣੇ ਮੁਨਾਫੇ ‘ਚ ਇਜ਼ਾਫ਼ਾ ਕਰ ਸਕਦੇ ਹਨ।
ਇਸ ਸਾਲ ਵੀ ਕਿਸਾਨਾਂ ਨੂੰ ਝੋਨੇ ਦੀ ਕੋਈ ਸਫ਼ਲ ਕਿਸਮ ਸਿਵਾਏ ਪੂਸਾ 44 ਤੋਂ ਨਜ਼ਰ ਨਹੀਂ ਆਉਂਦੀ। ਪੀ. ਆਰ. 121 ਤੇ 122 ਸਬੰਧੀ ਕਿਸਾਨਾਂ ਦਾ ਮਿਲਵਾਂ-ਜੁਲਵਾਂ ਪ੍ਰਤੀਕਰਮ ਹੈ। ਤਿੰਨੇ ਕਿਸਮਾਂ ਦੀ ਪਾਣੀ ਦੀ ਲੋੜ ਵੱਧ ਹੈ। ‘ਸੁਪਰਫਾਈਨ’ ਸ਼੍ਰੇਣੀ ‘ਚ ਹੋਣ ਕਾਰਨ ਅਤੇ ਸਰਕਾਰੀ ਖਰੀਦ ਹੋਣ ਕਾਰਨ ਇਹ ਕਿਸਮਾਂ ਕਿਸਾਨਾਂ ਦੀ ਖਿੱਚ ਬਣੀਆਂ ਹੋਈਆਂ ਹਨ। ਪਰ ਇਨ੍ਹਾਂ ਕਿਸਮਾਂ ਦੀ ਪਾਣੀ ਦੀ ਲੋੜ ਵੱਧ ਹੋਣ ਕਾਰਨ ਰਾਜ ਨੂੰ ਦਰਪੇਸ਼ ਪਾਣੀ ਸੰਕਟ ਹੱਲ ਕਰਨ ਲਈ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਦੀ ਲੋੜ ਹੈ। ਇਸ ਸੰਦਰਭ ਵਿਚ ਕਿਸਾਨ ਬਾਸਮਤੀ 1509 ਨੂੰ ਤਰਜੀਹ ਦੇ ਸਕਦੇ ਹਨ। ਉਨ੍ਹਾਂ ਲਈ ਇਸ ਕਿਸਮ ਦਾ ਖਾਲਸ ਬੀਜ ਹਾਸਲ ਕਰਨ ਦੀ ਵੀ ਸਮੱਸਿਆ ਹੈ। ਕਿਸਾਨਾਂ ਦਾ ਵਿਸ਼ਵਾਸ ਨਿੱਜੀ ਖੇਤਰ ਦੀਆਂ ਦੁਕਾਨਾਂ ਤੇ ਵਿਕਰੇਤਾਵਾਂ ‘ਤੇ ਹਿੱਲ ਚੁੱਕਿਆ ਹੈ। ਪਿਛਲੇ ਸਾਲ ਕਈ ਥਾਵਾਂ ‘ਤੇ ਬੜਾ ਨਕਲੀ ਬੀਜ ਵਿਕਿਆ। ਹੁਣ ਬਹੁਤੇ ਕਿਸਾਨ ‘ਮੇਲਿਆਂ ‘ਚੋਂ ਸ਼ੁੱਧ ਬੀਜ ਖਰੀਦਣ ਦੀ ਰੁਚੀ ਰੱਖਦੇ ਹਨ। ‘ ਬਾਸਮਤੀ ਦੀਆਂ ਜੋ ਕਿਸਮਾਂ ਪੰਜਾਬ ‘ਚ ਕਾਸ਼ਤ ਕੀਤੀਆਂ ਜਾਂਦੀਆਂ ਹਨ ਉਹ ਇਸ ਪ੍ਰਕਾਰ ਹਨ –
ਪੂਸਾ ਪੰਜਾਬ ਬਾਸਮਤੀ 1509 : ਇਹ ਨਵੀਂ ਕਿਸਮ ਹੈ, ਜਿਸ ਦਾ ਚੌਲ ਪੂਸਾ ਬਾਸਮਤੀ-1121 ਨਾਲੋਂ ਵਧੀਆ ਹੈ। ਇਸ ਦਾ ਝਾੜ ਵੀ ਉਸ ਨਾਲੋਂ ਵੱਧ ਹੈ। ਇਸ ਨੂੰ 100 ਕਿਲੋ ਪ੍ਰਤੀ ਏਕੜ ਯੂਰੀਆ ਦਿੱਤਾ ਜਾ ਸਕਦਾ ਹੈ। ਇਹ ਢਹਿੰਦੀ ਨਹੀਂ ਅਤੇ ਆਸਾਨੀ ਨਾਲ ਕੰਬਾਈਨ ਨਾਲ ਕੱਟਣ ਦੇ ਯੋਗ ਹੈ। ਪੱਕਣ ਲਈ ਪੂਸਾ ਬਾਸਮਤੀ-1121 ਨਾਲੋਂ 25-30 ਦਿਨ ਘੱਟ ਲੈਂਦੀ ਹੈ। ਇਸ ਦੀ ਪਨੀਰੀ 20 ਜੂਨ ਤੋਂ 10 ਜੁਲਾਈ ਤੱਕ ਬੀਜੀ ਜਾ ਸਕਦੀ ਹੈ ਅਤੇ ਲੁਆਈ (ਟਰਾਂਸਪਲਾਂਟਿੰਗ) 15 ਜੁਲਾਈ ਤੋਂ 5 ਅਗਸਤ ਦੇ ਦੌਰਾਨ ਕਰਨਾ ਯੋਗ ਹੋਵੇਗਾ। ਖੇਤ ‘ਚ ਲਾਉਣ ਵੇਲੇ ਪਨੀਰੀ ਦੀ ਉਮਰ 20-25 ਦਿਨ ਤੋਂ ਵੱਧ ਨਹੀਂ ਹੋਣੀ ਚਾਹੀਦੀ। ਬੀਜ ਨੂੰ ਐਮੀਸਨ-6 (1 ਗ੍ਰਾਮ), ਬਾਵਿਸਟਨ (10 ਗ੍ਰਾਮ) ਤੇ ਸਟ੍ਰੈਪਟੋਸਾਈਕਲ (1 ਗ੍ਰਾਮ) ਨੂੰ ਪਾਣੀ ‘ਚ ਘੋਲ ਕੇ ਸੋਧ ਲੈਣਾ ਚਾਹੀਦਾ ਹੈ। ਦਵਾਈਆਂ ਦੀ ਇਹ ਖੁਰਾਕ 5 ਕਿਲੋ ਬੀਜ ਲਈ ਹੈ ਜੋ 1 ਏਕੜ ‘ਚ ਲਾਉਣ ਲਈ ਕਾਫ਼ੀ ਹੈ। ਬਰਾਮਦਕਾਰ ਇਸ ਕਿਸਮ ਦੀ ਖਰੀਦ ਕਰਨ ਲਈ ਉਤਾਵਲੇ ਹਨ। ਆਲ-ਇੰਡੀਆ ਰਾਈਸ ਐਕਸਪੋਰਟਰਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਵਿਜੇ ਸੇਤੀਆ ਨੇ ਇਸ ਨਵੀਂ ਕਿਸਮ ਦਾ ਚੌਲ ਪੂਸਾ ਬਾਸਮਤੀ-1121 ਨਾਲੋਂ ਵਧੀਆ ਦੱਸਿਆ ਹੈ। ਇਸ ਦੇ ਚੌਲ ਦੀ ਵਿਦੇਸ਼ ਮੰਡੀ ਵਿਚ ਵੀ ਵੱਧ ਕੀਮਤ ਪੈਣ ਦੀ ਸੰਭਾਵਨਾ ਹੈ। ਕਿਸਾਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਪ੍ਰਮਾਣਿਤ ਸੰਸਥਾਵਾਂ ਤੋਂ ਸ਼ੁੱਧ ਬੀਜ ਲੈਣ। ਨਕਲੀ ਬੀਜ ਦੀ ਕਾਸ਼ਤ ਕਰਕੇ ਉਨ੍ਹਾਂ ਨੂੰ ਇਸ ਦੇ ਮੰਡੀਕਰਨ ਵਿਚ ਵੀ ਮੁਸ਼ਕਿਲ ਪੇਸ਼ ਆਵੇਗੀ। ਭਾਰਤੀ ਖੇਤੀ ਖੋਜ ਸੰਸਥਾਨ ਦੇ ਡਾਇਰੈਕਟਰ ਡਾ: ਹਰੀ ਸ਼ੰਕਰ ਗੁਪਤਾ, ਸੰਯੁਕਤ ਡਾਇਰੈਕਟਰ (ਖੋਜ) ਡਾ: ਕੇ. ਵੀ. ਪ੍ਰਭੂ, ਬਰੀਡਰ ਡਾ: ਏ. ਕੇ. ਸਿੰਘ ਅਨੁਸਾਰ ਦੂਜੀਆਂ ਸਾਰੀਆਂ ਕਿਸਮਾਂ ਦੇ ਮੁਕਾਬਲੇ ਇਹ ਕਿਸਮ ਵੱਧ ਝਾੜ ਤੇ ਮੁਨਾਫਾ ਦੇਣ ਵਾਲੀ ਹੈ। ਥੋੜ੍ਹੇ ਸਮੇਂ 115-120 ਦਿਨ ‘ਚ ਪੱਕਣ ਵਾਲੀ ਇਹ ਕਿਸਮ ਕਿਸਾਨਾਂ ਦੇ ਪੱਖ ਤੋਂ ਸਭ ਤੋਂ ਵਧੀਆ ਹੈ, ਜਿਸ ਦਾ ਪ੍ਰਤੀ ਏਕੜ ਝਾੜ ਦੂਜੀਆਂ ਹੋਰ ਕਿਸਮਾਂ ਨਾਲੋਂ ਵੱਧ ਹੈ ਅਤੇ ਮੰਡੀ ‘ਚ ਭਾਅ ਵੀ ਉੱਚਾ ਮਿਲਦਾ ਹੈ। ਪਿਛਲੇ ਸਾਲ ਉਤਪਾਦਕਾਂ ਨੇ ਪੀ. ਬੀ. 1509 ਕਿਸਮ ਬੀਜ ਕੇ 1 ਲੱਖ ਰੁਪਏ ਏਕੜ ਤੱਕ ਦੀ ਵੱਟਤ ਕੀਤੀ। ਇਸ ਕਿਸਮ ਦਾ ਬੀਜ ਭਾਰਤੀ ਖੇਤੀ ਖੋਜ ਸੰਸਥਾਨ (ਪੂਸਾ) ਦਿੱਲੀ ਵਿਖੇ ਕੱਲ੍ਹ ਤੋਂ ਲੱਗ ਰਹੇ 26-28 ਫਰਵਰੀ ਕ੍ਰਿਸ਼ੀ ਵਿਗਿਆਨ ਮੇਲੇ ‘ਚ ਉਪਲੱਬਧ ਹੋਵੇਗਾ।
ਪੂਸਾ ਬਾਸਮਤੀ 1121 : ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਉਤਰਾਖੰਡ ‘ਚ ਸਿੰਚਾਈ ਵਾਲੇ ਇਲਾਕਿਆਂ ‘ਚ ਟਰਾਂਸਪਲਾਂਟ ਵਿਧੀ ਰਾਹੀਂ ਕਾਸ਼ਤ ਕਰਨ ਲਈ 2003 ‘ਚ ਰਿਲੀਜ਼ ਹੋਈ। ਔਸਤ ਝਾੜ 18 ਤੋਂ 22 ਕੁਇੰਟਲ ਪ੍ਰਤੀ ਏਕੜ ਹੈ। ਪੱਕ ਕੇ 145 ਦਿਨ ‘ਚ ਤਿਆਰ ਹੋ ਜਾਂਦੀ ਹੈ। ਚੌਲ ਪਤਲਾ ਤੇ ਲੰਮਾ (8 ਮ: ਮ:) ਹੈ ਜੋ ਪੱਕ ਕੇ 20 ਮ: ਮ: ਹੋ ਜਾਂਦਾ ਹੈ। ਤਰੌੜੀ ਬਾਸਮਤੀ ਨਾਲੋਂ ਵੀ ਸੁਆਦਲਾ ਬਣਦਾ ਹੈ।
ਪੂਸਾ 1460 (ਇਮਪਰੂਵਡ ਪੂਸਾ ਬਾਸਮਤੀ-1) : ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਉਤਰਾਖੰਡ ‘ਚ ਸਿੰਚਾਈ ਵਾਲੇ ਇਲਾਕਿਆਂ ‘ਚ ਕਾਸ਼ਤ ਕਰਨ ਲਈ 2007 ‘ਚ ਰਿਲੀਜ਼ ਹੋਈ। ਪ੍ਰਤੀ ਏਕੜ ਝਾੜ 22 ਤੋਂ 26 ਕੁਇੰਟਲ। ਪੂਸਾ ਬਾਸਮਤੀ 1 ਨਾਲੋਂ ਵਧੀਆ ਅਤੇ ਉਸ ਦੀ ਸੁਧਰੀ ਕਿਸਮ ਜਿਸ ਨੂੰ ‘ਬੈਕਟੀਰੀਅਲ ਲੀਫ਼ ਬਲਾਈਟ’ ਪੈਣ ਦੀ ਸੰਭਾਵਨਾ ਨਹੀਂ। ਲੱਛਣ ਪੂਸਾ ਬਾਸਮਤੀ-1 ਵਰਗੇ। ਲਗਭਗ 135-40 ਦਿਨਾਂ ‘ਚ ਪੱਕ ਕੇ ਤਿਆਰ ਹੋ ਜਾਂਦੀ ਹੈ।
ਪੂਸਾ 1401 (ਪੂਸਾ ਬਾਸਮਤੀ-6) : ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਉਤਰਾਖੰਡ ‘ਚ ਸਿੰਚਾਈ ਵਾਲੇ ਇਲਾਕਿਆਂ ‘ਚ ਟਰਾਂਸਪਲਾਂਟ ਵਿਧੀ ਰਾਹੀਂ ਕਾਸ਼ਤ ਕਰਨ ਲਈ ਸਾਲ 2008-09 ‘ਚ ਰਿਲੀਜ਼ ਹੋਈ। ਪ੍ਰਤੀ ਏਕੜ ਝਾੜ 22 ਤੋਂ 26 ਕੁਇੰਟਲ। ਅੱਧ-ਮੱਧਰੀ ਕਿਸਮ ਜੋ ਢਹਿੰਦੀ ਨਹੀਂ। ਇਸ ਦੇ ਚੌਲ ਇਕਸਾਰ ਹਨ ਤੇ ਪੱਕ ਕੇ ਜ਼ਾਇਕੇਦਾਰ ਬਣਦੇ ਹਨ। ਇਸ ਦੇ ਚੌਲਾਂ ਵਿਚ ਖੁਸ਼ਬੂ ਵੀ ਜ਼ਿਆਦਾ ਹੈ ਅਤੇ ਚਿੱਟੇ ਦਾਣੇ 4 ਪ੍ਰਤੀਸ਼ਤ ਤੋਂ ਵੀ ਘੱਟ ਹਨ। ਚੌਲ ਸ਼ੈਲਿੰਗ ‘ਚ ਟੁੱਟਦਾ ਨਹੀਂ। ਪੱਕਣ ਨੂੰ 150 ਦਿਨ ਲੈਂਦੀ ਹੈ। ਕੰਬਾਈਨ ਨਾਲ ਵੱਢੀ ਜਾ ਸਕਦੀ ਹੈ।
ਇਨ੍ਹਾਂ ਤੋਂ ਇਲਾਵਾ ਹੋਰ ਕਿਸਮਾਂ ਸੁਪਰ ਬਾਸਮਤੀ, ਬਾਸਮਤੀ 386, ਬਾਸਮਤੀ 370 ਅਤੇ ਸੀ. ਐਸ. ਆਰ. 30 ਅਤੇ ਤਰੌੜੀ ਬਾਸਮਤੀ ਵੀ ਹਨ।
ਪਿਛਲੇ ਸਾਲ ਪੰਜਾਬ ‘ਚ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਕੁੱਲ ਝੋਨੇ ਅਧੀਨ ਰਕਬੇ ਦੇ 24 ਪ੍ਰਤੀਸ਼ਤ ਦੇ ਲਗਭਗ ਸੀ। ਕਿਸਾਨਾਂ ਨੂੰ ਪਾਣੀ ਦੀ ਸਮੱਸਿਆ ਦੀ ਚੇਤਨਾ ਹੋਣ ਕਾਰਨ ਉਨ੍ਹਾਂ ‘ਚ ਬਾਸਮਤੀ ਦੀ ਕਾਸ਼ਤ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ। ਪਰ ਇਸ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਤੇ ਸਰਕਾਰ ਵੱਲੋਂ ਘੱਟੋ-ਘੱਟ ਸਹਾਇਕ ਕੀਮਤ ਨਾ ਮਿੱਥੇ ਜਾਣ ਕਾਰਨ ਕਿਸਾਨਾਂ ਨੂੰ ਭਾਅ ਦੇ ਮਾਮਲੇ ‘ਚ ਮੰਡੀ ਦੇ ਭਾਅ ਦੇ ਉਤਰਾਅ, ਚੜ੍ਹਾਅ ‘ਤੇ ਆਧਾਰਿਤ ਰਹਿਣਾ ਪੈਂਦਾ ਹੈ। ਪੰਜਾਬ ਸਰਕਾਰ ਨੇ ਇਸ ‘ਤੇ ਮੰਡੀ ਕਰ ਮੁਆਫ ਕਰਕੇ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਵਧਾਉਣ ਸਬੰਧੀ ਪ੍ਰਭਾਵਸ਼ਾਲੀ ਕਦਮ ਚੁੱਕਿਆ ਹੈ। ਕਿਸਾਨਾਂ ਨੂੰ ਵਧੀਆ ਭਾਅ ਦਵਾਉਣ ਲਈ ਪੰਜਾਬ ਸਰਕਾਰ ਨੂੰ ਦੂਜੇ ਰਾਜਾਂ ਤੋਂ ਆ ਕੇ ਖਰੀਦ ਕਰਨ ਵਾਲੇ ਵਪਾਰੀਆਂ ਨੂੰ ਵੀ ਇਹ ਕਰ ਮੁਆਫ ਕਰ ਦੇਣੇ ਚਾਹੀਦੇ ਹਨ।

ਭਗਵਾਨ ਦਾਸ
ਮੋਬਾ: 98152-36307
(source Ajit)