ਬਹਾਰ ਰੁੱਤ ਦੇ ਸੂਰਜਮੁਖੀ ਤੋਂ ਵੱਧ ਝਾੜ ਲੈਣ ਦੇ ਨੁਕਤੇ

123

431412__hai

ਸੂਰਜਮੁਖੀ ਦੀ ਫਸਲ ਤੋਂ ਜ਼ਿਆਦਾ ਝਾੜ ਲੈਣ ਲਈ ਕਿਸਾਨ ਵੀਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਤਕਨੀਕੀ ਗਿਆਨ ਨੂੰ ਇੰਨ੍ਹ-ਬਿੰਨ੍ਹ ਅਪਣਾਉਣਾ ਚਾਹੀਦਾ ਹੈ, ਜਿਸ ਬਾਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ:
ਉੱਨਤ ਦੋਗਲੀਆਂ ਕਿਸਮਾਂ: ਸੂਬੇ ਦੇ ਵਾਤਾਵਰਣ ਅਤੇ ਫਸਲੀ ਚੱਕਰਾਂ ਨੂੰ ਧਿਆਨ ਵਿਚ ਰੱਖਦੇ ਹੋਏ, ਸੂਰਜਮੁਖੀ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਅਤੇ ਵੱਧ ਝਾੜ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਇਨ੍ਹਾਂ ਵਿਚੋਂ 3 ਦੋਗਲੀਆਂ ਕਿਸਮਾਂ ਪੀ. ਐੱਸ. ਐੱਚ. 996, ਪੀ. ਐੱਸ. ਐੱਚ. 569 ਅਤੇ ਪੀ. ਐੱਸ. ਐੱਚ. ਐੱਫ. 118 ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਵਿਕਸਿਤ ਕੀਤੀਆਂ ਗਈਆਂ ਹਨ ਅਤੇ ਦੋ ਕਿਸਮਾਂ (ਡੀ.ਕੇ. 3849 ਅਤੇ ਐੱਸ.ਐੱਚ. 3322) ਪ੍ਰਾਈਵੇਟ ਬੀਜ ਕੰਪਨੀਆਂ ਦੁਆਰਾ ਵਿਕਸਿਤ ਕੀਤੀਆਂ ਗਈਆਂ ਹਨ। ਪੀ. ਐੱਸ. ਐੱਚ. 996 ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਸਭ ਤੋਂ ਨਵੀਂ ਦੋਗਲੀ ਕਿਸਮ ਹੈ ਜੋ ਕਿ ਸਾਲ 2012 ਵਿਚ ਸਿਫਾਰਿਸ਼ ਕੀਤੀ ਗਈ। ਇਹ ਇਕ ਘੱਟ ਸਮੇਂ (96 ਦਿਨ) ਵਿਚ ਪੱਕਣ ਵਾਲੀ ਅਤੇ ਵੱਧ ਝਾੜ (1951 ਕਿਲੋਗ੍ਰਾਮ ਪ੍ਰਤੀ ਹੈਕਟਰ) ਦੇਣ ਵਾਲੀ ਦੋਗਲੀ ਕਿਸਮ ਹੈ। ਪੰਜਾਬ ਵਿਚ ਥੱਲੇ ਜਾ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਧਿਆਨ ਵਿਚ ਰੱਖਦੇ ਹੋਏ ਪੀ. ਐੱਸ. ਐੱਚ. 996 ਪਾਣੀ ਦੀ ਬੱਚਤ ਕਰਨ ਵਿਚ ਸਹਾਈ ਹੋ ਸਕਦੀ ਹੈ ਕਿਉਂਕਿ ਛੇਤੀ ਪੱਕਣ ਕਰਕੇ ਇਸਨੂੰ ਦੂਸਰੀਆਂ ਦੋਗਲੀਆਂ ਕਿਸਮਾਂ ਦੇ ਮੁਕਾਬਲੇ 1-2 ਪਾਣੀ ਘੱਟੇ ਲਗਦੇ ਹਨ। ਇਹ ਦੋਗਲੀ ਕਿਸਮ ਸੂਬੇ ਵਿਚ ਫਸਲੀ ਵਿਭਿੰਨਤਾ ਵਿਚ ਯੋਗਦਾਨ ਪਾ ਸਕਦੀ ਹੈ ਅਤੇ ਕਿਸਾਨ ਵੀਰਾਂ ਲਈ ਵੱਧ ਮੁਨਾਫ਼ੇਦਾਰ ਹੈ।
ਫ਼ਸਲੀ ਚੱਕਰ: ਸੂਰਜਮੁਖੀ ਦੀ ਫ਼ਸਲ ਹੇਠ ਲਿਖੇ ਫਸਲੀ ਚੱਕਰਾਂ ਲਈ ਢੁੱਕਵੀਂ ਹੈ:
ਝੋਨਾ/ਮੱਕੀ-ਆਲੂ-ਸੂਰਜਮੁਖੀ; ਝੋਨਾ-ਤੋਰੀਆ-ਸੂਰਜਮੁਖੀ; ਕਮਾਦ-ਮੋਢਾ ਕਮਾਦ-ਸੂਰਜਮੁਖੀ; ਸਾਉਣੀ ਦਾ ਚਾਰਾ-ਤੋਰੀਆ-ਸੂਰਜਮੁਖੀ; ਬਾਸਮਤੀ-ਸੂਰਜਮੁਖੀ
ਪਨੀਰੀ ਦੁਆਰਾ ਸੂਰਜਮੁਖੀ ਦੀ ਕਾਸ਼ਤ : ਜੇਕਰ ਬਿਜਾਈ ਫ਼ਰਵਰੀ ਤੱਕ ਲੇਟ ਹੁੰਦੀ ਜਾਪੇ ਤਾਂ ਪਨੀਰੀ ਰਾਹੀਂ ਬਿਜਾਈ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਨਾਲ ਫ਼ਸਲ ਛੇਤੀ ਪੱਕ ਜਾਂਦੀ ਹੈ ਅਤੇ ਝਾੜ ਵੀ ਵੱਧ ਮਿਲਦਾ ਹੈ। ਇਕ ਏਕੜ ਲਈ ਲੋੜੀਂਦੀ ਪਨੀਰੀ 1.5 ਕਿੱਲੋ ਬੀਜ ਨਾਲ ਲਗਭਗ 30 ਵਰਗ ਮੀਟਰ ਰਕਬੇ ਵਿਚ ਤਿਆਰ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਪਹਿਲਾਂ ਅੱਧਾ ਕਿਲੋ ਯੂਰੀਆ ਅਤੇ 1.5 ਕਿਲੋ ਸਿੰਗਲ ਸੁਪਰ-ਫਾਸਫੇਟ ਕਿਆਰੇ ਵਿਚ ਪਾ ਦਿਉ। ਬਿਜਾਈ ਤੋਂ ਬਾਦ ਬੀਜ ਨੂੰ ਚੰਗੀ ਗਲੀ-ਸੜੀ ਰੂੜੀ ਦੀ ਪਤਲੀ ਤਹਿ ਨਾਲ ਢਕ ਦਿਉ। ਇਕ ਮਹੀਨੇ ਦੀ ਪਨੀਰੀ ਪੁੱਟ ਕੇ ਲਗਾਈ ਜਾ ਸਕਦੀ ਹੈ। ਪੁੱਟਣ ਤੋਂ ਪਹਿਲਾਂ ਪਨੀਰੀ ਨੂੰ ਪਾਣੀ ਲਾ ਦੇਣਾ ਚਾਹੀਦਾ ਹੈ। ਬੂਟਿਆਂ ਨੂੰ 60 ] 30 ਸੈ.ਮੀ. ਦੀ ਵਿੱਥ ‘ਤੇ ਲਗਾ ਕੇ ਖੇਤ ਨੂੰ ਪਾਣੀ ਲਾ ਦਿਉ।
ਖ਼ਾਦਾਂ ਦੀ ਮਾਤਰਾਂ: ਸੂਰਜਮੁਖੀ ਨੂੰ 50 ਕਿਲੋ ਯੂਰੀਆ (24 ਕਿਲੋ ਨਾਈਟ੍ਰੋਜਨ) ਦੀ ਲੋੜ ਹੁੰਦੀ ਹੈ, ਜਿਸ ਨੂੰ ਫ਼ਸਲ ਦੀ ਬੀਜਾਈ ਸਮੇਂ ਹੀ ਪਾ ਦਿਉ। ਹਲਕੀਆਂ ਜ਼ਮੀਨਾਂ ਵਿਚ ਇਹ ਦੋ ਹਿੱਸਿਆਂ ਵਿਚ (ਪਹਿਲਾ ਹਿੱਸਾ ਬਿਜਾਈ ਵੇਲੇ ਅਤੇ ਦੂਜਾ ਬਿਜਾਈ ਤੋਂ 30 ਦਿਨਾਂ ਬਾਅਦ ਸਿੰਚਾਈ ਸਮੇਂ) ਪਾਉ। ਇਸ ਤੋਂ ਇਲਾਵਾ 75 ਕਿਲੋ ਸਿੰਗਲ ਸੁਪਰਫ਼ਾਸਫ਼ੇਟ (12 ਕਿਲੋ ਫ਼ਾਸਫ਼ੋਰਸ) ਬਿਜਾਈ ਵੇਲੇ ਡਰਿੱਲ ਕਰੋ। ਜੇ ਮਿੱਟੀ ਦੀ ਪਰਖ਼ ਅਨੁਸਾਰ ਪੋਟਾਸ਼ ਦੀ ਘਾਟ ਹੋਵੇ ਤਾਂ 20 ਕਿਲੋ ਮਿਊਰੇਟ ਆਫ਼ ਪੋਟਾਸ਼ (12 ਕਿਲੋ ਪੋਟਾਸ਼ੀਅਮ) ਵੀ ਡਰਿੱਲ ਕਰ ਦਿਉ। ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿਚ 40 ਕਿਲੋ ਮਿਊਰੇਟ ਆਫ਼ ਪੋਟਾਸ਼ (24 ਕਿਲੋ ਪੋਟਾਸ਼ੀਅਮ) ਦੀ ਸਿਫ਼ਾਰਿਸ਼ ਕੀਤੀ ਗਈ ਹੈ। ਫਾਸਫੋਰਸ ਦੀ ਪੂਰਤੀ ਲਈ ਸਿੰਗਲ ਸੁਪਰ ਫਾਸਫੇਟ ਨੂੰ ਤਰਜੀਹ ਦਿਉ, ਕਿਉਂਕਿ ਇਸ ਵਿਚ ਲਗਭਗ 12 ਪ੍ਰਤੀਸ਼ਤ ਸਲਫ਼ਰ (ਗੰਧਕ) ਅਤੇ 21 ਪ੍ਰਤੀਸ਼ਤ ਕੈਲਸ਼ੀਅਮ ਵੀ ਹੁੰਦਾ ਹੈ।
ਜੇ ਸੂਰਜਮੁਖੀ ਦੀ ਫਸਲ ਆਲੂਆਂ ਤੋਂ ਬਾਅਦ ਬੀਜੀ ਜਾਵੇ ਜਿਸ ਨੂੰ 20 ਟਨ ਰੂੜੀ ਪ੍ਰਤੀ ਏਕੜ ਪਾਈ ਹੋਵੇ ਤਾਂ ਇਸ ਨੂੰ ਸਿਰਫ 25 ਕਿਲੋ ਯੂਰੀਆ (12 ਕਿਲੋ ਨਾਈਟ੍ਰੋਜਨ) ਪਾਉ। ਜੇਕਰ ਆਲੂਆਂ ਨੂੰ 40 ਟਨ ਰੂੜੀ ਪ੍ਰਤੀ ਏਕੜ ਪਾਈ ਗਈ ਹੋਵੇ ਤਾਂ, ਸੂਰਜਮੁਖੀ ਦੀ ਫ਼ਸਲ ਬਗੈਰ ਕਿਸੇ ਖਾਦ ਦੇ ਸਫ਼ਲਤਾਪੂਰਵਕ ਉਗਾਈ ਜਾ ਸਕਦੀ ਹੈ। ਲੇਕਿਨ ਤੋਰੀਏ ਤੋਂ ਬਾਅਦ ਬੀਜੀ ਜਾਣ ਵਾਲੀ ਸੂਰਜਮੁਖੀ ਦੀ ਫ਼ਸਲ ਲਈ ਖੇਤ ਵਿਚ ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ।
ਸਿੰਚਾਈ: ਬਹਾਰ ਰੁੱਤ ਦੀ ਸੂਰਜਮੁਖੀ ਦੀ ਫ਼ਸਲ ਨੂੰ ਜ਼ਮੀਨ ਦੀ ਕਿਸਮ, ਬਰਸਾਤ ਅਤੇ ਮੌਸਮ ਦੇ ਮੁਤਾਬਕ 6-9 ਪਾਣੀਆਂ ਦੀ ਲੋੜ ਪੈਂਦੀ ਹੈ। ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਦਿਉ। ਅਗਲੇ ਪਾਣੀਆਂ ਲਈ ਵਕਫ਼ਾ 2-3 ਹਫਤਿਆਂ ਦਾ ਰੱਖੋ। ਮੌਸਮ ਦੇ ਹਿਸਾਬ ਨਾਲ ਵਕਫ਼ਾ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਫ਼ਸਲ ਵੱਢਣ ਤੋਂ 12-14 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਫ਼ਸਲ ਨੂੰ 50 ਫ਼ੀਸਦੀ ਫੁੱਲ ਪੈਣ ਸਮੇਂ ਅਤੇ ਦਾਣਿਆਂ ਦੇ ਨਰਮ ਅਤੇ ਸਖ਼ਤ ਦੋਧੇ ਹੋਣ ਦੀ ਅਵਸਥਾ ਤੇ ਪਾਣੀ ਲਾਉਣਾ ਬਹੁਤ ਜ਼ਰੂਰੀ ਹੈ।
ਮਿੱਟੀ ਚੜ੍ਹਾਉਣਾ: ਸੂਰਜਮੁਖੀ ਦੇ ਬੂਟਿਆਂ ਨੂੰ ਡਿੱਗਣ ਤੋਂ ਬਚਾਉਣ ਲਈ ਬੂਟਿਆਂ ਦੇ ਨਾਲ ਮਿੱਟੀ ਚੜ੍ਹਾਉਣਾ ਜ਼ਰੂਰੀ ਹੈ। ਇਹ ਕੰਮ ਫੁੱਲ ਨਿਕਲਣ ਤੋਂ ਪਹਿਲਾਂ (ਜਦੋਂ ਫ਼ਸਲ 60-70 ਸੈ: ਮੀ: ਉੱਚੀ ਹੋ ਜਾਵੇ) ਮੁਕੰਮਲ ਕਰ ਲੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ, ਖਾਸ ਕਰਕੇ ਗਰਮੀ ਰੁੱਤ ਵਿਚ ਪਾਣੀ ਦੀ ਵੀ ਬੱਚਤ ਹੁੰਦੀ ਹੈ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਦੋ ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਉੱਗਣ ਤੋਂ 2-3 ਹਫ਼ਤੇ ਅਤੇ ਦੂਜੀ ਉਸ ਤੋਂ 3 ਹਫ਼ਤੇ ਪਿੱਛੋਂ ਕਰੋ। ਨਦੀਨਾਂ ਦੀ ਰੋਕਥਾਮ ਨਦੀਨ-ਨਾਸ਼ਕ ਦੀ ਵਰਤੋਂ ਨਾਲ ਵੀ ਕੀਤੀ ਜਾ ਸਕਦੀ ਹੈ। ਜਿਸ ਲਈ ਇਕ ਲੀਟਰ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਨੂੰ 150-200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 2-3 ਦਿਨਾਂ ‘ਚ ਛਿੜਕਾਅ ਕਰੋ। ਨਦੀਨ ਨਾਸ਼ਕ ਦੇ ਛਿੜਕਾਅ ਲਈ ਹਮੇਸ਼ਾ ਫਲੈਟ ਫੈਨ ਜਾਂ ਫਲੱਡ ਜੈਟ (ਕੱਟ ਵਾਲੀ) ਨੋਜ਼ਲ ਦੀ ਵਰਤੋਂ ਕਰੋ।

ਸੁਖਪ੍ਰੀਤ ਸਿੰਘ, ਸਤਵਿੰਦਰ ਕੌਰ ਅਤੇ ਵਰਿੰਦਰ ਸਰਦਾਨਾ
-ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ
(source Ajit)