ਐਤਵਾਰ 12 ਜਨਵਰੀ 2014 (29 ਪੋਹ ਸੰਮਤ 545 ਨਾ:)

41

11

ਜੈਤਸਰੀ ਮਹਲਾ ੫ ॥ ਚਾਤ੍ਰਿਕ ਚਿਤਵਤ ਬਰਸਤ ਮੇਂਹ ॥ ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ ਰਹਾਉ ॥ ਅਨਿਕ ਸੂਖ ਚਕਵੀ ਨਹੀ ਚਾਹਤ ਅਨਦ ਪੂਰਨ ਪੇਖਿ ਦੇਂਹ ॥ ਆਨ ਉਪਾਵ ਨ ਜੀਵਤ ਮੀਨਾ ਬਿਨੁ ਜਲ ਮਰਨਾ ਤੇਂਹ ॥੧॥ ਹਮ ਅਨਾਥ ਨਾਥ ਹਰਿ ਸਰਣੀ ਅਪੁਨੀ ਕ੍ਰਿਪਾ ਕਰੇਂਹ ॥ ਚਰਣ ਕਮਲ ਨਾਨਕੁ ਆਰਾਧੈ ਤਿਸੁ ਬਿਨੁ ਆਨ ਨ ਕੇਂਹ ॥੨॥੬॥੧੦॥ {ਅੰਗ 702}

ਪਦਅਰਥ: ਚਾਤ੍ਰਿਕ—ਪਪੀਹਾ। ਚਿਤਵਤ—ਚਿਤਾਰਦਾ ਰਹਿੰਦਾ ਹੈ। ਬਰਸਤ ਮੇਂਹ—(ਕਿ) ਮੀਂਹ ਵਰ੍ਹੇ, ਮੀਂਹ ਦਾ ਵਰ੍ਹਨਾ। ਸਿੰਧੁ—ਸਮੁੰਦਰ। ਕ੍ਰਿਪਾ ਸਿੰਧੁ—ਹੇ ਕਿਰਪਾ ਦੇ ਸਮੁੰਦਰ! ਕਰੁਣਾ—ਤਰਸ, ਦਇਆ। ਕੌ—ਦਾ। ਨੇਂਹ—ਪ੍ਰੇਮ, ਲਗਨ, ਸ਼ੌਕ।੧।ਰਹਾਉ।

ਚਾਹਤ—ਚਾਹੁੰਦੀ। ਅਨਦ—ਆਨੰਦ, ਸੁਖ। ਪੇਖਿ—ਵੇਖ ਕੇ। ਦੇਂਹ—ਦਿਨ। ਆਨ—{अन्य} ਹੋਰ ਹੋਰ। ਮੀਨਾ—ਮੱਛੀ। ਤੇਂਹ—ਉਸ ਦਾ। ਮਰਨਾ—ਮੌਤ।੧।

ਨਾਥ—ਹੇ ਨਾਥ! ਕਰੇਂਹ—ਕਰ। ਨਾਨਕੁ ਆਰਾਧੈ—ਨਾਨਕ ਆਰਾਧਦਾ ਰਹੇ। ਤਿਸੁ ਬਿਨੁ—ਉਸ (ਆਰਾਧਨ) ਤੋਂ ਬਿਨਾ। ਆਨ—ਹੋਰ। ਕੇਂਹ—ਕੁਝ ਭੀ।੨।

ਅਰਥ: ਜਿਵੇਂ ਪਪੀਹਾ (ਹਰ ਵੇਲੇ) ਮੀਂਹ ਦਾ ਵੱਸਣਾ ਚਿਤਵਦਾ ਰਹਿੰਦਾ ਹੈ (ਵਰਖਾ ਚਾਹੁੰਦਾ ਹੈ), ਤਿਵੇਂ, ਹੇ ਕਿਰਪਾ ਦੇ ਸਮੁੰਦਰ! ਹੇ ਪ੍ਰਭੂ! (ਮੈਂ ਚਿਤਵਦਾ ਰਹਿੰਦਾ ਹਾਂ ਕਿ ਮੇਰੇ ਉੱਤੇ) ਤਰਸ ਕਰੋ, ਮੈਨੂੰ ਆਪਣੀ ਪਿਆਰ-ਭਰੀ ਭਗਤੀ ਦੀ ਲਗਨ ਬਖ਼ਸ਼ੋ।੧।ਰਹਾਉ।

ਹੇ ਭਾਈ! ਚਕਵੀ (ਹੋਰ) ਅਨੇਕਾਂ ਸੁਖ (ਭੀ) ਨਹੀਂ ਮੰਗਦੀ, ਸੂਰਜ ਨੂੰ ਵੇਖ ਕੇ ਉਸ ਦੇ ਅੰਦਰ ਪੂਰਨ ਆਨੰਦ ਪੈਦਾ ਹੋ ਜਾਂਦਾ ਹੈ। (ਪਾਣੀ ਤੋਂ ਬਿਨਾ) ਹੋਰ ਹੋਰ ਅਨੇਕਾਂ ਉਪਾਵਾਂ ਨਾਲ ਭੀ ਮੱਛੀ ਜੀਊਂਦੀ ਨਹੀਂ ਰਹਿ ਸਕਦੀ, ਪਾਣੀ ਤੋਂ ਬਿਨਾ ਉਸ ਦੀ ਮੌਤ ਹੋ ਜਾਂਦੀ ਹੈ।੧।

ਹੇ ਨਾਥ! (ਤੈਥੋਂ ਬਿਨਾ) ਅਸੀ ਨਿਆਸਰੇ ਸਾਂ। ਆਪਣੀ ਮੇਹਰ ਕਰ, ਤੇ, ਸਾਨੂੰ ਆਪਣੀ ਸਰਨ ਵਿਚ ਰੱਖ। (ਤੇਰਾ ਦਾਸ) ਨਾਨਕ ਤੇਰੇ ਸੋਹਣੇ ਚਰਨਾਂ ਦੀ ਆਰਾਧਨਾ ਕਰਦਾ ਰਹੇ, ਸਿਮਰਨ ਤੋਂ ਬਿਨਾ (ਨਾਨਕ ਨੂੰ) ਹੋਰ ਕੁਝ ਭੀ ਚੰਗਾ ਨਹੀਂ ਲੱਗਦਾ।੨।੬।੧੦।