ਸ਼ੁੱਕਰਵਾਰ 10 ਜਨਵਰੀ 2014 (27 ਪੋਹ ਸੰਮਤ 545 ਨਾ:)

44

mukhwaakbanner

ਟੋਡੀ ਮਹਲਾ ੫ ॥ ਪ੍ਰਭ ਜੀ ਮਿਲੁ ਮੇਰੇ ਪ੍ਰਾਨ ॥ ਬਿਸਰੁ ਨਹੀ ਨਿਮਖ ਹੀਅਰੇ ਤੇ ਅਪਨੇ ਭਗਤ ਕਉ ਪੂਰਨ ਦਾਨ ॥ ਰਹਾਉ ॥ ਖੋਵਹੁ ਭਰਮੁ ਰਾਖੁ ਮੇਰੇ ਪ੍ਰੀਤਮ ਅੰਤਰਜਾਮੀ ਸੁਘੜ ਸੁਜਾਨ ॥ ਕੋਟਿ ਰਾਜ ਨਾਮ ਧਨੁ ਮੇਰੈ ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭ ਮਾਨ ॥੧॥ ਆਠ ਪਹਰ ਰਸਨਾ ਗੁਨ ਗਾਵੈ ਜਸੁ ਪੂਰਿ ਅਘਾਵਹਿ ਸਮਰਥ ਕਾਨ ॥ ਤੇਰੀ ਸਰਣਿ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ॥੨॥੩॥੨੨॥ {ਅੰਗ 716}

ਪਦਅਰਥ: ਮੇਰੇ ਪ੍ਰਾਨ—ਹੇ ਮੇਰੀ ਜਿੰਦ (ਦੇ ਮਾਲਕ)! ਨਿਮਖ—{निमेष} ਅੱਖ ਝਮਕਣ ਜਿਤਨਾ ਸਮਾ। ਹੀਅਰੇ ਤੇ—ਹਿਰਦੇ ਤੋਂ। ਕਉ—ਨੂੰ।ਰਹਾਉ।

ਖੋਵਹੁ—ਨਾਸ ਕਰੋ। ਭਰਮੁ—ਭਟਕਣਾ। ਰਾਖੁ—ਰੱਖਿਆ ਕਰ। ਪ੍ਰੀਤਮ—ਹੇ ਪ੍ਰੀਤਮ! ਸੁਘੜ—ਹੇ ਸੋਹਣੇ! ਸੁਜਾਣ—ਹੇ ਸਿਆਣੇ! ਕੋਟਿ ਰਾਜ—ਕ੍ਰੋੜਾਂ ਬਾਦਸ਼ਾਹੀਆਂ। ਮੇਰੈ—ਮੇਰੇ ਵਾਸਤੇ। ਅੰਮ੍ਰਿਤ—ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ—ਨਿਗਾਹ। ਮਾਨ—ਮੇਰੇ ਮਨ ਉਤੇ, ਮੇਰੇ ਉੱਤੇ।੧।

ਰਸਨਾ—ਜੀਭ। ਜਸੁ—ਸਿਫ਼ਤਿ-ਸਾਲਾਹ। ਪੂਰਿ—ਭਰ ਕੇ। ਅਘਾਵਹਿ—ਰੱਜੇ ਰਹਿਣ। ਸਮਰਥ—ਹੇ ਸਮਰਥ! ਕਾਨ—ਕੰਨ। ਜੀਅਨ ਕੇ ਦਾਤੇ—ਹੇ ਸਭ ਜੀਵਾਂ ਦੇ ਦਾਤਾਰ!।੨।

ਅਰਥ: ਹੇ ਪ੍ਰਭੂ ਜੀ! ਹੇ ਮੇਰੀ ਜਿੰਦ (ਦੇ ਮਾਲਕ)! (ਮੈਨੂੰ) ਮਿਲ। ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਮੇਰੇ ਹਿਰਦੇ ਤੋਂ ਤੂੰ ਨਾਹ ਭੁੱਲ। ਆਪਣੇ ਭਗਤ ਨੂੰ ਇਹ ਪੂਰੀ ਦਾਤਿ ਬਖ਼ਸ਼।ਰਹਾਉ।

ਹੇ ਮੇਰੇ ਪ੍ਰੀਤਮ! ਹੇ ਅੰਤਰਜਾਮੀ! ਹੇ ਸੋਹਣੇ ਸੁਜਾਨ! ਮੇਰੇ ਮਨ ਦੀ ਭਟਕਣਾ ਦੂਰ ਕਰ, ਮੇਰੀ ਰੱਖਿਆ ਕਰ। ਹੇ ਪ੍ਰਭੂ! ਮੇਰੇ ਉਤੇ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ। ਮੇਰੇ ਵਾਸਤੇ ਤੇਰੇ ਨਾਮ ਦਾ ਧਨ ਕ੍ਰੋੜਾਂ ਬਾਦਸ਼ਾਹੀਆਂ (ਦੇ ਬਰਾਬਰ ਬਣਿਆ ਰਹੇ)।੧।

ਹੇ ਨਾਨਕ! (ਆਖ-) ਹੇ ਸਭ ਤਾਕਤਾਂ ਦੇ ਮਾਲਕ! (ਮੇਹਰ ਕਰ) ਮੇਰੀ ਜੀਭ ਅੱਠੇ ਪਹਰ ਤੇਰੇ ਗੁਣ ਗਾਂਦੀ ਰਹੇ, ਮੇਰੇ ਕੰਨ (ਆਪਣੇ ਅੰਦਰ) ਤੇਰੀ ਸਿਫ਼ਤਿ-ਸਾਲਾਹ ਭਰ ਕੇ (ਇਸੇ ਨਾਲ) ਰੱਜੇ ਰਹਿਣ। ਹੇ ਸਭ ਜੀਵਾਂ ਦੇ ਦਾਤਾਰ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ।੨।੩।੨੨।