ਧਨਾਸਰੀ ਮਹਲਾ ੫ ॥ ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥ ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ ॥੧॥ ਤੁਮ ਤਉ ਰਾਖਨਹਾਰ ਦਇਆਲ ॥ ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥ ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ॥ ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥ {ਅੰਗ 680}
ਪਦਅਰਥ: ਨੇਤ੍ਰ—ਅੱਖਾਂ। ਪੁਨੀਤ—ਪਵਿਤ੍ਰ। ਪੇਖੇ—ਪੇਖਿ, ਵੇਖ ਕੇ। ਮਾਥੈ—ਮੱਥੇ ਉੱਤੇ। ਪਰਉ—ਪਈ ਰਹੇ। ਰਵਾਲ—ਚਰਨ—ਧੂੜ। ਰਸਿ—ਸੁਆਦ ਨਾਲ। ਗਾਵਉ—ਗਾਵਉਂ, ਮੈਂ ਗਾਂਦਾ ਹਾਂ। ਮੋਰੈ ਹਿਰਦੈ—ਮੇਰੇ ਹਿਰਦੇ ਵਿਚ।੧।
ਰਾਖਨਹਾਰ—ਰੱਖਿਆ ਕਰਨ ਦੀ ਸਮਰਥਾ ਵਾਲਾ। ਸੁਘਰ—ਸੁੱਘੜ, ਸੁਚੱਜੀ ਘਾੜਤ ਵਾਲਾ, ਸਿਆਣਾ।੧।ਰਹਾਉ।
ਅਨੂਪ—ਉਪਮਾ—ਰਹਿਤ, ਬਹੁਤ ਸੋਹਣੇ। ਰਸਾਲ—ਰਸ—ਭਰੇ {ਰਸ—ਆਲਯ}। ਹਿਰਦੈ—ਹਿਰਦੇ ਵਿਚ। ਕੋ—ਦਾ। ਪਾਲ—ਪੱਲੇ।੨।
ਅਰਥ: ਹੇ ਦਇਆ ਦੇ ਘਰ ਪ੍ਰਭੂ! ਤੂੰ ਤਾਂ (ਸਭ ਜੀਵਾਂ ਦੀ) ਰੱਖਿਆ ਕਰਨ ਦੀ ਸਮਰਥਾ ਵਾਲਾ ਹੈਂ। ਤੂੰ ਸੋਹਣਾ ਹੈਂ, ਸਿਆਣਾ ਹੈਂ, ਬੇਅੰਤ ਹੈਂ। ਹੇ ਪਿਤਾ ਪ੍ਰਭੂ! (ਮੇਰੇ ਉੱਤੇ ਭੀ) ਦਇਆਵਾਨ ਹੋ।੧।ਰਹਾਉ।
ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੇਰੇ ਹਿਰਦੇ ਵਿਚ ਆ ਵੱਸ। ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾਂ, ਮੇਰੇ ਮੱਥੇ ਉੱਤੇ ਤੇਰੀ ਚਰਨ-ਧੂੜ ਟਿਕੀ ਰਹੇ। ਤੇਰਾ ਦਰਸਨ ਕਰ ਕੇ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ (ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ)।੧।
ਹੇ ਪ੍ਰਭੂ! ਤੂੰ ਆਨੰਦ-ਸਰੂਪ ਹੈਂ, ਤੂੰ ਮੰਗਲ-ਰੂਪ ਹੈਂ (ਆਨੰਦ ਹੀ ਆਨੰਦ; ਖ਼ੁਸ਼ੀ ਹੀ ਖ਼ੁਸ਼ੀ ਤੇਰਾ ਵਜੂਦ ਹੈ। ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁੰਦਰ ਹੈ ਰਸੀਲੀ ਹੈ। ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਪੱਲੇ ਬੰਨ੍ਹ ਲਈ ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸੇ ਰਹਿੰਦੇ ਹਨ।੨।੭।੩੮।