ਚੰਗੀ ਆਮਦਨ ਅਤੇ ਬਨਸਪਤੀ ਤੇਲ ਦਾ ਵਧੀਆ ਸਾਧਨ ਹਨ ਤੇਲ ਬੀਜ ਫ਼ਸਲਾਂ।

137

images

ਪੰਜਾਬ ਅੰਦਰ ਸਾਲ 2011-12 ਦੌਰਾਨ ਸਰ੍ਹੋਂ ਜਾਤੀ ਦੀਆਂ ਤੇਲ ਬੀਜ ਫਸਲਾਂ ਦੀ ਕਾਸ਼ਤ 29 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਗਈ ਸੀ ਜਿਸ ਤੋਂ 37 ਹਜ਼ਾਰ ਟਨ ਉਤਪਾਦਨ ਹੋਇਆ ਸੀ | ਇਸ ਉਤਪਾਦਨ ਦੇ ਮੁਕਾਬਲੇ ਬਨਸਪਤੀ ਤੇਲ ਦੀ ਕੁਲ ਜ਼ਰੂਰਤ ਜ਼ਿਆਦਾ ਹੋਣ ਕਾਰਨ ਤੇਲ ਦਾ ਨਿਰਯਾਤ ਹੁੰਦਾ ਹੈ | ਇਸ ਲਈ ਤੇਲ ਬੀਜ ਵਾਲੀਆਂ ਫਸਲਾਂ ਹੇਠ ਰਕਬਾ ਵਧਾਉਣ ਨਾਲ ਕਈ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ | ਪੰਜਾਬ ਅੰਦਰ ਅਕਤੂਬਰ ਤੋਂ ਲੈ ਕੇ ਅੱਧ ਦਸੰਬਰ ਤੱਕ ਦਾ ਸਮਾਂ ਤੇਲ ਬੀਜ ਵਾਲੀਆਂ ਕਈ ਫਸਲਾਂ ਦੀ ਕਾਸ਼ਤ ਲਈ ਕਾਫ਼ੀ ਢੁਕਵਾਂ ਮੰਨਿਆ ਜਾਂਦਾ ਹੈ | ਇਥੇ ਦੇ ਜਲਵਾਯੂ ਅਤੇ ਮਿੱਟੀ ਦੀ ਕਿਸਮ ਅਨੁਸਾਰ ਗੋਭੀ ਸਰ੍ਹੋਂ, ਰਾਈ ਸਰ੍ਹੋਂ, ਤੋਰੀਆ, ਸਰ੍ਹੋਂ, ਤਾਰਾਮੀਰਾ, ਅਲਸੀ, ਸੋਇਆਬੀਨ, ਸੂਰਜਮੁਖੀ ਸਮੇਤ ਤੇਲ ਬੀਜ ਵਾਲੀਆਂ ਕਈ ਫਸਲਾਂ ਕਿਸਾਨਾਂ ਦੀ ਆਮਦਨ ਦਾ ਸਾਧਨ ਬਣ ਸਕਦੀਆਂ ਹਨ | ਖੇਤੀ ਮਾਹਿਰਾਂ ਅਨੁਸਾਰ ਰਾਇਆ ਗੋਭੀ ਸਰ੍ਹੋਂ ਅਤੇ ਅਫਰੀਕਨ ਸਰੋ੍ਹਾ ਦੀ ਕਾਸ਼ਤ ਤਕਰੀਬਨ ਸਾਰੀਆਂ ਜ਼ਮੀਨਾਂ ਵਿਚ ਕੀਤੀ ਜਾ ਸਕਦੀ ਹੈ ਜਦੋਂ ਕਿ ਤੋਰੀਆ ਅਤੇ ਰਾਇਆ ਲਈ ਚੰਗੇ ਜਲ ਨਿਕਾਸ ਵਾਲੀਆਂ ਹਲਕੀਆਂ-ਮੈਰਾ ਅਤੇ ਦਰਮਿਆਨੀਆਂ-ਭਾਰੀਆਂ ਜ਼ਮੀਨਾਂ ਲਾਹੇਵੰਦ ਰਹਿੰਦੀਆਂ ਹਨ | ਇਸੇ ਤਰ੍ਹਾਂ ਤਾਰੇ-ਮੀਰੇ ਦੀ ਕਾਸ਼ਤ ਲਈ ਰੇਤਲੀਆਂ ਅਤੇ ਮੈਰਾ ਜ਼ਮੀਨਾਂ ਢੁਕਵੀਆਂ ਸਮਝੀਆਂ ਜਾਂਦੀਆਂ ਹਨ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤੋਰੀਏ ਦੀਆਂ ਪੀ. ਬੀ. ਟੀ. 37, ਟੀ. ਐਲ. 15, ਟੀ. ਐਲ 17, ਰਾਇਆ ਦੀਆਂ ਆਰ. ਐਲ. ਐਲ. ਸੀ. 1, ਪੀ. ਬੀ. ਆਰ. 210, 97, 91, ਆਰ. ਐਲ. ਐਮ. 619, ਗੋਭੀ ਸਰ੍ਹੋਂ ਦੀਆਂ ਪੀ. ਜੀ. ਐਸ. ਐਚ. 51, ਜੀ. ਐਸ. ਐਲ. 2, ਜੀ. ਐਸ. ਐਲ. 1, ਗੋਭੀ ਸਰ੍ਹੋਂ (ਕਨੋਲਾ), ਜੀ. ਐਸ. ਸੀ. 6, 5, ਹਾਇਓਲਾ ਪੀ. ਏ. ਸੀ. 401, ਅਫਰੀਕਨ ਸਰ੍ਹੋਂ ਦੀ ਪੀ. ਸੀ. 5 ਕਿਸਮ ਤੋਂ ਇਲਾਵਾ ਤਾਰੇ ਮੀਰੇ ਦੀ ਪੀ. ਐਮ. ਐਲ. ਸੀ. 2 ਦੀ ਕਾਸ਼ਤ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ |
ਇਸ ਤੋਂ ਇਲਾਵਾ ਵੀ ਹੋਰ ਖੋਜ ਸੰਸਥਾਵਾਂ ਅਤੇ ਕੰਪਨੀਆਂ ਵੱਲੋਂ ਵਿਕਸਤ ਕਿਸਮਾਂ ਪ੍ਰਚੱਲਿਤ ਹੋ ਰਹੀਆਂ ਹਨ | ਤਕਰੀਬਨ ਇਨ੍ਹਾਂ ਸਾਰੀਆਂ ਕਿਸਮਾਂ ਦੀ ਕਾਸ਼ਤ ਕਰਨ ਦਾ ਸਮਾਂ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਸ਼ੁਰੂ ਹੋ ਕੇ ਵੱਖ-ਵੱਖ ਕਿਸਮਾਂ ਲਈ ਅੱਧ ਦਸੰਬਰ ਤੱਕ ਦਾ ਹੈ | ਇਨ੍ਹਾਂ ਫ਼ਸਲਾਂ ਦੀ ਚੰਗੀ ਪੈਦਾਵਾਰ ਲਈ ਫਸਲ ਦੀ ਬਿਜਾਈ ਢੁਕਵੇਂ ਸਮੇਂ ‘ਤੇ ਕਰਨ ਦੀ ਲੋੜ ਹੈ ਅਤੇ ਖੇਤ ਨੂੰ ਬਹੁਤ ਚੰਗੀ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ | ਪੀ. ਏ. ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਤੋਰੀਆ, ਰਾਇਆ ਅਤੇ ਤਾਰਾ ਮੀਰਾ ਦਾ ਡੇਢ ਕਿਲੋ ਪ੍ਰਤੀ ਏਕੜ ਬੀਜ 30 ਸੈਂਟੀਮੀਟਰ ਵਿੱਥ ਵਾਲੀਆਂ ਲਾਈਨਾਂ ਵਿਚ ਚਾਰ ਤੋਂ ਪੰਜ ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ ਜਿਨ੍ਹਾਂ ਵਿਚ 10 ਤੋਂ 15 ਸੈਂਟੀਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ | ਗੋਭੀ ਸਰ੍ਹੋਂ ਦੀਆਂ ਕਤਾਰਾਂ ਵਿਚ 45 ਸੈਂਟੀਮੀਟਰ ਦੀ ਦੂਰੀ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈਂਟੀਮੀਟਰ ਰੱਖਣਾ ਚਾਹੀਦਾ ਹੈ | ਇਨ੍ਹਾਂ ਦੀ ਬਿਜਾਈ ਦੇ 3-4 ਹਫ਼ਤੇ ਪਹਿਲਾਂ 4-5 ਟਨ ਗਲੀ ਸੜੀ ਦੇਸੀ ਰੂੜੀ ਪ੍ਰਤੀ ਏਕੜ ਖੇਤ ਵਿਚ ਪਾਉਣ ਤੋਂ ਇਲਾਵਾ ਤੋਰੀਏ ਨੂੰ 55 ਕਿਲੋ ਯੂਰੀਆ ਅਤੇ 50 ਕਿਲੋ ਸੁਪਰ ਫਾਸਟਫੇਟ, ਰਾਇਆ ਅਤੇ ਗੋਭੀ ਸਰੋ੍ਹਾ ਨੂੰ 90 ਕਿਲੋ ਯੂਰੀਆ, 75 ਕਿਲੋ ਸੁਪਰ ਫਾਸਟਫੇਟ ਅਤੇ 10 ਕਿਲੋ ਪੋਟਾਸ਼ ਪਾਉਣੀ ਚਾਹੀਦੀ ਹੈ | ਸਿੰਜਾਈ ਵਾਲੀਆਂ ਹਾਲਤਾਂ ਵਿਚ ਤੋਰੀਏ ਨੂੰ ਨਾਈਟੋ੍ਰਜਨ ਅਤੇ ਫਾਸਫੋਰਸ ਖਾਦ ਬਿਜਾਈ ਸਮੇਂ ਹੀ ਪਾ ਦੇਣੀ ਚਾਹੀਦੀ ਹੈ | ਇਸੇ ਤਰ੍ਹਾਂ ਰਾਇਆ, ਗੋਭੀ ਸਰੋ੍ਹਾ ਅਤੇ ਅਫਰੀਕਰਨ ਸਰ੍ਹੋਂ ਨੂੰ ਸਾਰੀ ਫਾਸਫੋਰਸ, ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਉਣ ਤੋਂ ਬਾਅਦ ਬਾਕੀ ਦੀ ਨਾਈਟੋ੍ਰਜਨ ਪਹਿਲੇ ਪਾਣੀ ਨਾਲ ਪਾਉਣੀ ਚਾਹੀਦੀ ਹੈ | ਇਸ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ 1 ਜਾਂ 2 ਗੋਡੀਆਂ ਕਾਫੀ ਹਨ | ਪਰ ਫਿਰ ਵੀ ਜੇਕਰ ਨਦੀਨ ਨਾਸ਼ਕਾਂ ਦੀ ਵਰਤੋਂ ਕਰਨੀ ਹੋਵੇ ਤਾਂ ਤੋਰੀਏ ਵਿਚ ਬਿਜਾਈ ਤੋਂ ਪਹਿਲਾਂ ਟੈ੍ਰਫਲਾਨ 48 ਈ. ਸੀ., 400 ਮਿਲੀਲੀਟਰ ਦੀ ਬਿਜਾਈ ਤੋਂ ਪਹਿਲਾਂ ਵਰਤੋਂ ਕਰਨੀ ਚਾਹੀਦੀ ਹੈ | ਰਾਇਆ ਵਿਚ ਬਿਜਾਈ ਦੇ ਦੋ ਦਿਨ ਪਿੱਛੋਂ 400 ਗ੍ਰਾਮ ਆਈਸੋਪ੍ਰੋਟਯੂਰਾਨ 75 ਡਬਲਯੂ. ਪੀ. ਦਾ ਛਿੜਕਾਅ ਕੀਤਾ ਜਾ ਸਕਦਾ ਹੈ | ਇਸ ਤੋਂ ਇਲਾਵਾ ਗੋਭੀ ਸਰ੍ਹੋਂ ਦੀਆਂ ਵੱਖ-ਵੱਖ ਕਿਸਮਾਂ ਵਿਚ ਵੀ ਵੱਖਰੇ-ਵੱਖਰੇ ਕਿਸਮ ਦੇ ਨਦੀਨ ਨਾਸ਼ਕਾਂ ਦੀ ਵਰਤੋਂ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ | ਰਾਇਆ ਤੇ ਗੋਭੀ ਸਰ੍ਹੋਂ ਦੀ ਬਿਜਾਈ ਜੇਕਰ ਭਾਰੀ ਰੌਣੀ ਦੇ ਬਾਅਦ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਜਾਈ 3 ਤੋਂ 4 ਹਫਤਿਆਂ ਬਾਅਦ ਕਰਨੀ ਚਾਹੀਦੀ ਹੈ | ਰਾਇਆ ਦੀ ਫ਼ਸਲ ਨੂੰ ਜੇਕਰ ਲੋੜ ਹੋਵੇ ਤਾਂ ਫੁੱਲ ਪੈਣ ‘ਤੇ ਦੂਜਾ ਪਾਣੀ ਲਗਾਉਣਾ ਚਾਹੀਦਾ ਹੈ | ਕੋਰੇ ਦੀ ਸਥਿਤੀ ਨੂੰ ਦੇਖ ਕੇ ਸਿੰਚਾਈ ਪਹਿਲਾਂ ਵੀ ਕੀਤੀ ਜਾ ਸਕਦੀ ਹੈ | ਗੋਭੀ ਸਰੋਂ ਦੀ ਫਸਲ ਨੂੰ ਦੂਸਰਾ ਪਾਣੀ ਦਸੰਬਰ ਦੇ ਅਖੀਰ ਜਾਂ ਜਨਵਰੀ ਦੇ ਵਿਚ ਲਗਾਉਣਾ ਚਾਹੀਦਾ ਹੈ | ਤੋਰੀਏ ਨੂੰ ਜ਼ਰੂਰਤ ਅਨੁਸਾਰ ਫੁੱਲ ਪੈਣ ਮੌਕੇ ਸਿੰਜਾਈ ਕੀਤੀ ਜਾ ਸਕਦੀ ਹੈ |
ਇਹ ਫਸਲ ਦੀਆਂ ਵੱਖ-ਵੱਖ ਕਿਸਮਾਂ 120 ਤੋਂ 150 ਤੱਕ ਪੱਕ ਕੇ ਤਿਆਰ ਹੋ ਜਾਂਦੀਆਂ ਹਨ | ਜੇਕਰ ਇਨ੍ਹਾਂ ਦੀ ਢੁਕਵੇਂ ਸਮੇਂ ‘ਤੇ ਕਟਾਈ ਨਹੀਂ ਕੀਤੀ ਜਾਂਦੀ ਤਾਂ ਫਲੀਆਂ ਪੱਕਣ ਉਪਰੰਤ ਇਨ੍ਹਾਂ ਵਿਚਲੇ ਬੀਜ ਖੇਤ ਵਿਚ ਡਿੱਗਣ ਕਾਰਨ ਉਪਜ ਵਿਚ ਕਮੀ ਆ ਜਾਂਦੀ ਹੈ | ਇਸ ਲਈ ਜਦੋਂ ਪੌਦਿਆਂ ਦੀਆਂ ਪੱਤੀਆਂ ਅਤੇ ਫਲੀਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਵੇ ਤਾਂ ਇਸ ਦੀ ਕਟਾਈ ਕਰ ਲੈਣੀ ਚਾਹੀਦੀ ਹੈ | ਸਮੇਂ ਸਿਰ ਬੀਜਿਆ ਗਿਆ ਤੋਰੀਆ ਦਸੰਬਰ ਦੇ ਪਹਿਲੇ ਹਫਤੇ ਪੱਕ ਜਾਂਦਾ ਹੈ ਜਦੋਂ ਕਿ ਰਾਇਆ ਅਤੇ ਤਾਰਾ ਮੀਰਾ ਮਾਰਚ ਵਿਚ ਅਤੇ ਗੋਭੀ ਸਰੋਂ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਵਿਚ ਪੱਕ ਜਾਂਦੀ ਹੈ |
-ਉਪ-ਦਫ਼ਤਰ (ਗੁਰਦਾਸਪੁਰ)

(source Ajit)