ਜਿਨ੍ਹਾਂ ਇਲਾਕਿਆਂ ‘ਚ ਸਾਉਣੀ ਦੀ ਫ਼ਸਲ ਵੱਢੀ ਜਾ ਚੁੱਕੀ ਹੈ, ਕਣਕ ਦੀ ਬਿਜਾਈ ਇਸੇ ਹਫ਼ਤੇ (ਅਕਤੂਬਰ ਦੇ ਅਖ਼ੀਰ) ‘ਚ ਸ਼ੁਰੂ ਹੋ ਜਾਵੇਗੀ। ਝੋਨੇ ਦੀਆਂ ਕੁਝ ਕਿਸਮਾਂ ਅਗੇਤੀ ਪੱਕ ਜਾਂਦੀਆਂ ਹਨ ਅਤੇ ਕੁਝ ਲੰਮਾ ਸਮਾਂ ਲੈਂਦੀਆਂ ਹਨ। ਇਸ ਤਰ੍ਹਾਂ ਝੋਨੇ ਦੇ ਖੇਤਾਂ ‘ਚ ਬਿਜਾਈ ਸਾਰਾ ਨਵੰਬਰ ਚਲਦੀ ਹੈ। ਕਪਾਹ, ਨਰਮੇ ਦੇ ਖੇਤਾਂ ‘ਚ ਕਣਕ ਪਿਛੇਤੀ ਬੀਜੀ ਜਾਂਦੀ ਹੈ। ਵਧੇਰੇ ਝਾੜ ਦੀ ਪ੍ਰਾਪਤੀ ਲਈ ਕਿਸਾਨਾਂ ਨੂੰ ਬਿਜਾਈ ਦਾ ਸਮਾਂ ਮੁੱਖ ਰੱਖ ਕੇ ਹੀ ਕਣਕ ਦੀ ਕਿਸਮ ਦੀ ਚੋਣ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਇਹ ਵੀ ਧਿਆਨ ‘ਚ ਰੱਖਣ ਦੀ ਲੋੜ ਹੈ ਕਿ ਵਾਢੀ ਵੇਲੇ ਅਪ੍ਰੈਲ ‘ਚ ਬਾਰਿਸ਼ ਜਾਂ ਖਰਾਬ ਮੌਸਮ ਤੋਂ ਕਣਕ ਦੀ ਫ਼ਸਲ ਸੁਰੱਖਿਅਤ ਰਹੇ ਕਿਉਂਕਿ ਅਜਿਹਾ ਨੁਕਸਾਨ ਹੋਣ ਕਾਰਨ ਉਤਪਾਦਕਤਾ ਘੱਟ ਜਾਂਦੀ ਹੈ। ਪੰਜਾਬ ‘ਚ 90 ਪ੍ਰਤੀਸ਼ਤ (35-36 ਲੱਖ ਹੈਕਟੇਅਰ) ਕਾਸ਼ਤ ਯੋਗ ਰਕਬੇ ‘ਤੇ ਹਾੜੀ ‘ਚ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ। ਹਰ ਛੋਟਾ-ਵੱਡਾ ਕਿਸਾਨ ਇਸ ਨੂੰ ਬੀਜਦਾ ਹੈ। ਇਸ ‘ਚੋਂ ਬਹੁਤਾ ਰਕਬਾ ਨਵੰਬਰ ਦੇ ਪਹਿਲੇ ਪੰਦਰਵਾੜੇ ਤੋਂ ਸ਼ੁਰੂ ਹੋ ਕੇ ਨਵੰਬਰ ਦੇ ਅਖੀਰਲੇ ਹਫ਼ਤੇ ਤੀਕ ਬੀਜਿਆ ਜਾਂਦਾ ਹੈ।
ਉਤਪਾਦਕਤਾ ਸਹੀ ਕਿਸਮ ਦੀ ਚੋਣ ਅਤੇ ਮੌਸਮ ਦੀ ਅਨੁਕੂਲਤਾ ‘ਤੇ ਜ਼ਿਆਦਾ ਆਧਾਰਿਤ ਹੈ। ਪਿਛਲੀ ਸ਼ਤਾਬਦੀ ਦੇ ਅੱਠਵੇਂ ਦਹਾਕੇ ‘ਚ ਇਕੱਲੀ ਐਚ. ਡੀ. 2329 ਕਿਸਮ ਹੀ ਕਈ ਸਾਲ 75 ਤੋਂ 85 ਪ੍ਰਤੀਸ਼ਤ ਰਕਬੇ ‘ਤੇ ਬੀਜੀ ਜਾਂਦੀ ਰਹੀ ਅਤੇ ਇਸ ਦਾ ਝਾੜ ਵਧ ਹੋਣ ਕਾਰਨ ਇਹ ਕਈ ਸਾਲ ਕਿਸਾਨਾਂ ਦੀ ਪਸੰਦ ਬਣੀ ਰਹੀ। ਪਿਛਲੀ ਸ਼ਤਾਬਦੀ ਦੇ ਅੰਤ ‘ਚ ਫੇਰ ਪੀ. ਬੀ. ਡਬਲਿਊ. 343 ਕਿਸਮ ਹੌਲੀ-ਹੌਲੀ ਇਸ ਦੀ ਥਾਂ ਲੈ ਕੇ ਵੱਡੇ ਰਕਬੇ ‘ਚ ਬੀਜੀ ਜਾਣ ਲੱਗੀ। ਹਰ ਕਿਸਮ ਦਾ ਸਮਾਂ ਸੀਮਿਤ ਹੁੰਦਾ ਹੈ ਅਤੇ ਇਹ ਕਿਸਮ ਪੀਲੀ ਕੁੰਗੀ ਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋਣ ਕਾਰਨ ਪਿਛਲੇ ਤਿੰਨ ਸਾਲਾਂ ‘ਚ ਬਹੁਤੀਆਂ ਥਾਵਾਂ ‘ਤੇ ਕਾਸ਼ਤ ‘ਚੋਂ ਨਿਕਲ ਗਈ ਅਤੇ ਦੂਜੀਆਂ ਥਾਵਾਂ ‘ਤੇ ਇਸ ਦੀ ਕਾਸ਼ਤ ਥੱਲੇ ਰਕਬਾ ਬਹੁਤ ਘੱਟ ਗਿਆ। ਪੰਜਾਬ ‘ਚ ਬਹੁਤੀ ਬਿਜਾਈ ਸਿੰਜਾਈ ਵਾਲੇ ਇਲਾਕਿਆਂ ‘ਚ ਸਮੇਂ ਸਿਰ 25 ਨਵੰਬਰ ਤੋਂ ਪਹਿਲਾਂ ਹੀ ਹੁੰਦੀ ਹੈ। ਇਸ ਲਈ ਭਾਰਤੀ ਖੇਤੀ ਖੋਜ ਸੰਸਥਾਨ (ਆਈ. ਏ. ਆਰ. ਆਈ.) ਵੱਲੋਂ ਵਿਕਸਿਤ ਰਿਕਾਰਡ ਉਤਪਾਦਕਤਾ ਦੇਣ ਵਾਲੀ ਐਚ. ਡੀ. 2967 ਕਿਸਮ 2009 ‘ਚ ਕਿਸਾਨਾਂ ਨੂੰ ਮਿਲ ਗਈ ਜੋ ਸੰਨ 2011 ‘ਚ ਕੇਂਦਰ ਦੀ ਕਿਸਮਾਂ ਦੀ ਪ੍ਰਵਾਨਗੀ ਦੇਣ ਵਾਲੀ ਕਮੇਟੀ ਵੱਲੋਂ ਨੋਟੀਫਾਈ ਹੋ ਗਈ। ਫਿਰ ਇਸੇ ਸਮੇਂ ਦੌਰਾਨ ਪੰਜਾਬ ਖੇਤੀਬਾੜੀ ‘ਵਰਸਿਟੀ ਵੱਲੋਂ ਵਿਕਸਿਤ ਪੀ. ਬੀ. ਡਬਲਿਊ. 621 ਕਿਸਮ ਵੀ ਸਿੰਜਾਈ ਵਾਲੇ ਇਲਾਕਿਆਂ ‘ਚ ਸਮੇਂ ਸਿਰ ਕਾਸ਼ਤ ਕਰਨ ਲਈ ਰਲੀਜ਼ ਹੋ ਗਈ।
ਪਿਛਲੇ ਦੋ ਸਾਲ ਇਹ ਦੋਵੇਂ ਕਿਸਮਾਂ ਪ੍ਰਧਾਨ ਰਹੀਆਂ। ਅੱਜ ਸਾਰੇ ਪੰਜਾਬ ਤੇ ਉੱਤਰ-ਪੱਛਮੀ ਮੈਦਾਨੀ ਇਲਾਕਿਆਂ ‘ਚ ਐਚ.ਡੀ. 2967 ਕਿਸਮ ਦੀ ਹੀ ਚਰਚਾ ਹੈ । ਇਹ ਕਿਸਮ ਕਿਸਾਨਾਂ ਦੀ ਬਹੁਮਤ ਦੀ ਪਸੰਦ ਬਣ ਚੁੱਕੀ ਹੈ। ਭਾਵੇਂ ਕੁਝ ਕਿਸਾਨ ਪੀ.ਬੀ.ਡਬਲਿਊ 621 ਕਿਸਮ ਨੂੰ ਵੀ ਅਪਨਾਉਣਗੇ। ਪੀ ਬੀ ਡਬਲਿਊ 621 ‘ਤੇ ਪਿਛਲੇ ਸਾਲ ਕਈ ਥਾਵਾਂ ‘ਤੇ ਪੀਲੀ ਕੁੰਗੀ ਦਾ ਹਮਲਾ ਹੋਣ ਕਾਰਨ ਇਹ ਕਿਸਮ ਅੱਜ ਦੂਜੇ ਦਰਜੇ ‘ਤੇ ਹੈ। ਕਿਸਾਨ ਤਰਜ਼ੀਹ ਐਚ. ਡੀ. 2967 ਕਿਸਮ ਨੂੰ ਦੇ ਰਹੇ ਹਨ।
ਦੂਜੀਆਂ ਹੋਰ ਕਿਸਮਾਂ ਜੋ ਪੰਜਾਬ ਲਈ ਸਿਫਾਰਿਸ਼ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਪੀ. ਬੀ. ਡਬਲਿਊ 550, ਪੀ.ਬੀ.ਡਬਲਿਊ 502, ਡੀ.ਬੀ. ਡਬਲਿਊ 17 ਤੇ ਡਬਲਿਊ ਐਚ. 542 ਸ਼ਾਮਿਲ ਹਨ। ਇਸ ਤੋਂ ਇਲਾਵਾ ਕੁਝ ਕਿਸਾਨ ਐਚ.ਡੀ. 2733 ਤੇ ਡਬਲਿਊ.ਐਚ. 1105 ਕਿਸਮਾਂ ਦੇ ਬੀਜ ਦਾ ਵੀ ਕਾਸ਼ਤ ਲਈ ਪ੍ਰਬੰਧ ਕਰ ਰਹੇ ਹਨ। ਬਰਬੜ ਕਿਸਮ ਦਾ ਪਿਛਲੇ ਸਾਲ ਝਾੜ ਗਿਰ ਜਾਣ ਕਾਰਨ ਇਸ ਕਿਸਮ ਦੇ ਕਾਸ਼ਤ ‘ਚੋਂ ਇਸ ਸਾਲ ਉੱਕਾ ਹੀ ਨਿਕਲ ਜਾਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੋਪੜ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਅਤੇ ਨੀਮ-ਪਹਾੜੀ ਇਲਾਕੇ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੀਲੀ ਕੁੰਗੀ ਤੋਂ ਪ੍ਰਭਾਵਿਤ ਪੀ. ਬੀ. ਡਬਲਿਊ 343 ਕਿਸਮ ਦੀ ਕਾਸ਼ਤ ਨਾ ਕਰਨ।
ਐਚ.ਡੀ. 2967 ਕਿਸਮ ਝਾੜ ਤੇ ਮੁਨਾਫੇ ਪੱਖੋਂ ਸਰਵੋਤਮ ਕਿਸਮ ਹੈ। ਇਸ ਦੇ ਪੌਦੇ ਦੀ ਉਚਾਈ ਔਸਤਨ 101 ਸੈਂਟੀਮੀਟਰ ਹੈ। ਇਹ ਢਹਿੰਦੀ ਨਹੀਂ ਤੇ ਇਸ ਤੋਂ ਤੂੜੀ ਵੀ ਵਧੇਰੇ ਉਪਲਬਧ ਹੁੰਦੀ ਹੈ। ਇਸ ਦਾ ਦਾਣਾ ਬੜਾ ਚਮਕੀਲਾ, ਦਰਮਿਆਨਾ-ਵੱਡੇ ਆਕਾਰ ਦਾ, ਸੁਗੰਧ ਵਾਲਾ ਅਤੇ ਸਖਤ ਹੈ। ਸਮੇਂ ਸਿਰ ਸਿੰਜਾਈ ਵਾਲੇ ਇਲਾਕਿਆਂ ਵਿੱਚ ਕਾਸ਼ਤ ਕਰਨ ਲਈ ਝਾੜ ਪੱਖੋਂ ਐਚ. ਡੀ. 2967 ਕਿਸਮ ਦੂਜੀਆਂ ਸਿਫਾਰਿਸ਼ ਕੀਤੀਆਂ ਗਈਆਂ ਸਾਰੀਆਂ ਕਿਸਮਾਂ ਦੇ ਮੁਕਾਬਲੇ ਉੱਪਰ ਆਉਂਦੀ ਹੈ। ਸੰਨ 2011-2012 ‘ਚ ਇਸ ਦਾ ਪ੍ਰਤੀ ਏਕੜ ਝਾੜ 25-26 ਕੁਇੰਟਲ ਤੀਕ ਸੀ। ਪਿਛਲੇ ਸਾਲ ਅਖੀਰ ‘ਚ ਮਾਰਚ-ਅਪ੍ਰੈਲ ਦੌਰਾਨ ਮੌਸਮ ਅਨੁਕੂਲ ਨਾ ਹੋਣ ਕਾਰਨ ਕਿਸਾਨਾਂ ਨੇ ਫ਼ਸਲ ਨੂੰ ਆਖ਼ਰੀ ਸਿੰਜਾਈ ਨਾ ਦਿੱਤੀ। ਨਤੀਜੇ ਵਜੋਂ ਸਭੇ ਕਿਸਮਾਂ ਦਾ ਝਾੜ ਘੱਟ ਗਿਆ। ਔਸਤ ਉਤਪਾਦਕਤਾ 2011-12 ਦੀ 52 ਕੁਇੰਟਲ ਪ੍ਰਤੀ ਹੈਕਟੇਅਰ ਦੇ ਮੁਕਾਬਲੇ ਗਿਰ ਕੇ 47.24 ਕੁਇੰਟਲ ਰਹਿ ਗਈ। ਅਜਿਹੇ ਵਾਤਾਵਰਨ ‘ਚ ਵੀ ਸਭ ਤੋਂ ਘੱਟ ਨੁਕਸਾਨ ਐਚ.ਡੀ. 2967 ਕਿਸਮ ਨੂੰ ਹੋਇਆ ਜਿਸਦਾ ਔਸਤ ਝਾੜ 53-54 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ।
ਪਿਛਲੇ ਮਹੀਨੇ ਕਾਨਪੁਰ ‘ਚ ਹੋਈ ਸਾਲਾਨਾ ਕਣਕ ਦੀ ਵਰਕਸ਼ਾਪ ‘ਚ ਵਿਗਿਆਨੀਆਂ ਨੇ ਇੱਕ ਨਵੀਂ ਐਚ.ਡੀ. 3086 ਕਿਸਮ ਦੀ ਪਹਿਚਾਣ ਕੀਤੀ ਹੈ। ਜੋ ਐਚ. ਡੀ. 2967 ਅਤੇ ਪੀ.ਬੀ.ਡਬਲਿਊ 621 ਕਿਸਮਾਂ ‘ਚ ਵਿਭਿੰਨਤਾ ਲਿਆਉਣ ਪੱਖੋਂ ਬੜੀ ਸਫ਼ਲ ਕਿਸਮ ਹੈ। ਇਸ ਦਾ ਬੀਜ ਅਗਲੇ ਸਾਲ ਕਿਸਾਨਾਂ ਨੂੰ ਉਪਲੱਬਧ ਹੋ ਜਾਣ ਦੀ ਸੰਭਾਵਨਾ ਹੈ।
ਕਣਕ ਦੀ ਫ਼ਸਲ ਨੂੰ ਵਧੀਆ ਫੁਟਕਾਰਾ ਅਤੇ ਵਿਕਾਸ ਲਈ ਠੰਢੇ ਵਾਤਾਵਰਣ ਦੀ ਲੋੜ ਹੈ, ਜਿਸ ਨਾਲ ਫ਼ਸਲ ਬਿਮਾਰੀਆਂ ਤੋਂ ਵੀ ਸੁਰੱਖਿਅਤ ਰਹਿੰਦੀ ਹੈ। ਸਿੰਜਾਈ ਵਾਲੀਆਂ ਜ਼ਮੀਨਾਂ ‘ਤੇ ਸਮੇਂ ਸਿਰ ਬਿਜਾਈ ਕਰਨ ਦਾ ਵਧੇਰੇ ਅਨੁਕੂਲ ਸਮਾਂ ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਕੇ ਨਵੰਬਰ ਦੇ ਅਖੀਰਲੇ ਹਫ਼ਤੇ ਤੀਕ ਹੈ। ਮੱਧ-ਨਵੰਬਰ ਬਿਜਾਈ ਲਈ ਆਦਰਸ਼ਕ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਉਨ੍ਹਾਂ ਨੇ ਪ੍ਰਮਾਣਿਤ ਏਜੰਸੀਆਂ ਤੋਂ ਸੋਧਿਆ ਬੀਜ ਪ੍ਰਾਪਤ ਨਾ ਕੀਤਾ ਹੋਵੇ ਤਾਂ ਬੀਜ ਨੂੰ ਰੈਕਸਿਲ ਜਾਂ ਵੀਟਾਵੈਕਸ ਨਾਲ ਸੋਧ ਕੇ ਬੀਜਣ। ਜੇ ਅਗਲੇ ਸਾਲਾਂ ਲਈ ਬੀਜ ਬਣਾਉਣਾ ਹੋਵੇ ਤਾਂ ਪ੍ਰਮਾਣਿਤ ਏਜੰਸੀਆਂ ਤੋਂ ਫਾਊਂਡੇਸ਼ਨ ਬੀਜ ਲੈ ਕੇ ਬਿਜਾਈ ਕਰਨੀ ਉੱਚਿਤ ਹੋਵੇਗੀ।
ਭਗਵਾਨ ਦਾਸ
(source Ajit)
Comments are closed.
useful information ……