ਅੰਮੀਏ ਕੱਲ੍ਹ ਅਰਥੀ ਮੇਰੀ ਆਉਣਾ ਨਾ ਲੈਣ ਨੀਂ,
ਵੇਖ ਕੇ ਲਾਸ਼ ਪੁੱਤਰ ਦੀ ਪਾਉਣੇ ਨਾ ਵੈਣ ਨੀ,
ਦਾਤਾ ਤੇ ਭਗਤ ਸੂਰਮੇ ਜਿਊਂਦੇ ਜੱਗ ਰਹਿਣ ਨੀ,
ਵਿੱਚੇ ਵਿੱਚ ਅਣਖ ਅਸਾਂ ਦੀ ਸਾਨੂੰ ਪਈ ਘੂਰੇ ਨੀ।
ਝੁਕਦੇ ਨਾ ਕਦੇ ਸੂਰਮੇ ਜੁਲਮ ਦੇ ਮੂਹਰੇ ਨੀ। ਝੁਕਦੇ ਨਾ ਕਦੇ ਵੀ ਗਭਰੂ……..
ਤੁਲ ਗਿਆ ਵੀਰ ਸਰਾਭਾ ਫਾਂਸੀ ਤੇ ਤਖਤੇ ਤੋਂ,
ਵੇਖ ਕੇ ਨਹੀਂ ਘਬਰਾਇਆ ਦੁਸ਼ਮਣ ਦਿ਼ਲ ਸਖਤੇ ਤੋਂ।
ਲੰਘਣਾ ਹੈ ਅਸਾਂ ਵੀ ਅੰਮੀਏ ਓਸੇ ਹੀ ਰਸਤੇ ਤੋਂ।
ਚੜ੍ਹ ਕੇ ਅਸਾਂ ਫਾਂਸੀ ਉੱਤੇ ਲਾਉਣੇ ਨੇ ਦੂਹਰੇ ਨੀ,
ਝੁਕਦੇ ਨਾ ਕਦੇ ਸੂਰਮੇ ਜੁਲਮ ਦੇ ਮੂਹਰੇ ਨੀ। ਝੁਕਦੇ ਨਾ ਕਦੇ ਵੀ ਅਣਖੀ………
ਧਰਤੀ ਪੰਜਾਬ ਦੀ ਉੱਤੇ ਹੋਇਆਂ ਹਾਂ ਪੈਦਾ ਨੀ,
ਮੰਨੀਏ ਕਿਉਂ ਈਨ ਕਿਸੇ ਦੀ ਪੜ੍ਹਿਆ ਨਾ ਕਾਇਦਾ ਨੀ।
ਭਾਰਤ ਆਜਾਦ ਕਰਾਉਣਾ ਸਾਡਾ ਇਹ ਵਾਇਦਾ ਨੀ।
ਜਕੜੀ ਹੋਈ ਵਿੱਚ ਗੁਲਾਮੀ ਭਾਰਤ ਮਾਂ ਝੂਰੇ ਨੀ,
ਝੁਕਦੇ ਨਾ ਕਦੇ ਸੂਰਮੇ ਜੁਲਮ ਦੇ ਮੂਹਰੇ ਨੀ। ਝੁਕਦੇ ਨਾ ਕਦੇ ਸੂਰਮੇ……..
ਨਾਅਰਾ ਅਸਾਂ ਇਨਕਲਾਬ ਦਾ ਜਿਉਂਦੇ ਜੀ ਲਾਉਣਾ ਏ,
ਗੋਰੀ ਸਰਕਾਰ ਦਾ ਅੰਮੀਏ ਤਖਤਾ ਪਲਟਾਉਣਾ ਏਂ।
ਬੀਲ੍ਹੇ ਇਸ ਦੁਨੀਆ ਉੱਤੇ ਮੁੜਕੇ ਨਾ ਆਉਣਾ ਏ।
ਕੀਤੇ ਜੋ ਪ੍ਰਣ ਅਸਾਂ ਨੇ ਕਰਨੇ ਨੇ ਪੂਰੇ ਨੀ,
ਝੁਕਦੇ ਨਾ ਕਦੇ ਸੂਰਮੇ ਜੁਲਮ ਦੇ ਮੂਹਰੇ ਨੀ। ਝੁਕਦੇ ਨਾ ਕਦੇ ਵੀ ਪੰਜਾਬੀ………