ਜ਼ਹਿਰਾਂ ਵਰਤਣ ਤੋਂ ਬਿਨਾਂ ਫਸਲਾਂ ਨੂੰ ਦਿਵਾਓ ਨਦੀਨਾਂ ਤੋਂ ਮੁਕਤੀ

94

images

ਅਜੋਕੇ ਸਮੇਂ ਦੌਰਾਨ ਬਹੁਤ ਸਾਰੇ ਕਿਸਾਨ ਫਸਲਾਂ ਦਾ ਵੱਧ ਝਾੜ ਪ੍ਰਾਪਤ ਕਰਨ ਦੇ ਮਨਸ਼ੇ ਨਾਲ ਦਵਾਈਆਂ ਅਤੇ ਜ਼ਹਿਰ ਭਰੀਆਂ ਖਾਦਾਂ ਦਾ ਪ੍ਰਯੋਗ ਕਰ ਰਹੇ ਹਨ। ਇਨ੍ਹਾਂ ਦਵਾਈਆਂ ਦਾ ਅਸਰ ਮਨੁੱਖੀ ਸਰੀਰ ‘ਤੇ ਹੀ ਨਹੀਂ ਸਗੋਂ ਧਰਤੀ ਦੀ ਉਪਜਾਊ ਸ਼ਕਤੀ ਅਤੇ ਧਰਤੀ ਵਿਚਲੇ ਕੀੜੇ ਮਕੌੜਿਆਂ, ਪਸ਼ੂ, ਪੰਛੀਆਂ ਲਈ ਵੀ ਹਾਨੀਕਾਰਕ ਹੁੰਦਾ ਹੈ। ਅੱਜ ਦੇ ਦੌਰ ‘ਚ ਹੋਰਨਾਂ ਕੀਟਨਾਸ਼ਕ ਦਵਾਈਆਂ ਅਤੇ ਜ਼ਹਿਰੀ ਖਾਦਾਂ ਦੇ ਪ੍ਰਯੋਗ ਤੋਂ ਇਲਾਵਾ ਕਿਸਾਨ ਹੁਣ ਨਦੀਨਾਂ ਦੀ ਰੋਕਥਾਮ ਲਈ ਵੱਡੀ ਪੱਧਰ ‘ਤੇ ਨਦੀਨਨਾਸ਼ਕ ਦਵਾਈਆਂ ਦਾ ਪ੍ਰਯੋਗ ਕਰਨ ਲੱਗਿਆ ਹੈ। ਪਰ ਨਦੀਨਾਂ ਦੀ ਰੋਕਥਾਮ ਇਨ੍ਹਾਂ ਮਾਰੂ ਦਵਾਈਆਂ ਤੋਂ ਇਲਾਵਾ ਵੀ ਹੋ ਸਕਦੀ ਹੈ, ਜੇਕਰ ਕਿਸਾਨ ਇਨ੍ਹਾਂ ਜ਼ਹਿਰੀ ਦਵਾਈਆਂ ਵੱਲ ਧਿਆਨ ਦੇਣ ਦੀ ਬਜਾਏ ਦੇਸੀ ਨੁਕਤੇ ਅਤੇ ਕੁਝ ਸਮਝ ਤੋਂ ਕੰਮ ਲਵੇ। ਇਹ ਠੀਕ ਹੈ ਕਿ ਨਦੀਨ ਫਸਲਾਂ ਦਾ ਵੱਡੀ ਪੱਧਰ ‘ਤੇ ਨੁਕਸਾਨ ਪਹੁੰਚਾਉਂਦੇ, ਜੇਕਰ ਕਿਸਾਨ ਇਨ੍ਹਾਂ ਨਦੀਨਾਂ ਦੀ ਰੋਕਥਾਮ ਨਾ ਕਰੇ ਤਾਂ ਇਹ ਨਦੀਨ ਫ਼ਸਲ ਨੂੰ ਘਾਟੇ ਦਾ ਸੌਦਾ ਵੀ ਬਣਾ ਦਿੰਦੇ ਹਨ। ਸਾਉਣੀ ਅਤੇ ਹਾੜ੍ਹੀ ਦੀਆਂ ਸਬਜ਼ੀਆਂ ਮੌਕੇ ਅਲੱਗ-ਅਲੱਗ ਕਿਸਮਾਂ ਦੇ ਨਦੀਨ ਉਗਦੇ ਹਨ, ਜਿਨ੍ਹਾਂ ਨੂੰ ਕੁਝ ਖਾਸ ਗੱਲਾਂ ਵੱਲ ਧਿਆਨ ਦੇ ਕੇ ਹਟਾਇਆ ਜਾ ਸਕਦਾ ਹੈ।
ਖੇਤ ਵਿਚ ਰੂੜੀ ਦੀ ਖਾਦ ਪਾਉਣ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਜਿਹੜੀ ਰੂੜੀ ਦੀ ਖਾਦ ਪਾਈ ਜਾ ਰਹੀ ਹੈ, ਉਹ ਖਾਦ ਪੂਰੀ ਤਰ੍ਹਾਂ ਗਲੀ ਸੜੀ ਹੈ ਜਾਂ ਨਹੀਂ। ਜੇਕਰ ਰੂੜੀ ਪੂਰੀ ਤਰ੍ਹਾਂ ਗਲੀ ਸੜੀ ਨਹੀਂ ਤਾਂ ਉਸ ਵਿਚ ਪਹਿਲਾਂ ਹੀ ਨਦੀਨਾਂ ਦਾ ਰਲਗੱਡ ਬੀਜ ਵੱਡੀ ਪੱਧਰ ‘ਤੇ ਦੁਬਾਰਾ ਉਗ ਜਾਵੇਗਾ। ਇਸ ਕਰਕੇ ਖੇਤ ਵਿਚ ਪੂਰੀ ਤਰ੍ਹਾਂ ਗਲੀ ਸੜੀ ਖਾਦ ਹੀ ਪਾਓ।
ਸਬਜ਼ੀਆਂ ਦੀਆਂ ਫਸਲਾਂ ‘ਚ ਵੱਖ-ਵੱਖ ਕਿਸਮਾਂ ਦੇ ਨਦੀਨ ਵੱਡੀ ਪੱਧਰ ‘ਤੇ ਉਗਦੇ ਹਨ। ਬੂਟਿਆਂ ਦੀ ਆਪਸੀ ਦੂਰੀ ਕਾਫੀ ਹੋਣ ਕਾਰਨ ਇਨ੍ਹਾਂ ‘ਚ ਨਦੀਨ ਦੇ ਉਗਣ ਦੀ ਸ਼ਕਤੀ ਵਧੇਰੇ ਹੁੰਦੀ ਹੈ, ਜੋ ਫ਼ਸਲ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਉਂਦੇ ਹਨ ਤੇ ਉਸ ਦੇ ਝਾੜ ਨੂੰ ਕਾਫ਼ੀ ਘਟਾ ਦਿੰਦੇ ਹਨ। ਜੇਕਰ ਨਦੀਨ ਸਬਜ਼ੀ ਦੇ ਬੂਟਿਆਂ ਤੋਂ ਵੱਡੇ ਹੋ ਜਾਣ ਤਾਂ ਉਹ ਸਬਜ਼ੀਆਂ ਦੇ ਬੂਟਿਆਂ ਨੂੰ ਪੂਰੀ ਤਰ੍ਹਾਂ ਵਧਣ ਫੁਲਣ ਨਹੀਂ ਦਿੰਦੇ, ਜਿਸ ਕਾਰਨ ਸਬਜ਼ੀ ਦੇ ਬੂਟੇ ਵੱਡੀ ਗਿਣਤੀ ਵਿਚ ਉਗੇ ਨਦੀਨਾਂ ਵਿਚ ਆਪਣੀ ਥਾਂ ਨਾ ਬਣਾ ਸਕਣ ਕਾਰਨ ‘ਹਲਕੇ ਜਿਹੇ’ ਭਾਵ ਪੂਰਾ ਝਾੜ ਦੇਣ ਦੇ ਸਮਰੱਥ ਨਹੀਂ ਰਹਿੰਦੇ। ਸਬਜ਼ੀ ਦੀ ਫਸਲ ਲਗਾਉਣ ਤੋਂ ਕੁਝ ਦਿਨਾਂ ਬਾਅਦ ਇਸ ਦੀ ਗੁਡਾਈ ਕਰਨੀ ਚਾਹੀਦੀ ਹੈ, ਕਿਉਂਕਿ ਇਸ ਸਮੇਂ ਨਦੀਨ ਛੋਟੇ ਹੁੰਦੇ ਹਨ, ਛੋਟੇ ਨਦੀਨ ਨੂੰ ਗੁਡਾਈ ਕਰਕੇ ਆਸਾਨੀ ਨਾਲ ਪੁੱਟਿਆ ਜਾ ਸਕਦਾ ਹੈ ਅਤੇ ਉਸ ਦਾ ਬੀਜ ਵੀ ਤਿਆਰ ਨਹੀਂ ਹੋ ਸਕੇਗਾ। ਗੁਡਾਈ ਤੋਂ ਕੁਝ ਦਿਨ ਪਿੱਛੋਂ ਫਸਲ ਨੂੰ ਪਾਣੀ ਨਾ ਦਿਓ, ਇਸ ਨਾਲ ਨਦੀਨ ਪੂਰੀ ਤਰ੍ਹਾਂ ਸੁੱਕ ਕੇ ਮਰ ਜਾਣਗੇ। ਜੇਕਰ ਗੁਡਾਈ ਦੇ ਕੁਝ ਸਮੇਂ ਬਾਅਦ ਹੀ ਪਾਣੀ ਦੇ ਦਿੱਤਾ ਜਾਵੇ ਤਾਂ ਇਹ ਨਦੀਨ ਫਿਰ ਪਾਣੀ ਮਿਲਣ ਕਾਰਨ ਉਸੇ ਤਰ੍ਹਾਂ ਦੁਬਾਰਾ ਆਪਣੀ ਜੜ੍ਹ ਧਰਤੀ ‘ਚ ਲਗਾ ਕੇ ਫਸਲਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਣਗੇ।
ਬਹੁਤ ਸਾਰੇ ਨਦੀਨ ਅਜਿਹੇ ਹੁੰਦੇ ਹਨ ਜੋ ਇਕ ਵਾਰ ਗੁਡਾਈ ਕਰਨ ਨਾਲ ਮਰ ਜਾਂਦੇ ਹਨ, ਪਰ ਕੁਝ ਅਜਿਹੇ ਨਦੀਨ ਵੀ ਹਨ ਜੋ ਵਾਰ-ਵਾਰ ਗੁਡਾਈ ਕਰਨ ਤੋਂ ਬਾਅਦ ਫਿਰ ਅਗਲੇ ਦਿਨ ਧਰਤੀ ਵਿਚੋਂ ਨਿਕਲ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਨਦੀਨ ਜਿਸ ਦਾ ਨਾਂ ‘ਡਿੱਲਾ’ ਹੈ, ਇਹ ਨਦੀਨ ਕਿਸਾਨਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ, ਜੋ ਸਬਜ਼ੀਆਂ ਦੀਆਂ ਫਸਲਾਂ ਵਿਚ ਜ਼ਿਆਦਾ ਉਗਦਾ ਹੈ। ਕਿਸਾਨ ਇਸ ਨਦੀਨ ਨੂੰ ਜੜ੍ਹ ਤੋਂ ਪੁੱਟਣ ‘ਚ ਅਸਫਲ ਰਹਿੰਦਾ ਹੈ। ਇਹ ਨਦੀਨ ਅਜਿਹਾ ਹੈ ਜੋ ਜੜ੍ਹ ਰਾਹੀਂ ਧਰਤੀ ਦੀਆਂ ਵੱਖ-ਵੱਖ ਥਾਵਾਂ ਤੋਂ ਆਪਣੀਆਂ ਟਾਹਣੀਆਂ ਕੱਢਦਾ ਹੈ ਅਤੇ ਦੂਜੇ ਵਿਅਕਤੀ ਨੂੰ ਇਵੇਂ ਲੱਗਦਾ ਹੈ ਜਿਵੇਂ ਕਾਫ਼ੀ ਸਾਰਾ ਨਦੀਨ (ਡਿੱਲਾ) ਪੈਦਾ ਹੋ ਗਿਆ ਹੋਵੇ, ਪਰ ਇਸ ਦੀ ਅੰਦਰੂਨੀ ਜੜ੍ਹ ਇਕ ਹੀ ਹੁੰਦੀ ਹੈ। ਜਿਸ ਜ਼ਮੀਨ ‘ਚ ਡਿੱਲਾ ਨਾਂਅ ਦਾ ਨਦੀਨ ਕਾਫ਼ੀ ਮਾਤਰਾ ‘ਚ ਹੁੰਦਾ ਹੈ, ਇਸ ਦੀ ਵਾਰ-ਵਾਰ ਗੁਡਾਈ ਕਰਨ ‘ਤੇ ਕਿਸਾਨ ਦਾ ਕਾਫ਼ੀ ਖ਼ਰਚ ਆ ਜਾਂਦਾ ਹੈ। ਜ਼ਮੀਨ ‘ਚ ਹਰ ਸਮੇਂ ਸਿੱਲ੍ਹ ਰਹਿਣ ‘ਤੇ ਇਸ ਨਦੀਨ ਦੀ ਜੜ੍ਹ ਕਾਫ਼ੀ ਜਾਨਦਾਰ ਹੋ ਜਾਂਦੀ ਹੈ। ਇਸ ਨਦੀਨ ਨਾਲ ਭਰਪੂਰ ਜ਼ਮੀਨ ‘ਚ ਕਣਕ ਦੀ ਫਸਲ ਪੈਦਾ ਕਰਕੇ ਇਸ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਸਰਦੀ ਵਿਚ ਇਹ ਨਦੀਨ ਬਹੁਤ ਹੀ ਘੱਟ ਉਗਦਾ ਹੈ, ਪਰ ਜਿਵੇਂ-ਜਿਵੇਂ ਸਰਦੀ ਲੰਘਦੀ ਜਾਂਦੀ ਹੈ ਉਵੇਂ ਇਹ ਧਰਤੀ ਵਿਚੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਉਸ ਜ਼ਮੀਨ ਵਿਚ ਕਣਕ ਬੀਜੀ ਹੋਵੇਗੀ ਤਾਂ ਕਣਕ ਦੀ ਕਟਾਈ ਤੱਕ ਇਹ ਨਦੀਨ ਉਸ ਧਰਤੀ ਵਿਚ ਉਗ ਹੀ ਨਹੀਂ ਪਾਏਗਾ ਅਤੇ ਫਿਰ ਝੋਨੇ ਦੀ ਲੁਆਈ ਤੋਂ ਪਹਿਲਾਂ ਜ਼ਮੀਨ ਦੀ ਵਹਾਈ ਕਰਕੇ ਖ਼ਾਲੀ ਛੱਡਣ ਨਾਲ ਇਸ ਨਦੀਨ ਦੀ ਜੜ੍ਹ ਸੋਕੇ ਨਾਲ ਕਾਫ਼ੀ ਹੱਦ ਤੱਕ ਖ਼ਤਮ ਹੋ ਸਕਦੀ ਹੈ।
ਤੁਪਕਾ ਸਿੰਚਾਈ ਵੀ ਨਦੀਨਾਂ ਨੂੰ ਘੱਟ ਕਰਨ ‘ਚ ਕਾਮਯਾਬ ਸਾਬਤ ਹੁੰਦੀ ਹੈ, ਕਿਉਂਕਿ ਤੁਪਕਾ ਸਿੰਚਾਈ ਨਾਲ ਸਿਰਫ਼ ਸਬਜ਼ੀ ਦੇ ਬੂਟੇ ਨੂੰ ਹੀ ਪਾਣੀ ਮਿਲੇਗਾ, ਬਾਕੀ ਖ਼ਾਲੀ ਥਾਂ ਸੁੱਕੀ ਰਹਿਣ ਕਾਰਨ ਨਦੀਨ ਉਗ ਹੀ ਨਹੀਂ ਸਕਣਗੇ। ਨਦੀਨਾਂ ਨੂੰ ਛੋਟੇ ਹੁੰਦੇ ਹੀ ਨਸ਼ਟ ਕਰ ਦੇਣ ਨਾਲ ਵੀ ਇਸ ਦੀ ਵਧਦੀ ਰਫਤਾਰ ਨੂੰ ਰੋਕਿਆ ਜਾ ਸਕਦਾ ਹੈ। ਜੇਕਰ ਨਦੀਨਾਂ ‘ਤੇ ਫ਼ੁਲ ਆ ਕੇ ਬੀਜ ਤਿਆਰ ਹੋ ਜਾਵੇ ਤਾਂ ਫਿਰ ਇਹ ਬੀਜ ਜ਼ਮੀਨ ਵਿਚ ਡਿੱਗਣ ਕਾਰਨ ਦੁਬਾਰਾ ਉਗ ਕੇ ਫ਼ਸਲਾਂ ‘ਤੇ ਮਾੜਾ ਪ੍ਰਭਾਵ ਪਾਉਂਦਾ ਰਹੇਗਾ। ਇਸ ਲਈ ਸਮੇਂ ‘ਤੇ ਹੀ ਇਨ੍ਹਾਂ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੈ।
ਕਣਕ ਦੀ ਫ਼ਸਲ ਵਿਚ ਨਦੀਨ ‘ਗੁੱਲੀ ਡੰਡਾ’ ਹੀ ਵੱਡੀ ਪੱਧਰ ‘ਤੇ ਉਗਦਾ ਹੈ, ਇਸ ਤੋਂ ਇਲਾਵਾ ਹੋਰ ਕੋਈ ਨਦੀਨ ਕਣਕ ਦੀ ਫ਼ਸਲ ‘ਤੇ ਇੰਨਾ ਪ੍ਰਭਾਵ ਨਹੀਂ ਪਾਉਂਦਾ ਜਿੰਨਾ ਗੁੱਲੀ ਡੰਡਾ ਪਾਉਂਦਾ ਹੈ। ਕਣਕ ਦੀ ਫ਼ਸਲ ਸੰਘਣੀ ਹੋਣ ਕਾਰਨ ਹੋਰ ਕੋਈ ਨਦੀਨ ਉੱਗਣ ਦੇ ਸਮਰੱਥ ਨਹੀਂ ਰਹਿੰਦਾ, ਗੁੱਲੀ ਡੰਡਾ ਨਾਮਕ ਨਦੀਨ ਕਣਕ ਦੀ ਫ਼ਸਲ ਦਾ ਪੂਰੀ ਤਰ੍ਹਾਂ ਡੱਟ ਕੇ ਮੁਕਾਬਲਾ ਕਰਦਾ ਹੈ ਤੇ ਵੱਡੀ ਪੱਧਰ ‘ਤੇ ਉੱਗ ਕੇ ਕਣਕ ‘ਤੇ ਆਪਣਾ ਦਬਦਬਾ ਵੀ ਬਣਾਈ ਰੱਖਦਾ ਹੈ। ਇਸ ਨਦੀਨ ਨੂੰ ਛੋਟੇ ਹੁੰਦੇ ਹੀ ਪੁੱਟ ਦੇਣਾ ਚਾਹੀਦਾ ਹੈ, ਇਸ ਨਾਲ ਅਗਲੀ ਫਸਲ ਤੱਕ ਬੀਜ ਤਿਆਰ ਨਹੀਂ ਹੋ ਸਕੇਗਾ।
ਇਸ ਤੋਂ ਇਲਾਵਾ ਜ਼ਮੀਨ ਦੀਆਂ ਖਾਲਾਂ ਅਤੇ ਬੰਨਿਆਂ ਉੱਤੇ ਉਗੇ ਨਦੀਨਾਂ ਦੀ ਸਫਾਈ ਵੀ ਜ਼ਰੂਰੀ ਹੈ, ਕਿਉਂਕਿ ਇਨ੍ਹਾਂ ‘ਤੇ ਉੱਗੇ ਨਦੀਨ ‘ਤੇ ਕਿਸਾਨ ਖਾਸ ਧਿਆਨ ਨਹੀਂ ਦਿੰਦਾ, ਜਿਸ ਕਾਰਨ ਇੱਥੇ ਨਦੀਨ ਦੇ ਵੱਡੇ ਹੋਣ ਤੋਂ ਬਾਅਦ ਬੀਜ ਪੱਕ ਕੇ ਦੁਬਾਰਾ ਜ਼ਮੀਨ ਵਿਚ ਡਿੱਗਣ ਕਾਰਨ ਅਗਲੀ ਫਸਲ ਲਈ ਫਿਰ ਉੱਗਣ ਸ਼ਕਤੀ ਹੋ ਜਾਂਦੀ ਹੈ।
ਜਦੋਂ ਖੇਤ ਵਿਚ ਕੋਈ ਫਸਲ ਦੀ ਕਟਾਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਜ਼ਮੀਨ ਦੀ ਵਹਾਈ ਕਰ ਦੇਣੀ ਚਾਹੀਦੀ ਹੈ। ਜ਼ਮੀਨ ਦੀ ਵਹਾਈ ਤੋਂ ਬਾਅਦ ਇਸ ਨੂੰ ਸੁੱਕਣ ਲਈ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਪਹਿਲੀ ਫਸਲ ‘ਚ ਉਗੇ ਨਦੀਨ ਪੂਰੀ ਤਰ੍ਹਾਂ ਸੁੱਕ ਜਾਣ। ਸਭ ਤੋਂ ਅਹਿਮ ਗੱਲ ਕਿਸੇ ਵੀ ਫਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਸੋਧ ਕੇ ਬੀਜਿਆ ਜਾਵੇ, ਜੋ ਨਦੀਨਾਂ ਤੋਂ ਰਹਿਤ ਹੋਵੇ। ਇਸ ਤਰ੍ਹਾਂ ਕਰਨ ਨਾਲ ਨਦੀਨਾਂ ‘ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ।

ਦਵਿੰਦਰ ਸਿੰਘ ਸਨੌਰ
-ਬੋਸਰ ਰੋਡ, ਸਨੌਰ (ਪਟਿਆਲਾ)

(source Ajit)