ਉਲਝਿਆ ਕੋਈ ਸਵਾਲ ਹਾਂ ਮੈਂ,
ਜਾਂ ਭਟਕਿਆ ਕੋਈ ਖਿਆਲ ਹਾਂ ਮੈਂ।
ਗਜ਼ਲ ਕੋਈ ਅਣਕਹੀ ਹਾਂ ਮੈਂ,
ਜਾਂ ਬਿਖਰੇ ਗੀਤਾਂ ਦੀ ਤਾਲ ਹਾਂ ਮੈ।
ਮੈਂ ਅਣਛਪੀ ਕਹਾਣੀ ਹਾਂ ਕੋਈ,
ਜਾਂ ਵਹਿੰਦੀ ਨਦੀ ਦਾ ਪਾਣੀ ਹਾਂ ਕੋਈ।
ਜਾਂ ਅਣਜਾਣੇ ਰਾਹਾਂ ਤੇ ਚੱਲ ਕੇ,
ਹਾਲੇ ਕਰਦੀ ਖੁਦ ਦੀ ਭਾਲ ਹਾਂ ਮੈਂ।
ਮੈਂ ਬੇਟੀ ਪੰਜ ਦਰਿਆਵਾਂ ਦੀ ਹਾਂ,
ਉਸ ਰੱਬ ਦੀਆਂ ਨੇਕ ਦੁਆਵਾਂ ਦੀ ਹਾਂ।
ਸਾਂਝੇਪਣ ਦਾ ਸਦਾ ਦੇਵਾਂ ਸੁਨੇਹਾ,
ਪਰ ਮੋਹ ਮਾਇਆ ਦਾ ਜਾਲ ਹਾਂ ਮੈਂ।
ਵੱਡੀ ਭੈਣ ਮੈਂ, ਭੈਣ ਭਾਈ ਨਿੱਕਿਆਂ ਦੀ,
ਮੈਂ ਇੱਕ ਮਾਂ ਹਾਂ, ਮੇਵੇ ਮਿੱਠਿਆਂ ਦੀ।
ਦਿਲ ਵਿੱਚ ਸਾਗਰ ਪ੍ਰੇਮ ਦਾ ਵਹਿੰਦਾ,
ਗੁੱਸਾ ਗਰਮ ਦੁੱਧ ਦਾ ਉਬਾਲ ਹਾਂ ਮੈਂ।
ਇੱਲ ਦਾ ਨਾਂ ਮੈਨੂੰ ਕੁੱਕੜ ਨਾ ਆਵੇ,
ਪਰ ਹੋਰ ਕੋਈ ਇਹ ਸਮਝ ਨਾ ਪਾਵੇ।
ਹਰ ਰੰਗ ਮੈਂ ਆਪਣੇ ਵਿੱਚ ਸਮਾਵਾਂ,
ਕਦੇ ਧਰਤੀ, ਕਦੇ ਅੰਬਰ, ਕਦੇ ਪਤਾਲ ਹਾਂ ਮੈਂ।
ਹੁਨਰਬਾਜ਼ਾਂ ਦਾ ਹੁਨਰ ਚੁਰਾਕੇ,
ਕੰਨੇ ਬਿੰਦੀਆਂ ਕੁਝ ਕੋਲੋਂ ਲਾ ਕੇ।
ਬਿਖਰੇ ਅੱਖਰਾਂ ਦੇ ਸ਼ਬਦ ਬਣਾ ਕੇ,
ਕਰ ਜਾਂਦੀ ਖ਼ੂਬ ਕਮਾਲ ਹਾਂ ਮੈਂ।
ਸ਼ਾਇਦ ਗੁੰਝਲਦਾਰ ਬੁਝਾਰਤ ਹਾਂ ਕੋਈ,
ਜਾਂ ਮਿੱਠੀ ਜਿਹੀ ਸ਼ਰਾਰਤ ਹਾਂ ਕੋਈ।
ਪਰ ਦੋਸਤਾਂ ਦੀ ਦੋਸਤ ਮੈਂ ਦਿਲੋਂ ਹਾਂ,
ਤੇ ਦੁਸ਼ਮਣੀ ਵਿੱਚ ਮਿਸਾਲ ਹਾਂ ਮੈਂ।
-ਸੁਰਜੀਤ ਕੌਰ ਬੈਲਜ਼ੀਅਮ