ਹੁਣ ਹੋਰ ਭਲਾ ਮੈਂ ਕੀ ਲਿਖਾਂ-ਸੁਰਜੀਤ ਕੌਰ ਬੈਲਜ਼ੀਅਮ

288

Surjit Kaur Belgium

ਹਰ ਇੱਕ ਲਫ਼ਜ਼ ਹੋਇਆ ਜਾਪੇ ਮੇਰਾ ਸਿੱਲਾ ਅੱਜ,

ਭੈੜਾ ਕਾਗਜ਼ ਵੀ ਲੱਗਦਾ ਪਿਆ ਮੈਨੂੰ ਗਿੱਲਾ ਅੱਜ।

ਮੈਂ ਕੁਝ ਲਿਖਾਂ! ਮੇਰੀ ਕਲਮ ਬੜੀ ਬੇਤਾਬ ਹੋਈ,

ਪਰ ਕੀ ਲਿਖਾਂ?ਨਹੀਂ ਮਿਲਦਾ ਪਿਆ ਜਵਾਬ ਕੋਈ। ਮੈਂ ਕੀ ਲਿਖਾਂ?

ਮੈਂ ਟੁੱਟੇ ਰਿਸ਼ਤਿਆਂ ਦੀ ਅੱਖੀਂ ਡਿੱਠੀ ਦਾਸਤਾਨ ਲਿਖਾਂ,

ਜਾਂ ਸਰਾਪ ਬਣ ਗਿਆ ਜੋ ਸੋਚਿਆ ਕਦੇ ਵਰਦਾਨ ਲਿਖਾਂ।

ਮੈਂ ਧੀਆਂ-ਭੈਣਾਂ ਦੀ ਖੁੱਸ ਚੁੱਕੀ ਜੋ ਪਹਿਚਾਣ ਲਿਖਾਂ,

ਜਾਂ ਦੇਖ ਕੇ ਬੈਠੇ ਅਣਜਾਣ ਜੋ ਉਹ ਇਨਸਾਨ ਲਿਖਾਂ।

ਮੈਂ ਕੀ ਲਿਖਾਂ? ਮੈਂ ਪੰਜਾਬ ਦੇ ਘਰ-ਘਰ ਦੀ ਜੋ,

ਉਹ ਕਹਾਣੀ ਲਿਖਾਂ, ਜਾਂ ਰਾਜਨੀਤੀਵਾਨਾਂ ਦੇ ਲਹੂ ਦਾ ਬਣ ਗਿਆ ਪਾਣੀ ਲਿਖਾਂ।

ਜਾਂ ਮਾਂ-ਬਾਪ ਦੀ ਪੁੱਛ ਨਾ ਕੋਈ ਹੋਵੇ ਪੜਤਾਲ ਜਿਥੇ,

ਮੈਂ ਨਸ਼ਿਆਂ ਵਿੱਚ ਰੁਲਦੀ ਹੋਈ ਉਹ ਜਵਾਨੀ ਲਿਖਾਂ।

ਮੈਂ ਕੀ ਲਿਖਾਂ? ਮੈਂ ਬਿਨ ਅੱਖ ਖੋਹਲੇ ਕੁੱਖ ਵਿੱਚ ਜੋ ਮਰੀਆਂ ਲਿਖਾਂ,

ਜਾਂ ਘੁੱਟ ਰੀਝਾਂ ਮਨ ਵਿੱਚ ਬਲੀ ਦਾਜ਼ ਦੀ ਚੜੀਆਂ ਲਿਖਾਂ।

ਜਿਹਨਾਂ ਬੇਦੌਸ਼ੇ ਵੀ ਖਿੱਚੇ ਕਈ ਵਿੱਚ ਕਚਹਿਰੀਆਂ ਦੇ,

ਜਾਂ ਮਨ ਆਈਆਂ ਕੁਝ ਔਰਤਾਂ ਦੀਆਂ ਕਰੀਆਂ ਲਿਖਾਂ।

ਮੈਂ ਕੀ ਲਿਖਾਂ? ਮੈਂ ਆਪਣੇ ਹੀ ਮਨ ਦਾ ਜਾਂ ਫਿਰ ਕੋਈ ਅਹਿਸਾਸ ਲਿਖਾਂ,

ਜਾਂ ਚਕਨਾਚੂਰ ਕਦੇ ਮੇਰਾ ਹੋਇਆ ਜੋ ਵਿਸ਼ਵਾਸ਼ ਲਿਖਾਂ।

ਮੇਰੇ ਲਈ ਜੋ ਰਿਹਾ ਪਰਾਇਆ ਆਪਣਾ ਹੀ ਕੋਈ ਖਾਸ ਲਿਖਾਂ,

ਜਾਂ ਸ਼ਾਤ ਕਦੇ ਮੇਰਾ ਮਨ ਹੋਵੇ ਜਾਂ ਰੂਹ ਦੀ ਬੁਝੇ ਪਿਆਸ ਲਿਖਾਂ।

ਮੈਂ ਕੀ ਲਿਖਾਂ? ਮੈਂ ਧਰਮ ਦੇ ਨਾਮ ਤੇ ਹੈ ਜੋ ਹੋ ਰਿਹਾ ਪੱਖ-ਪਾਤ ਲਿਖਾਂ,

ਜਾਂ ਸਦੀਆਂ ਤੋਂ ਚੱਲੀ ਆ ਰਹੀ ਝੂਠੀ ਜਾਤ-ਪਾਤ ਲਿਖਾਂ।

ਮੈਂ ਦੋ ਭਾਈਆਂ ਵਿੱਚ ਵਧ ਰਹੀ ਜੋ ਲਾਗ-ਡਾਠ ਲਿਖਾਂ,

ਜਾਂ ਮਜ਼ਬੂਰ ਬਾਪ ਦੇ ਅੱਖੋਂ ਹੁੰਦੀ ਬੇਮੌਸਮੀ ਬਰਸਾਤ ਲਿਖਾਂ।

ਮੈਂ ਕੀ ਲਿਖਾਂ? ਮੈਂ ਸਿਖਰ ਦੁਪਹਿਰੀਂ,ਪੋਹ ਦੀਆਂ ਰਾਤਾਂ ਖੇਤਾਂ ਵਿੱਚ ਕਿਸਾਨ ਲਿਖਾਂ,

ਜਾਂ ਸ਼ਾਹੂਕਾਰਾਂ ਦੇ ਵਿਆਜ ਚ ਵਿੰਨਿਆਂ ਕਰਜ਼ੇ ਤੋਂ ਪਰੇਸ਼ਾਨ ਲਿਖਾਂ।

ਮੈਂ ਰੋਟੀ ਦੇ ਲਈ ਭੁੱਖਾ ਜੋ ਮਰਦਾ ਜਾਂ ਅੰਨ ਦਾ ਭਗਵਾਨ ਲਿਖਾਂ।

ਤੂੰ ਦੇਖ ਕੇ ਰੱਬਾ ਜੋ ਮੀਟੇਂ ਅੱਖੀਆਂ ਜਾਂ ਤੇਰੇ ਜਿਹਾ ਬਲਵਾਨ ਲਿਖਾਂ,

ਮੈਂ ਕੀ ਲਿਖਾਂ? ਕਰਦੇ ਦਾਤਾ ਮਿਹਰਾਂ ਸਭ ਤੇ,ਜ਼ੁਲਮ ਜ਼ਾਬਰ ਦਾ ਮਿਟ ਜਾਏ ਜੱਗ ਤੇ,

ਵਹਿਮਾਂ-ਭਰਮਾਂ ਨੂੰ ਮਨਾ ਚੋਂ ਕੱਢਦੇ,ਊਚ-ਨੀਚ ਦਾ ਫਾਹਾ ਤੂੰ ਵੱਢਦੇ।

ਸਭ ਇੱਕ ਹੋ ਜਾਣ ਰਵੇ ਨਾ ਦੂਜਾ,ਇਨਸਾਨੀਅਤ ਦੀ ਬਸ ਹੋਵੇ ਪੂਜਾ,

ਨਾ ਕੋਈ ਡੋਬੂ ਨਾ ਹੋਵੇ ਕੋਈ ਤਾਰੂ, ਨਾਨਕ ਨਾਮ ਸਭ ਦਾ ਉਭਾਰੂ।

ਹੁਣ ਹੋਰ ਭਲਾ ਮੈਂ ਕੀ ਲਿਖਾਂ?

-ਸੁਰਜੀਤ ਕੌਰ ਬੈਲਜ਼ੀਅਮ

5 COMMENTS

Comments are closed.