ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ‘ਤੇ ਸੁਲਤਾਨਪੁਰ ਲੋਧੀ ਤੋਂ ਬਟਾਲੇ ਤੱਕ ਨਗਰ ਕੀਰਤਨ ਦੀਆਂ ਤਸਵੀਰਾਂ

56

Barat Sri Guru Nank Dev Ji




ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਮਹਿਤਾ ਕਾਲੂ (ਸ਼੍ਰੀ ਕਲਿਆਣ ਦਾਸ) ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਚ ਉਸ ਸਮੇਂ ਹੋਇਆ, ਜਦੋਂ ਭਾਰਤ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਾਤ ਨਿਰਾਸ਼ਾਜਨਕ ਸਨ ਤੇ ਸਾਰਾ ਦੇਸ਼ ਜਾਤ-ਪਾਤ, ਊਚ-ਨੀਚ ਅਤੇ ਈਰਖਾ ਦੀ ਅੱਗ ਵਿਚ ਸੜ ਰਿਹਾ ਸੀ। ਬਚਪਨ ‘ਚ ਹੀ ਆਪ ਨੇ ਵਹਿਮਾਂ-ਭਰਮਾਂ ਵਿਚ ਫਸੇ ਲੋਕਾਂ ਨੂੰ ਸੱਚ ਦਾ ਰਸਤਾ ਦਿਖਾਉਣ ਲਈ ਕੌਤਕ ਕੀਤੇ। ਥੋੜ੍ਹੇ ਸਮੇਂ ਬਾਅਦ ਆਪ ਜੀ ਨੂੰ ਵੱਡੀ ਭੈਣ ਬੇਬੇ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਵਿਖੇ ਰਹਿਣ ਲਈ ਭੇਜ ਦਿੱਤਾ ਗਿਆ, ਜਿਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ‘ਚ ਮੋਦੀ ਦੀ ਨੌਕਰੀ ਦਿਵਾ ਦਿੱਤੀ।
18 ਸਾਲ ਦੀ ਉਮਰ ‘ਚ ਆਪ ਜੀ ਦੀ ਮੰਗਣੀ ਬਟਾਲੇ ਦੇ ਰਹਿਣ ਵਾਲੇ ਖੱਤਰੀ ਮੂਲ ਚੰਦ ਪਟਵਾਰੀ ਤੇ ਮਾਤਾ ਚੰਦੋ ਰਾਣੀ ਦੀ ਸਪੁੱਤਰੀ ਸੁਲੱਖਣੀ ਨਾਲ ਹੋ ਗਈ।
ਗੁਰੂ ਜੀ ਦਾ ਬਰਾਤ ਦੇ ਰੂਪ ‘ਚ ਬਟਾਲੇ ਆਉਣਾ : ਭਾਦੋਂ ਸੁਦੀ ਸੱਤਵੀਂ ਸੰਮਤ 1544 ਨੂੰ ਆਪ ਸਮੇਤ ਬਰਾਤੀਆਂ, ਜਿਨ੍ਹਾਂ ‘ਚ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਹਾਕਮ ਰਾਇ ਜੀ ਤੇ ਨਵਾਬ ਦੌਲਤ ਖਾਂ ਤੇ ਸੱਜਣਾਂ, ਰਿਸ਼ਤੇਦਾਰਾਂ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪੂਰੇ ਸਜ-ਧਜ ਕੇ ਸੁਲਤਾਨਪੁਰ ਲੋਧੀ ਤੋਂ ਬਰਾਸਤਾ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਤੋਂ ਹੁੰਦੇ ਹੋਏ ਇਤਿਹਾਸਕ ਸ਼ਹਿਰ ਬਟਾਲੇ ਬਰਾਤ ਦੇ ਰੂਪ ‘ਚ ਪਹੁੰਚੇ। ਗੁਰੂ ਜੀ ਦੀ ਬਰਾਤ ਦੇ ਬਟਾਲਾ ਪਹੁੰਚਣ ‘ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਤੇ ਰਿਸ਼ਤੇਦਾਰਾਂ ਵਲੋਂ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ‘ਤੇ ਅਜਿੱਤਾ ਰੰਧਾਵਾ ਜੀ ਵੀ ਸ਼ਾਮਲ ਸਨ, ਜ਼ੋਰਦਾਰ ਸਵਾਗਤ ਕੀਤਾ ਗਿਆ।
ਬਰਾਤ ਦਾ ਉਤਾਰਾ ਜਿਸ ਜਗ੍ਹਾ ‘ਤੇ ਕੀਤਾ ਗਿਆ, ਉਹ ਸਥਾਨ ਅੱਜਕਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਜਿਸ ਜਗ੍ਹਾ ‘ਤੇ ਗੁਰੂ ਜੀ ਵਲੋਂ ਲਾਵਾਂ-ਫੇਰਿਆਂ ਦੀ ਰਸਮ ਅਦਾ ਕੀਤੀ ਗਈ, ਉਹ ਅਸਥਾਨ ਗੁਰਦੁਆਰਾ ‘ਡੇਹਰਾ ਸਾਹਿਬ’ ਜੀ ਦੇ ਨਾਮ ਨਾਲ ਪ੍ਰਸਿੱਧ ਹੈ। ਜਿਸ ਅਸਥਾਨ ‘ਤੇ ਬਰਾਤ ਦਾ ਉਤਾਰਾ ਕੀਤਾ ਗਿਆ, ਉਹ ਅਸਥਾਨ ਹਵੇਲੀ ਭਾਈ ਜਮੀਤ ਰਾਇ ਬੰਸੀ ਦੀ ਸੀ। ਜਦੋਂ ਗੁਰੂ ਜੀ ਦੀ ਬਰਾਤ ਆਈ ਤਾਂ ਉਸ ਸਮੇਂ ਭਾਰੀ ਬਾਰਿਸ਼ ਹੋ ਰਹੀ ਦੱਸੀ ਜਾਂਦੀ ਹੈ। ਇਥੇ ਹੀ ਇਕ ਕੱਚੀ ਕੰਧ ਸੀ, ਜਿਸ ਹੇਠ ਗੁਰੂ ਜੀ ਕੁਝ ਚਿਰ ਰੁਕੇ ਸਨ। ਇਸੇ ਦੌਰਾਨ ਇਕ ਬਜ਼ੁਰਗ ਔਰਤ ਨੇ ਗੁਰੂ ਜੀ ਨੂੰ ਕਿਹਾ ਕਿ ਇਹ ਕੱਚੀ ਕੰਧ ਹੈ, ਜੋ ਢਹਿਣ ਵਾਲੀ ਹੈ ਇਥੋਂ ਉੱਠ ਕੇ ਪਰ੍ਹਾਂ ਹੋ ਜਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ‘ਮਾਤਾ ਭੋਲੀਏ, ਇਹ ਕੰਧ ਜੁਗਾਂ-ਜੁਗਾਂਤਰਾਂ ਤਕ ਕਾਇਮ ਰਹੇਗੀ ਅਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ।’ ਇਹ ਕੱਚੀ ਕੰਧ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ਼ੀਸ਼ੇ ਦੇ ਫਰੇਮ ‘ਚ ਸੁਰੱਖਿਅਤ ਅੱਜ ਵੀ ਮੌਜੂਦ ਹੈ ਤੇ ਲੱਖਾਂ ਸੰਗਤਾਂ ਇਸ ਪਵਿੱਤਰ ਕੰਧ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਬਾਅਦ ‘ਚ ਮਹਾਰਾਜ ਨੌਨਿਹਾਲ ਨੇ ਇਸ ਅਸਥਾਨ ‘ਤੇ ਪੱਕਾ ਗੁਰੂ ਅਸਥਾਨ ਬਣਵਾਇਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸਬੰਧਤ ਜੋੜ ਮੇਲਾ ਹਰ ਸਾਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਬੜੀ ਹੀ ਧੂਮ-ਧਾਮ ਅਤੇ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ। ਇਸ ਦਿਨ ਦੁਨੀਆ ਭਰ ‘ਚੋਂ ਲੱਖਾਂ ਦੀ ਗਿਣਤੀ ‘ਚ ਸੰਗਤਾਂ ਇਸ ਅਸਥਾਨ ‘ਤੇ ਆ ਕੇ ਹਾਜ਼ਰੀ ਭਰਦੀਆਂ ਹਨ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ, ਜਿਥੇ ਲੱਖਾਂ ਦੀ ਗਿਣਤੀ ‘ਚ ਪਹੁੰਚਣ ਵਾਲੀ ਸੰਗਤ ਦੇ ਠਹਿਰਨ ਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ।
ਗੁਰਦੁਆਰਾ ਸ੍ਰੀ ਸਤਿਕਰਤਾਰੀਆ : ਇਹ ਗੁਰਦੁਆਰਾ ਸ਼ੇਰਾਂ ਵਾਲਾ ਗੇਟ ਦੇ ਬਾਹਰ ਸਬਜ਼ੀ ਮੰਡੀ ਦੇ ਲਾਗੇ ਹੈ। ਇਸ ਪਵਿੱਤਰ ਅਸਥਾਨ ‘ਤੇ ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਮਤ 1681 ਵਿਚ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ ਤੇ ਇਥੇ ਹੀ ਬਾਬਾ ਗੁਰਦਿੱਤਾ ਜੀ ਦਾ ਵਿਆਹ ਭਾਈ ਰਾਮਾ ਮੱਲ ਖੱਤਰੀ ਜੀ ਦੀ ਸਪੁੱਤਰੀ ਅਨੰਤੀ ਜੀ ਨਾਲ ਹੋਇਆ ਸੀ, ਜਿਸ ਤੋਂ ਧੀਰ ਮੱਲ ਅਤੇ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਜੀ ਦਾ ਜਨਮ ਹੋਇਆ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ : ਸੰਮਤ 1765 ‘ਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਗਲ ਹਾਕਮਾਂ ਨੂੰ ਸੋਧਣ ਲਈ ਬਾਬਾ ਬੰਦਾ ਸਿੰਘ ਨੂੰ ਪੰਜ ਤੀਰ ਤੇ ਨਿਸ਼ਾਨ ਸਾਹਿਬ ਦੇ ਕੇ ਭੇਜਿਆ ਸੀ, ਜਿਸ ‘ਤੇ ਬਾਬਾ ਜੀ ਨੇ ਗੁਰੂ ਜੀ ਦੇ ਆਸ਼ੀਰਵਾਦ ਨਾਲ ਹੀ ਸੰਮਤ 1771 ਵਿਚ ਕਲਾਨੌਰ ਤੇ ਬਟਾਲੇ ਦੇ ਹਾਕਮਾਂ ਨੂੰ ਸੋਧਿਆ ਸੀ। ਬਾਬਾ ਜੀ ਨੇ ਇਸ ਸ਼ਹਿਰ ‘ਚ ਕੁਝ ਚਿਰ ਆਰਾਮ ਕੀਤਾ, ਜੋ ਅੱਜਕਲ ਮੁਹੱਲਾ ਖੰਡਾ ਖੋਲਾ ਦੇ ਨਾਂ ਨਾਲ ਪ੍ਰਸਿੱਧ ਹੈ ਅਤੇ ਇਹ ਵੀ ਗੁਰਦੁਆਰਾ ਸ੍ਰੀ ਸਤਿਕਰਤਾਰੀਆ ਦੇ ਨਜ਼ਦੀਕ ਹੀ ਸਥਿਤ ਹੈ। ਗੁ. ਸ੍ਰੀ ਕੰਧ ਸਾਹਿਬ ਜੀ ਨੂੰ ਜਾਣ ਵਾਲਾ ਮਾਰਗ ਬਟਾਲਾ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ 1.5 ਕਿਲੋਮੀਟਰ ਅਤੇ ਬੱਸ ਸਟੈਂਡ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਤੇ ਇਹ ਅਸਥਾਨ ਹਰ ਪਾਸੇ ਤੋਂ ਸੜਕੀ ਆਵਾਜਾਈ ਨਾਲ ਜੁੜਿਆ ਹੋਇਆ ਹੈ।
ਬਾਬਾ ਜੀ ਦਾ ਵਿਆਹ ਸਮਾਗਮ : ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬੜੇ ਚਾਵਾਂ ਅਤੇ ਧੂਮ-ਧਾਮ ਨਾਲ ਵੱਡੇ ਪੱਧਰ ‘ਤੇ ਜੋੜ ਮੇਲੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ।