ਟੋਡੀ ਮਹਲਾ ੫ ॥ ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥ ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥ ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥ ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥ {ਅੰਗ 714}
ਅਰਥ: ਹੇ ਭਾਈ! ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਵ ਵਾਲਾ ਮਨੁੱਖ (ਨਿੰਦਾ ਕਰਨ ਤੋਂ) ਹਟ ਜਾਂਦਾ ਹੈ। (ਜਿਸ ਨਿੰਦਕ ਉਤੇ) ਪ੍ਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ, ਕਲਿਆਣ–ਸਰੂਪ ਹਰਿ ਦੇ ਨਾਮ–ਤੀਰ ਨਾਲ (ਗੁਰੂ ਉਸ ਦਾ) ਸਿਰ ਕੱਟ ਦੇਂਦਾ ਹੈ (ਉਸ ਦੀ ਹਉਮੈ ਨਾਸ ਕਰ ਦੇਂਦਾ ਹੈ)।੧।ਰਹਾਉ। (ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪ੍ਰਭੂ ਦਇਆਵਾਨ ਹੁੰਦੇ ਹਨ) ਉਸ ਮਨੁੱਖ ਨੂੰ ਆਤਮਕ ਮੌਤ, ਮਾਇਆ ਦਾ ਜਾਲ, ਮੌਤ ਦਾ ਡਰ (ਕੋਈ ਭੀ) ਤੱਕ ਭੀ ਨਹੀਂ ਸਕਦਾ, (ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਸਦਾ–ਥਿਰ ਹਰਿ–ਨਾਮ ਸਿਮਰਨ ਵਾਲਾ ਰਸਤਾ ਮੱਲ ਲੈਂਦਾ ਹੈ। ਉਹ ਮਨੁੱਖ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ–ਧਨ ਖੱਟ ਲੈਂਦਾ ਹੈ। ਆਪ ਵਰਤਿਆਂ, ਹੋਰਨਾਂ ਨੂੰ ਵੰਡਦਿਆਂ ਇਹ ਧਨ ਰਤਾ ਭੀ ਨਹੀਂ ਮੁੱਕਦਾ।੧। ਹੇ ਭਾਈ! (ਜਿਸ ਨਿੰਦਾ–ਸੁਭਾਵ ਕਰ ਕੇ, ਜਿਸ ਆਪਾ–ਭਾਵ ਕਰ ਕੇ, ਨਿੰਦਕ ਸਦਾ) ਦੁੱਖੀ ਹੁੰਦਾ ਰਹਿੰਦਾ ਸੀ, (ਪ੍ਰਭੂ ਦੇ ਦਇਆਲ ਹੋਇਆਂ, ਗੁਰੂ ਦੀ ਕਿਰਪਾ ਨਾਲ) ਇਕ ਛਿਨ ਵਿਚ ਹੀ ਉਸ ਸੁਭਾਵ ਦਾ ਨਾਮ–ਨਿਸ਼ਾਨ ਹੀ ਮਿਟ ਜਾਂਦਾ ਹੈ।(ਇਸ ਅਸਚਰਜ ਤਬਦੀਲੀ ਨੂੰ) ਸਾਰਾ ਜਗਤ ਹੈਰਾਨ ਹੋ ਹੋ ਕੇ ਵੇਖਦਾ ਹੈ। ਦਾਸ ਨਾਨਕ ਇਹ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ।੨।੬।੧੧।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
www.thatta.in | fb/PindThatta | WhatsApp: 98728-98928