ਸੋਮਵਾਰ 24 ਮਾਰਚ 2014 (ਮੁਤਾਬਿਕ 11 ਚੇਤ ਸੰਮਤ 546 ਨਾਨਕਸ਼ਾਹੀ) 03:45 AM IST

45

11

ਟੋਡੀ ਮਹਲਾ ੫ ਘਰੁ ੨ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਧਾਇਓ ਰੇ ਮਨ ਦਹ ਦਿਸ ਧਾਇਓ ॥ ਮਾਇਆ ਮਗਨ ਸੁਆਦਿ ਲੋਭਿ ਮੋਹਿਓ ਤਿਨਿ ਪ੍ਰਭਿ ਆਪਿ ਭੁਲਾਇਓ ॥ ਰਹਾਉ ॥ ਹਰਿ ਕਥਾ ਹਰਿ ਜਸ ਸਾਧਸੰਗਤਿ ਸਿਉ ਇਕੁ ਮੁਹਤੁ ਨ ਇਹੁ ਮਨੁ ਲਾਇਓ ॥ ਬਿਗਸਿਓ ਪੇਖਿ ਰੰਗੁ ਕਸੁੰਭ ਕੋ ਪਰ ਗ੍ਰਿਹ ਜੋਹਨਿ ਜਾਇਓ ॥੧॥ ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤ ਪੁਰਖੁ ਮਨਾਇਓ ॥ ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭ੍ਰਮਾਇਓ ॥੨॥ ਨਾਮ ਦਾਨੁ ਇਸਨਾਨੁ ਨ ਕੀਓ ਇਕ ਨਿਮਖ ਨ ਕੀਰਤਿ ਗਾਇਓ ॥ ਨਾਨਾ ਝੂਠਿ ਲਾਇ ਮਨੁ ਤੋਖਿਓ ਨਹ ਬੂਝਿਓ ਅਪਨਾਇਓ ॥੩॥ ਪਰਉਪਕਾਰ ਨ ਕਬਹੂ ਕੀਏ ਨਹੀ ਸਤਿਗੁਰੁ ਸੇਵਿ ਧਿਆਇਓ ॥ ਪੰਚ ਦੂਤ ਰਚਿ ਸੰਗਤਿ ਗੋਸਟਿ ਮਤਵਾਰੋ ਮਦ ਮਾਇਓ ॥੪॥ ਕਰਉ ਬੇਨਤੀ ਸਾਧਸੰਗਤਿ ਹਰਿ ਭਗਤਿ ਵਛਲ ਸੁਣਿ ਆਇਓ ॥ ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਲਾਜ ਅਪੁਨਾਇਓ ॥੫॥੧॥੩॥ {ਅੰਗ 712}

ਪਦਅਰਥ: ਰੇ ਮਨ—ਹੇ ਮਨ! ਦਹ ਦਿਸ—ਦਸੀਂ ਪਾਸੀਂ। ਸੁਆਦਿ—ਸੁਆਦ ਵਿਚ। ਲੋਭਿ—ਲੋਭ ਵਿਚ। ਤਿਨਿ—ਉਸ ਨੇ। ਤਿਨਿ ਪ੍ਰਭਿ—ਉਸ ਪ੍ਰਭੂ ਨੇ। ਭੁਲਾਇਓ—ਕੁਰਾਹੇ ਪਾ ਦਿੱਤਾ ਹੈ।ਰਹਾਉ।

ਜਸ ਸਿਉ—ਸਿਫ਼ਤਿ-ਸਾਲਾਹ ਨਾਲ। ਮੁਹਤੁ—ਮੁਹੂਰਤ, ਅੱਧੀ ਘੜੀ {मुहुर्त}। ਬਿਗਸਿਓ—ਖ਼ੁਸ਼ ਹੁੰਦਾ ਹੈ। ਪੇਖਿ—ਵੇਖ ਕੇ। ਕੋ—ਦਾ। ਪਰ ਗ੍ਰਿਹ—ਪਰਾਏ ਘਰ। ਜੋਹਨਿ—ਤੱਕਣ ਵਾਸਤੇ।੧।

ਭਾਉ—ਪਿਆਰ। ਸਤ ਪੁਰਖੁ—ਮਹਾ ਪੁਰਖ, ਗੁਰੂ। ਮਨਾਇਓ—ਪ੍ਰਸੰਨ ਕੀਤਾ। ਧਾਵਤ ਕਉ—ਨਾਸਵੰਤ (ਪਦਾਰਥਾਂ) ਦੀ ਖ਼ਾਤਰ। ਧਾਵਹਿ—ਤੂੰ ਦੌੜਦਾ ਹੈਂ। ਬਹੁ ਭਾਤੀ—ਕਈ ਤਰੀਕਿਆਂ ਨਾਲ।੨।

ਇਸਨਾਨੁ—ਪਵਿਤ੍ਰ ਜੀਵਨ। ਨਿਮਖ—{निमेष} ਅੱਖ ਝਮਕਣ ਜਿਤਨਾ ਸਮਾ। ਕੀਰਤਿ—ਸਿਫ਼ਤਿ-ਸਾਲਾਹ। ਨਾਨਾ—ਕਈ ਕਿਸਮਾਂ ਦੇ। ਝੂਠਿ—ਝੂਠ ਵਿਚ। ਤੋਖਿਓ—ਖ਼ੁਸ਼ ਕੀਤਾ। ਅਪਨਾਇਓ—ਆਪਣੀ ਅਸਲ ਚੀਜ਼ ਨੂੰ।੩।

ਸੇਵਿ—ਸੇਵਾ ਕਰ ਕੇ, ਸਰਨ ਪੈ ਕੇ। ਗੋਸਟਿ—ਮੇਲ—ਮਿਲਾਪ। ਮਤਵਾਰੋ—ਮਤ—ਵਾਲਾ, ਮਸਤ। ਮਦ—ਨਸ਼ਾ।੪।

ਕਰਉ—ਕਰਉਂ, ਮੈਂ ਕਰਦਾ ਹਾਂ। ਭਗਤਿ ਵਛਲ—ਭਗਤੀ ਨਾਲ ਪਿਆਰ ਕਰਨ ਵਾਲਾ। ਭਾਗਿ—ਭੱਜ ਕੇ। ਲਾਜ—ਇੱਜ਼ਤ।੫।

ਅਰਥ: ਹੇ ਮਨ! ਜੀਵ ਦਸੀਂ ਪਾਸੀਂ ਦੌੜਦਾ ਫਿਰਦਾ ਹੈ, ਮਾਇਆ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਲੋਭ ਵਿਚ ਮੋਹਿਆ ਰਹਿੰਦਾ ਹੈ, (ਪਰ ਜੀਵ ਦੇ ਭੀ ਕੀਹ ਵੱਸ?) ਉਸ ਪ੍ਰਭੂ ਨੇ ਆਪ ਹੀ ਇਸ ਨੂੰ ਕੁਰਾਹੇ ਪਾ ਰੱਖਿਆ ਹੈ।ਰਹਾਉ।

ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਨਾਲ, ਸਾਧ ਸੰਗਤਿ ਨਾਲ, ਇਕ ਪਲ ਵਾਸਤੇ ਭੀ ਆਪਣਾ ਇਹ ਮਨ ਨਹੀਂ ਜੋੜਦਾ। ਕਸੁੰਭੇ ਦੇ ਫੁੱਲ ਦੇ ਰੰਗ ਵੇਖ ਕੇ ਖ਼ੁਸ਼ ਹੁੰਦਾ ਹੈ, ਪਰਾਏ ਘਰ ਤੱਕਣ ਤੁਰ ਪੈਂਦਾ ਹੈ।੧।

ਹੇ ਮਨ! ਤੂੰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪਿਆਰ ਨਹੀਂ ਪਾਇਆ, ਤੂੰ ਗੁਰੂ ਨੂੰ ਪ੍ਰਸੰਨ ਨਹੀਂ ਕੀਤਾ। ਨਾਸਵੰਤ ਪਦਾਰਥਾਂ ਦੀ ਖ਼ਾਤਰ ਤੂੰ ਦੌੜਦਾ ਫਿਰਦਾ ਹੈਂ (ਇਹ ਤੇਰੀ ਭਟਕਣਾ ਕਦੇ ਮੁੱਕਦੀ ਨਹੀਂ) ਜਿਵੇਂ ਤੇਲੀ ਦਾ ਬਲਦ (ਕੋਹਲੂ ਅੱਗੇ ਜੁੱਪ ਕੇ) ਤੁਰਦਾ ਰਹਿੰਦਾ ਹੈ (ਉਸ ਕੋਹਲੂ ਦੇ ਦੁਆਲੇ ਹੀ ਉਸ ਦਾ ਪੈਂਡਾ ਮੁੱਕਦਾ ਨਹੀਂ, ਮੁੜ ਮੁੜ ਉਸੇ ਦੇ ਦੁਆਲੇ ਤੁਰਿਆ ਫਿਰਦਾ ਹੈ)।੨।

ਹੇ ਮਨ! (ਮਾਇਆ ਦੇ ਸੁਆਦ ਵਿਚ ਮਸਤ ਮਨੁੱਖ) ਪ੍ਰਭੂ ਦਾ ਨਾਮ ਨਹੀਂ ਜਪਦਾ, ਸੇਵਾ ਨਹੀਂ ਕਰਦਾ, ਜੀਵਨ ਪਵਿਤ੍ਰ ਨਹੀਂ ਬਣਾਂਦਾ, ਇਕ ਪਲ ਭਰ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕਰਦਾ। ਕਈ ਕਿਸਮ ਦੇ ਨਾਸਵੰਤ(ਜਗਤ) ਵਿਚ ਆਪਣੇ ਮਨ ਨੂੰ ਜੋੜ ਕੇ ਸੰਤੁਸ਼ਟ ਰਹਿੰਦਾ ਹੈ, ਆਪਣੇ ਅਸਲ ਪਦਾਰਥ ਨੂੰ ਨਹੀਂ ਪਛਾਣਦਾ।੩।

ਹੇ ਮਨ! (ਮਾਇਆ-ਮਗਨ ਮਨੁੱਖ) ਕਦੇ ਹੋਰਨਾਂ ਦੀ ਸੇਵਾ-ਭਲਾਈ ਨਹੀਂ ਕਰਦਾ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਨਹੀਂ ਸਿਮਰਦਾ, (ਕਾਮਾਦਿਕ) ਪੰਜਾਂ ਵੈਰੀਆਂ ਨਾਲ ਸਾਥ ਬਣਾਈ ਰੱਖਦਾ ਹੈ, ਮੇਲ-ਮਿਲਾਪ ਰੱਖਦਾ ਹੈ, ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ।੪।

ਹੇ ਨਾਨਕ! (ਆਖ-) ਮੈਂ (ਤਾਂ) ਸਾਧ ਸੰਗਤਿ ਵਿਚ ਜਾ ਕੇ ਬੇਨਤੀ ਕਰਦਾ ਹਾਂ-ਹੇ ਹਰੀ! ਮੈਂ ਇਹ ਸੁਣ ਕੇ ਤੇਰੀ ਸਰਨ ਆਇਆ ਹਾਂ ਕਿ ਤੂੰ ਭਗਤੀ ਨਾਲ ਪਿਆਰ ਕਰਨ ਵਾਲਾ ਹੈਂ। ਮੈਂ ਦੌੜ ਕੇ ਪ੍ਰਭੂ ਦੇ ਦਰ ਤੇ ਆ ਪਿਆ ਹਾਂ (ਤੇ ਬੇਨਤੀ ਕਰਦਾ ਹਾਂ-ਹੇ ਪ੍ਰਭੂ!) ਮੈਨੂੰ ਆਪਣਾ ਬਣਾ ਕੇ ਮੇਰੀ ਇੱਜ਼ਤ ਰੱਖ।੫।੧।੩।