ਬਿਲਾਵਲੁ ਮਹਲਾ ੫ ॥ ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ ॥ ਜਿਸੁ ਜਨ ਹੋਆ ਸਾਧਸੰਗੁ ਤਿਸੁ ਭੇਟੈ ਹਰਿ ਰਾਇਆ ॥੧॥ ਇਹ ਪਰਤੀਤਿ ਗੋਵਿੰਦ ਕੀ ਜਪਿ ਹਰਿ ਸੁਖੁ ਪਾਇਆ ॥ ਅਨਿਕ ਬਾਤਾ ਸਭਿ ਕਰਿ ਰਹੇ ਗੁਰੁ ਘਰਿ ਲੈ ਆਇਆ ॥੧॥ ਰਹਾਉ ॥ ਸਰਣਿ ਪਰੇ ਕੀ ਰਾਖਤਾ ਨਾਹੀ ਸਹਸਾਇਆ ॥ ਕਰਮ ਭੂਮਿ ਹਰਿ ਨਾਮੁ ਬੋਇ ਅਉਸਰੁ ਦੁਲਭਾਇਆ ॥੨॥ ਅੰਤਰਜਾਮੀ ਆਪਿ ਪ੍ਰਭੁ ਸਭ ਕਰੇ ਕਰਾਇਆ ॥ ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ॥੩॥ ਮਤ ਭੂਲਹੁ ਮਾਨੁਖ ਜਨ ਮਾਇਆ ਭਰਮਾਇਆ ॥ ਨਾਨਕ ਤਿਸੁ ਪਤਿ ਰਾਖਸੀ ਜੋ ਪ੍ਰਭਿ ਪਹਿਰਾਇਆ ॥੪॥੧੬॥੪੬॥ {ਅੰਗ 812}
ਪਦਅਰਥ: ਅਟਲ—ਕਦੇ ਨਾਹ ਟਲਣ ਵਾਲੇ। ਸਾਧੂ ਬਚਨ—ਗੁਰੂ ਦੇ ਬਚਨ। ਜਨਾ—ਹੇ ਭਾਈ! ਸਭ ਮਹਿ—ਸਾਰੀ ਸ੍ਰਿਸ਼ਟੀ ਵਿਚ। ਪ੍ਰਗਟਾਇਆ—ਪਰਗਟ ਕਰ ਦਿੱਤਾ ਹੈ। ਸਾਧ ਸੰਗੁ—ਗੁਰੂ ਦਾ ਸੰਗ। ਤਿਸੁ—ਉਸ (ਮਨੁੱਖ) ਨੂੰ। ਭੈਟੇ—ਮਿਲ ਪੈਂਦਾ ਹੈ।੧। ਪਰਤੀਤਿ—ਯਕੀਨ, ਨਿਸ਼ਚਾ। ਜਪਿ—ਜਪ ਕੇ। ਸਭਿ—ਸਾਰੇ ਜੀਵ। ਘਰਿ—ਘਰ ਵਿਚ, ਪ੍ਰਭੂ—ਚਰਨਾਂ ਵਿਚ।੧।ਰਹਾਉ। ਸਹਸਾਇਆ—ਸਹਸਾ, ਸ਼ੱਕ। ਕਰਮ ਭੂਮਿ—ਕਰਮ (ਬੀਜਣ ਵਾਸਤੇ) ਧਰਤੀ, ਮਨੁੱਖਾ ਜਨਮ, ਮਨੁੱਖਾ ਸਰੀਰ। ਬੋਇ—ਬੀਜੋ। ਅਉਸਰੁ—ਮੌਕਾ, ਸਮਾ, ਮਨੁੱਖਾ ਜਨਮ ਦਾ ਸਮਾ। ਦੁਲਭਾਇਆ—ਮੁਸ਼ਕਿਲ ਨਾਲ ਮਿਲਣ ਵਾਲਾ।੨। ਅੰਤਰਜਾਮੀ—ਹਰੇਕ ਦੇ ਦਿਲ ਦੀ ਜਾਣਨ ਵਾਲਾ। ਪਤਿਤ—ਵਿਕਾਰੀ, (ਪਾਪਾਂ ਵਿਚ) ਡਿੱਗੇ ਹੋਏ। ਪੁਨੀਤ—ਪਵਿੱਤਰ। ਘਣੇ—ਅਨੇਕਾਂ, ਬਹੁਤ। ਬਿਰਦਾਇਆ—ਬਿਰਦਾ, ਮੁੱਢ—ਕਦੀਮਾਂ ਦਾ ਸੁਭਾਉ।੩। ਮਾਨੁਖ ਜਨ—ਹੇ ਮਨੁੱਖੋ! ਮਾਇਆ ਭਰਮਾਇਆ—ਮਾਇਆ ਦੀ ਭਟਕਣਾ ਵਿਚ ਪੈ ਕੇ। ਪਤਿ—ਇੱਜ਼ਤ। ਪ੍ਰਭਿ—ਪ੍ਰਭੂ ਨੇ। ਪਹਿਰਾਇਆ—ਪਹਿਨਾਇਆ, ਸਿਰੋਪਾ ਦਿੱਤਾ, ਵਡਿਆਈ ਦਿੱਤੀ।੪।
ਅਰਥ: ਹੇ ਭਾਈ! ਸਾਰੇ ਜੀਵ (ਹੋਰ ਹੋਰ) ਅਨੇਕਾਂ ਗੱਲਾਂ ਕਰ ਕੇ ਥੱਕ ਜਾਂਦੇ ਹਨ (ਹੋਰ ਹੋਰ ਗੱਲਾਂ ਸਫਲ ਨਹੀਂ ਹੁੰਦੀਆਂ), ਗੁਰੂ (ਹੀ) ਪ੍ਰਭੂ–ਚਰਨਾਂ ਵਿਚ (ਜੀਵ ਨੂੰ) ਲਿਆ ਜੋੜਦਾ ਹੈ। (ਗੁਰੂ ਹੀ) ਪਰਮਾਤਮਾ ਬਾਰੇ ਇਹ ਨਿਸ਼ਚਾ (ਜੀਵ ਦੇ ਅੰਦਰ ਪੈਦਾ ਕਰਦਾ ਹੈ ਕਿ) ਪਰਮਾਤਮਾ ਦਾ ਨਾਮ ਜਪ ਕੇ (ਮਨੁੱਖ) ਆਤਮਕ ਆਨੰਦ ਪ੍ਰਾਪਤ ਕਰਦਾ ਹੈ।੧।ਰਹਾਉ। ਹੇ ਭਾਈ! ਗੁਰੂ ਦੇ ਬਚਨ ਕਦੇ ਟਲਣ ਵਾਲੇ ਨਹੀਂ ਹਨ। ਗੁਰੂ ਨੇ ਸਾਰੇ ਜਗਤ ਵਿਚ ਇਹ ਗੱਲ ਪਰਗਟ ਸੁਣਾ ਦਿੱਤੀ ਹੈ ਕਿ ਜਿਸ ਮਨੁੱਖ ਨੂੰ ਗੁਰੂ ਦਾ ਸੰਗ ਪ੍ਰਾਪਤ ਹੁੰਦਾ ਹੈ, ਉਸ ਨੂੰ ਪ੍ਰਭੂ ਪਾਤਿਸ਼ਾਹ ਮਿਲ ਪੈਂਦਾ ਹੈ।੧।ਰਹਾਉ। (ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਉਸ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜੋ ਉਸ ਦੀ ਸਰਨ ਆ ਪੈਂਦਾ ਹੈ–ਇਸ ਵਿਚ ਰਤਾ ਭੀ ਸ਼ੱਕ ਨਹੀਂ। (ਇਸ ਵਾਸਤੇ, ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਪਰਮਾਤਮਾ ਦਾ ਨਾਮ ਬੀਜੋ। ਇਹ ਮੌਕਾ ਬੜੀ ਮੁਸ਼ਕਿਲ ਨਾਲ ਮਿਲਦਾ ਹੈ।੨। (ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਸਾਰੀ ਸ੍ਰਿਸ਼ਟੀ ਉਵੇਂ ਹੀ ਕਰਦੀ ਹੈ ਜਿਵੇਂ ਪਰਮਾਤਮਾ ਪ੍ਰੇਰਦਾ ਹੈ। (ਸਰਨ ਪਏ) ਅਨੇਕਾਂ ਹੀ ਵਿਕਾਰੀਆਂ ਨੂੰ ਪਰਮਾਤਮਾ ਪਵਿੱਤਰ ਜੀਵਨ ਵਾਲਾ ਬਣਾ ਦੇਂਦਾ ਹੈ–ਇਹ ਉਸ ਦਾ ਮੁੱਢ–ਕਦੀਮਾਂ ਦਾ ਸੁਭਾਉ ਹੈ।੩। ਹੇ ਨਾਨਕ! (ਆਖ-) ਹੇ ਮਨੁੱਖੋ! ਮਾਇਆ ਦੀ ਭਟਕਣਾ ਵਿਚ ਪੈ ਕੇ ਇਹ ਗੱਲ ਭੁੱਲ ਨਾਹ ਜਾਣੀ ਕਿ ਜਿਸ ਮਨੁੱਖ ਨੂੰ ਪ੍ਰਭੂ ਨੇ ਆਪ ਵਡਿਆਈ ਬਖ਼ਸ਼ੀ, ਉਸ ਦੀ ਉਹ ਇੱਜ਼ਤ ਜ਼ਰੂਰ ਰੱਖ ਲੈਂਦਾ ਹੈ।੪।੧੬।੪੬।