ਕਪੂਰਥਲਾ, 16 ਅਕਤੂਬਰ (ਅਮਰਜੀਤ ਕੋਮਲ)-ਕੁਦਰਤੀ ਆਫ਼ਤਾਂ ਨੂੰ ਰੋਕਣ ਲਈ ਲੋੜੀਂਦੇ ਪ੍ਰਬੰਧ ਕਰਨਾ ਸਮੇਂ ਦੀ ਲੋੜ ਹੈ ਤੇ ਇਨ੍ਹਾਂ ਆਫ਼ਤਾਂ ਦਾ ਸਾਹਮਣਾ ਕਰਨ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ | ਇਹ ਸ਼ਬਦ ਸ੍ਰੀ ਅੰਕੁਰ ਚੌਹਾਨ ਡਾਇਰੈਕਟਰ ਇੰਸਟੀਚਿਊਟ ਆਫ਼ ਡਿਜ਼ਾਸਟਰ ਮੈਨੇਜਮੈਂਟ ਐਾਡ ਫਾਇਰ ਸਾਇੰਸ ਚੰਡੀਗੜ੍ਹ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ‘ਚ ਕੁਦਰਤੀ ਆਫ਼ਤ ਪ੍ਰਬੰਧ ਦਿਵਸ ਮੌਕੇ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਨੂੰ ਰੋਕਣ ਦਾ ਪ੍ਰਬੰਧ ਅੱਜ ਆਪਣੇ ਆਪ ਵਿਚ ਇਕ ਵਿਗਿਆਨ ਬਣ ਚੁੱਕਾ, ਤੇ ਇਸ ਦੇ ਵੱਖ-ਵੱਖ ਪਹਿਲੂਆਂ ਬਾਰੇ ਸਮੂਹਿਕ ਤੇ ਵਿਅਕਤੀਗਤ ਤੌਰ ‘ਤੇ ਚੇਤਨਾ ਪੈਦਾ ਕਰਕੇ ਕੁਦਰਤੀ ਆਫ਼ਤਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ | ਸ੍ਰੀ ਚੌਹਾਨ ਨੇ ਕੁਦਰਤੀ ਆਫ਼ਤ ਪ੍ਰਬੰਧ ਨੂੰ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਬਣਾਉਣ ‘ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਨਦੀਆਂ ਨਾਲਿਆਂ ਦੀ ਸਫ਼ਾਈ ਬਰਸਾਤਾਂ ਤੋਂ ਪਹਿਲਾਂ ਤੇ ਸਹੀ ਸਮੇਂ ‘ਤੇ ਕੀਤੀ ਜਾਵੇ ਤਾਂ ਹੜ੍ਹ ਵਰਗੀ ਸਥਿਤੀ ਪੈਦਾ ਨਹੀਂ ਹੁੰਦੀ | ਉਨ੍ਹਾਂ ਕਿਹਾ ਕਿ ਹੜ੍ਹ ਆਉਣ ਦਾ ਮੁੱਖ ਕਾਰਨ ਨਦੀਆਂ ਤੇ ਨਾਲਿਆਂ ਦੇ ਕੰਢਿਆਂ ‘ਤੇ ਘਰ ਬਣਾ ਕੇ ਉਨ੍ਹਾਂ ਨੂੰ ਤੰਗ ਕਰਨ ਤੋਂ ਇਲਾਵਾ ਫ਼ੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਨਦੀਆਂ ਵਿਚ ਸੁੱਟ ਕੇ ਉਨ੍ਹਾਂ ਦੀ ਡੂੰਘਾਈ ਨੂੰ ਘਟਾਉਣਾ ਹੈ | ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ: ਨੀਲਮਾ ਜੇਰਥ ਨੇ ਕਿਹਾ ਕਿ ਹੜ੍ਹ, ਭੁਚਾਲ, ਹਨ੍ਹੇਰੀਆਂ ਤੇ ਸੋਕੇ ਵਰਗੀਆਂ ਕਰੋਪੀਆਂ ਮਨੁੱਖਤਾ ਦਾ ਤਹਿਸ ਨਹਿਸ ਕਰਕੇ ਕੁਦਰਤੀ ਸੰਤੁਲਨ ਵਿਗਾੜ ਦਿੰਦੀਆਂ ਹਨ | ਇਨ੍ਹਾਂ ਸਾਰੀਆਂ ਕਰੋਪੀਆਂ ਲਈ ਜ਼ਿੰਮੇਵਾਰ ਅਸੀਂ ਆਪ ਹਾਂ | ਡਾ: ਜੇਰਥ ਨੇ ਕਿਹਾ ਕਿ ਜਦੋਂ ਮਨੁੱਖ ਕੁਦਰਤ ਨਾਲ ਛੇੜਛਾੜ ਕਰਦਾ ਹੈ ਤਾਂ ਇਸ ਤਰ੍ਹਾਂ ਦੀਆਂ ਕਰੋਪੀਆਂ ਪੈਦਾ ਹੁੰਦੀਆਂ ਹਨ | ਇਸ ਲਈ ਸਾਨੂੰ ਇਨ੍ਹਾਂ ਤੋਂ ਬਚਣ ਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਲਈ ਨਿਰੰਤਰ ਯਤਨ ਕਰਨਗੇ ਚਾਹੀਦੇ ਹਨ | ਸਮਾਗਮ ਨੂੰ ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਡਾ: ਆਰ ਗਰੋਵਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਡਾ: ਜੇਰਥ ਨੇ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ | ਸਮਾਗਮ ਦੌਰਾਨ ਬੱਚਿਆਂ ਦੇ ਫ਼ੋਟੋਗਰਾਫ਼ੀ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਮੌਾਟਸੂਰੀ ਪਬਲਿਕ ਸਕੂਲ ਰੱਈਆ ਦੀ ਦਿਲਪ੍ਰੀਤ ਕੌਰ ਨੇ ਪਹਿਲਾ, ਬੀ.ਐਸ.ਟੀ ਸੂਜੋਕਾਲੀਆ ਦੀ ਸੁਮਨਪ੍ਰੀਤ ਕੌਰ ਨੇ ਦੂਜਾ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਰੋਹਿਤ ਭਾਟੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਭਾਸ਼ਣ ਮੁਕਾਬਲੇ ਵਿਚ ਬੀ.ਐਸ.ਟੀ ਸੂਜੋਕਾਲੀਆ ਦੀ ਗਗਨਦੀਪ ਕੌਰ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਕਲਾਂ ਦੀ ਸੁਨੀਤਾ ਦੂਜੇ ਤੇ ਡੀ.ਏ.ਵੀ ਮਾਡਲ ਸਕੂਲ ਕਪੂਰਥਲਾ ਦੇ ਹਨੀ ਗਰੋਵਰ ਨੇ ਤੀਜਾ ਸਥਾਨ ਲਿਆ |