ਸਰਦੀਆਂ ਦੀਆਂ ਸਬਜ਼ੀਆਂ ਦੀ ਆਪਣੇ ਖੇਤ ‘ਚ ਆਪ ਕਰੋ ਪੌਧ ਤਿਆਰ।

99

Winter_vegetablesਪੰਜਾਬ ਵਿਚ ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿੱਥੇ ਸਬਜ਼ੀਆਂ ਦੀ ਕਾਸ਼ਤ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਸਬਜ਼ੀਆਂ ਦੀ ਕਾਸ਼ਤ ‘ਚ ਸਭ ਤੋਂ ਮੁੱਢਲਾ ਕੰਮ ਸਬਜ਼ੀਆਂ ਦੀ ਪੌਧ ਤਿਆਰ ਕਰਨਾ ਹੈ। ਕਈ ਕਿਸਾਨਾਂ ਵੱਲੋਂ ਪੌਧ ਤਿਆਰ ਕਰਨ ਦੀ ਥਾਂ ਬਾਜ਼ਾਰੋਂ ਮੁੱਲ ਖਰੀਦੀ ਜਾਂਦੀ ਹੈ, ਪਰ ਜੇਕਰ ਕਿਸਾਨ ਸਬਜ਼ੀਆਂ ਦੀ ਪੌਧ ਆਪ ਤਿਆਰ ਕਰੇ ਤਾਂ ਉਸ ਨੂੰ ਇਸ ਦੇ ਕਈ ਫਾਇਦੇ ਹੋ ਸਕਦੇ ਹਨ।
ਝੋਨੇ ਦੀ ਕਟਾਈ ਤੋਂ ਬਾਅਦ ਹੁਣ ਸਰਦੀਆਂ ਦੀਆਂ ਸਬਜ਼ੀਆਂ ਦੀ ਲੁਆਈ ਸ਼ੁਰੂ ਹੋ ਜਾਂਦੀ ਹੈ। ਜਿਨ੍ਹਾਂ ਸਬਜ਼ੀਆਂ ਦੀ ਪੌਧ ਬੀਜੀ ਜਾਂਦੀ ਹੈ ਉਨ੍ਹਾਂ ਵਿਚ ਟਮਾਟਰ, ਗੋਭੀ, ਸ਼ਿਮਲਾ ਮਿਰਚ, ਲੰਬੀ ਮਿਰਚ, ਪਿਆਜ਼, ਬੈਂਗਣ ਆਦਿ ਸ਼ਾਮਲ ਹਨ। ਇਨ੍ਹਾਂ ਸਬਜ਼ੀ ਦੀਆਂ ਫਸਲਾਂ ਵਿਚੋਂ ਕੁਝ ਅਜਿਹੀਆਂ ਫਸਲਾਂ ਹਨ ਜਿਨ੍ਹਾਂ ਦੀ ਪੌਧ ਤਿਆਰ ਕਰਨ ਤੋਂ ਬਗੈਰ ਇਨ੍ਹਾਂ ਨੂੰ ਸਿੱਧਿਆਂ ਹੀ ਜ਼ਮੀਨ ਵਿਚ ਕਿਆਰੀਆਂ ਬਣਾ ਕੇ ਜਾਂ ਖਾਲਾਂ (ਖੁੱਡ) ਬਣਾ ਕੇ ਲਗਾਇਆ ਜਾਂਦਾ ਹੈ। ਪਰ ਕੁਝ ਅਜਿਹੀਆਂ ਫ਼ਸਲਾਂ ਹਨ ਜਿਨ੍ਹਾਂ ਦੀ ਪੌਧ ਤਿਆਰ ਕਰਨੀ ਹੀ ਪੈਂਦੀ ਹੈ, ਕਿਉਂਕਿ ਬੀਜ ਮਹਿੰਗਾ ਹੋਣ ਕਰਕੇ ਇਨ੍ਹਾਂ ਨੂੰ ਸਿੱਧਿਆਂ ਜ਼ਮੀਨ ਵਿਚ ਲਗਾਉਣ ‘ਤੇ ਕਾਫੀ ਬੀਜ ਅਜਾਈਂ ਚਲਾ ਜਾਂਦਾ ਹੈ, ਪਰ ਪੌਧ ਤਿਆਰ ਕਰਨ ਸਮੇਂ ਇਹ ਇਕੱਲਾ-ਇਕੱਲਾ ਬੀਜ ਕਿਆਰੀ ਵਿਚ ਬੀਜਿਆ ਜਾਂਦਾ ਹੈ ਤੇ ਇਸ ਦੀ ਦੇਖਭਾਲ ਵੀ ਖੇਤ ਵਿਚ ਲਗਾਏ ਬੀਜ ਨਾਲੋਂ ਜ਼ਿਆਦਾ ਹੁੰਦੀ ਹੈ।
ਕਿਸੇ ਵੀ ਫਸਲ ਦੀ ਸਹੀ ਅਤੇ ਮਿਆਰੀ ਪੌਧ ਤਿਆਰ ਕਰਨ ਸਬੰਧੀ ਜਾਣਕਾਰੀ ਹੋਣੀ ਲਾਜ਼ਮੀ ਹੈ। ਪੌਧ ਤਿਆਰ ਕਰਨ ਸਬੰਧੀ ਕੁਝ ਨੁਕਤੇ ਇਸ ਤਰ੍ਹਾਂ ਹਨ: ਜਿਸ ਜ਼ਮੀਨ ਵਿਚ ਪੌਧ ਬੀਜਣੀ ਹੈ, ਉਸ ਜ਼ਮੀਨ ਨੂੰ ਚੰਗੀ ਤਰ੍ਹਾਂ ਵਹਾਅ ਲਵੋ ਅਤੇ ਜ਼ਮੀਨ ਨੂੰ ਸਾਰੇ ਪਾਸਿਆਂ ਤੋਂ ਬਰਾਬਰ ਕਰੋ। ਬਰਾਬਰ ਕਰਨ ਤੋਂ ਬਾਅਦ ਇਸ ਵਿਚ ਕਹੀ ਨਾਲ ਛੋਟੀਆਂ ਛੋਟੀਆਂ ਕਿਆਰੀਆਂ (ਪਟੜੇ) ਬਣਾ ਲਵੋ, ਜਿਨ੍ਹਾਂ ਦੀ ਲੰਬਾਈ ਅਤੇ ਚੌੜਾਈ ਦੋ ਜਾਂ ਢਾਈ ਫੁੱਟ ਦੇ ਕਰੀਬ ਰੱਖੀ ਜਾ ਸਕਦੀ ਹੈ। ਕਿਆਰੀ ਬਣਾਉਣ ਤੋਂ ਬਾਅਦ ਇਨ੍ਹਾਂ ਵਿਚ ਖੁਰਪੇ ਨਾਲ ਗੋਡੀ ਕਰਕੇ ਜ਼ਮੀਨ ਪੋਲੀ ਅਤੇ ਮਿੱਟੀ ਨੂੰ ਬਾਰੀਕ ਕਰ ਲਵੋ। ਪਾਥੀਆਂ ਦੀ ਰਾਖ, ਗਲੀ ਸੜੀ ਰੂੜੀ ਦੀ ਖਾਦ ਜਾਂ ਫਿਰ ਗੰਡੋਇਆਂ ਦੀ ਖਾਧ ਨੂੰ ਬਾਰੀਕ ਕਰਕੇ ਇਸ ਨੂੰ ਝਾਰੇ ਰਾਹੀਂ ਛਾਣ ਕੇ ਮਿੱਟੀ ਵਿਚ ਮਿਲਾਈ ਜਾ ਸਕਦੀ ਹੈ। ਸਬਜ਼ੀਆਂ ਦੇ ਬੀਜ ਸਰਕਾਰੀ ਵਿਭਾਗਾਂ ਜਾਂ ਫਿਰ ਕਿਸੇ ਭਰੋਸੇਮੰਦ ਦੁਕਾਨਦਾਰ ਤੋਂ ਹੀ ਖਰੀਦਿਆ ਜਾ ਸਕਦਾ ਹੈ। ਕਿਆਰੀਆਂ ਪੂਰੀ ਤਰ੍ਹਾਂ ਤਿਆਰ ਹੋ ਜਾਣ ਤੋਂ ਬਾਅਦ ਬੀਜ ਨੂੰ ਕਿਆਰੀ ਵਿਚ ਬਾਰੀਕ-ਬਾਰੀਕ ਲਾਈਨਾਂ ਬਣਾ ਕੇ ਬੀਜੋ। ਕਿਆਰੀਆਂ ਵਿਚ ਬੀਜ ਬੀਜਣ ਤੋਂ ਬਾਅਦ ਇਨ੍ਹਾਂ ਕਿਆਰੀਆਂ ‘ਤੇ ਫੁਹਾਰੇ ਨਾਲ ਹਲਕਾ-ਹਲਕਾ ਪਾਣੀ ਦਾ ਛਿੜਕਾਅ ਕਰਕੇ ਪਰਾਲੀ ਨਾਲ ਢਕ ਦੇਵੋ।
ਜਦੋਂ ਦੋ-ਤਿੰਨ ਦਿਨਾਂ ਬਾਅਦ ਬੀਜ ਪੁੰਗਰਨ ਲੱਗੇ ਤਾਂ ਕਿਆਰੀਆਂ ਤੋਂ ਪਰਾਲੀ ਹਟਾ ਦੇਣੀ ਚਾਹੀਦੀ ਹੈ ਤੇ ਫੁਹਾਰੇ ਨਾਲ ਪਾਣੀ ਦਾ ਛਿੜਕਾਅ ਕੀਤਾ ਜਾਵੇ। ਧਰਤੀ ਵਿਚੋਂ ਬੀਜ ਬਾਹਰ ਨਿਕਣ ਦੇ ਨਾਲ-ਨਾਲ ਨਦੀਨ ਵੀ ਵੱਡੀ ਪੱਧਰ ‘ਤੇ ਨਾਲੋਂ ਨਾਲ ਉਗ ਪੈਂਦੇ ਹਨ ਜੋ ਪੌਧ ‘ਤੇ ਮਾੜਾ ਅਸਰ ਪਾਉਂਦੇ ਹਨ। ਨਦੀਨਾਂ ਨੂੰ ਪੌਧ ਵਿਚੋਂ ਹਟਾ ਦੇਵੋ ਤਾਂ ਜੋ ਇਹ ਸਬਜ਼ੀ ਦੇ ਬੂਟਿਆਂ ਨੂੰ ਨੁਕਸਾਨ ਨਾ ਪਹੁੰਚਾਉਣ। ਜੇਕਰ ਪੌਧ ਵਿਚ ਕੋਈ ਬਿਮਾਰੀ ਵਾਲਾ ਬੂਟਾ ਦਿਸੇ ਤਾਂ ਉਸ ਨੂੰ ਪੁੱਟ ਦੇਵੋ। ਪੌਧ ‘ਤੇ ਕੀੜਿਆਂ ਦਾ ਹਮਲਾ ਵੀ ਹੋ ਸਕਦਾ ਹੈ ਜਿਸ ਦੀ ਰੋਕਥਾਮ ਲਈ ਕੀੜੇਮਾਰ ਦਵਾਈ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਜਦੋਂ ਪੌਧ 10 ਕੁ ਇੰਚ ਦੀ ਹੋ ਜਾਵੇ ਤਾਂ ਇਹ ਖੇਤ ਵਿਚ ਸ਼ਾਮ ਵੇਲੇ ਲਗਾਈ ਜਾਵੇ। ਸ਼ਾਮ ਨੂੰ ਲਗਾਈ ਗਈ ਪੌਧ ਸਾਰੀ ਰਾਤ ਠੰਢੇ ਮੌਸਮ ਵਿਚ ਤਾਕਤਵਰ ਰਹਿੰਦੀ ਹੈ ਜੋ ਅਗਲੇ ਦਿਨ ਤੇਜ਼ ਧੁੱਪ ਦਾ ਮੁਕਾਬਲਾ ਕਰ ਸਕਦੀ ਹੈ। ਕਿਸਾਨ ਸਬਜ਼ੀਆਂ ਦੀ ਪੌਧ ਬੀਜਣ ਲਈ ਆਪਣੇ ਇਲਾਕੇ ‘ਚ ਸਥਿਤ ਬਾਗਬਾਨੀ ਵਿਭਾਗ ਨਾਲ ਵੀ ਸੰਪਰਕ ਕਰ ਸਕਦੇ ਹਨ।
ਦਵਿੰਦਰ ਸਿੰਘ ਸਨੌਰ
ਬੋਸਰ ਰੋਡ, ਸਨੌਰ (ਪਟਿਆਲਾ)
(source Ajit)