ਸਰਕਾਰ ਜੀ: ਵਿਦਿਆਰਥੀਆਂ ਦਾ ਭਵਿੱਖ ਬਣਉਣ ਵਾਲੇ ਦਾ ਹੀ ਭਵਿੱਖ ਧੰਦਲਾ ਹੈ

63

ਸਰਕਾਰੀ ਬੇਰੁਖੀ ਤੋਂ ਅੱਕੇ ਸਿੱਖਿਆ ਪ੍ਰੋਵਾਈਡਰ ਵੱਲੋਂ ਖੁਦਕੁਸ਼ੀ ਕਰਨ ਮਗਰੋਂ ਅਧਿਆਪਕਾਂ ਜਥੇਬੰਦੀਆਂ ਸਰਕਾਰ ਖਿਲਾਫ ਡਟ ਗਈਆਂ ਹਨ। ਅਧਿਆਪਕਾਂ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਫਿਰੋਜ਼ਪੁਰ ਦੇ ਡੀਸੀ ਦਫਤਰ ਨੂੰ ਘੇਰਾ ਪਾ ਲਿਆ। ਅਧਿਆਪਕਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।

ਰੋਹ ਵਿੱਚ ਆਏ ਅਧਿਆਪਕਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮ੍ਰਿਤਕ ਅਧਿਆਪਕ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ, ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਅਧਿਆਪਕਾਂ ਨੇ ਫ਼ਿਰੋਜ਼ਪੁਰ ਮਿੰਨੀ ਸੈਕਟਰੀਏਟ ਮੂਹਰੇ ਰੋਸ ਮੁਜ਼ਾਹਰਾ ਕਰਦਿਆਂ ਸਾਰੀਆਂ ਮੰਗਾਂ ਮੰਨਣ ਤੇ ਪੁਲਿਸ ਵੱਲੋਂ ਦਰਜ ਕੇਸ ਰੱਦ ਕਰਨ ਦੀ ਵੀ ਮੰਗ ਕੀਤੀ।

ਦਰਅਸਲ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅਧਿਆਪਕ ਵਰਗ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ, ਪਰ ਦੋ ਦਿਨ ਪਹਿਲਾਂ ਫ਼ਿਰੋਜ਼ਪੁਰ ਪੁੱਜੇ ਡਾਇਰੈਕਟਰ ਪ੍ਰਾਇਮਰੀ ਸਿੱਖਿਆ ਦਾ ਵਿਰੋਧ ਕਰਨ ਵਾਲੇ ਅਧਿਆਪਕਾਂ ’ਤੇ ਕੇਸ ਦਰਜ ਕਰ ਦਿੱਤੇ ਗਏ। ਸਰਕਾਰ ਦੀ ਸਖਤੀ ਤੋਂ ਪ੍ਰੇਸ਼ਾਨ ਸਿੱਖਿਆ ਪ੍ਰੋਵਾਈਡਰ ਚੰਨਣ ਸਿੰਘ ਨੇ ਖੁਦਕਸ਼ੀ ਕਰ ਲਈ।

ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਕੇ ਪੂਰੀਆਂ ਤਨਖਾਹਾਂ ਦੇਣ ਤੋਂ ਮੁਨਕਰ ਹੋ ਰਹੀ ਹੈ। ਹੁਣ ਮੰਗਾਂ ਮੰਗਣ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕਰਵਾ ਸਰਕਾਰ ਨਾਦਰਸ਼ਾਹੀ ਹੋਣ ਦਾ ਸਬੂਤ ਦੇ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਸਦਕਾ ਅਧਿਆਪਕ ਵਰਗ ਪ੍ਰੇਸ਼ਾਨੀ ਦੇ ਆਲਮ ਵਿੱਚ ਹੈ।