ਸਬਜ਼ੀਆਂ ਬੀਜੋ, ਵਧੇਰੇ ਮੁਨਾਫ਼ਾ ਕਮਾਓ ਤੇ ਸਿਹਤ ਬਣਾਓ।

55

images

ਭਾਵੇਂ ਸਬਜ਼ੀਆਂ ਦੀ ਪੈਦਾਵਾਰ ‘ਚ ਭਾਰਤ ਦਾ ਵਿਸ਼ਵ ‘ਚ ਦੂਜਾ ਸਥਾਨ ਹੈ ਅਤੇ ਸਾਲਾਨਾ ਪੈਦਾਵਾਰ 1250 ਲੱਖ ਟਨ ਦੀ ਹੈ ਪਰ ਪੌਸ਼ਟਿਕਤਾ ਪੱਖੋਂ ਪ੍ਰਤੀ ਜੀਅ ਪ੍ਰਤੀ ਦਿਨ 300 ਗ੍ਰਾਮ ਸਬਜ਼ੀਆਂ ਲੋੜੀਂਦੀਆਂ ਹਨ ਜੋ ਮੁਹੱਈਆ ਨਹੀਂ ਹਨ। ਪੰਜਾਬ ‘ਚ ਸਬਜ਼ੀਆਂ ਦੀ ਕਾਸ਼ਤ 1.88 ਲੱਖ ਹੈਕਟੇਅਰ ‘ਤੇ ਕੀਤੀ ਜਾਂਦੀ ਹੈ, ਜਿਸ ‘ਚੋਂ 36.65 ਲੱਖ ਟਨ ਦੀ ਪੈਦਾਵਾਰ ਉਪਲੱਬਧ ਹੈ। ਪਰ ਇਸ ਵਿਚੋਂ 45 ਪ੍ਰਤੀਸ਼ਤ ਤਾਂ ਕੇਵਲ ਆਲੂਆਂ ਦੀ ਪੈਦਾਵਾਰ ਹੈ। ਆਲੂ ਨਾ ਤਾਂ ਪੂਰੀ ਪੌਸ਼ਟਿਕ ਖੁਰਾਕ ‘ਚ ਸ਼ੁਮਾਰ ਹੁੰਦੇ ਹਨ ਅਤੇ ਨਾ ਹੀ ਜ਼ਮੀਨ ਦੀ ਉਤਪਾਦਨ ਸ਼ਕਤੀ ਨੂੰ ਸਹਾਇਕ ਹਨ। ਮਨੁੱਖ ਨੂੰ 300 ਗ੍ਰਾਮ ‘ਚੋਂ ਘੱਟੋ-ਘੱਟ 100 ਗ੍ਰਾਮ ਪੱਤਿਆਂ ਵਾਲੀਆਂ ਸਬਜ਼ੀਆਂ ਖਾਣ ਦੀ ਲੋੜ ਹੈ। ਸਬਜ਼ੀਆਂ ਦੀ ਕਾਸ਼ਤ ਅਤੇ ਖਪਤ ‘ਚ ਵਿਭਿੰਨਤਾ ਲਿਆਉਣੀ ਜ਼ਰੂਰੀ ਹੈ। ਇਸ ਲਈ ਪਿਛਲੇ ਹਫ਼ਤੇ ਭਾਰਤੀ ਖੇਤੀ ਖੋਜ ਸੰਸਥਾਨ, (ਪੂਸਾ) ਵਿਖੇ ਸਬਜ਼ੀਆਂ ਦਾ ਸ਼ੋਅ ਕੀਤਾ ਗਿਆ, ਜਿਸ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਤੋਂ ਚੁਣਵੇਂ ਕਿਸਾਨਾਂ ਨੇ ਭਾਗ ਲਿਆ। ਵਿਗਿਆਨੀਆਂ ਨੇ ਸਬਜ਼ੀਆਂ ਤੋਂ ਵਧੇਰੇ ਮੁਨਾਫ਼ਾ ਕਮਾਉਣ ਅਤੇ ਇਨ੍ਹਾਂ ਦੀ ਸਫ਼ਲ ਕਾਸ਼ਤ ਅਤੇ ਸਿਹਤ ਦੇ ਪੱਖੋਂ ਖਪਤ ਤੇ ਪੈਦਾ ਕਰਨ ਦੀਆਂ ਤਰਕੀਬਾਂ ਦੱਸੀਆਂ। 

ਇਸ ਉਤਸਵ ਦਾ ਉਦਘਾਟਨ ਕਰਦਿਆਂ ਸੰਸਥਾਨ ਦੇ ਨਿਰਦੇਸ਼ਕ ਡਾ: ਹਰੀ ਸ਼ੰਕਰ ਗੁਪਤਾ ਨੇ ਕਿਸਾਨਾਂ ਨੂੰ ਪੂਸਾ ਵੱਲੋਂ ਵਿਕਸਿਤ ਗਰਮੀਆਂ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਸਬਜ਼ੀਆਂ ਦੀਆਂ ਕਿਸਮਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਰ ਕਿਸਾਨ ਤੇ ਖਪਤਕਾਰ ਨੂੰ ਆਪਣੇ ਘਰ ‘ਚ ਵਰਤਣ ਲਈ ਕਿਚਨ ਗਾਰਡਨ ਲਾਉਣੇ ਚਾਹੀਦੇ ਹਨ ਅਤੇ ਇਨ੍ਹਾਂ ‘ਚ ਉਗਾਉਣ ਵਾਲੀਆਂ ਸਬਜ਼ੀਆਂ ਕੀਟਨਾਸ਼ਕਾਂ ਅਤੇ ਕੈਮੀਕਲਜ਼ ਤੋਂ ਮੁਕਤ ਉਗਾਈਆਂ ਜਾ ਸਕਦੀਆਂ ਹਨ।
ਮੇਵਾਤ (ਹਰਿਆਣਾ) ‘ਚ ਜਿੱਥੇ ਕਿ ਜ਼ਮੀਨ ਵੀ ਬਹੁਤੀ ਉਪਜਾਊ ਨਹੀਂ ਸੀ ਅਤੇ ਸਿੰਜਾਈ ਦੇ ਪਾਣੀ ਦੀ ਵੀ ਬੜੀ ਘਾਟ ਸੀ ਉਤਪਾਦਕ ਲੌਕੀ ਦੀ ਪੂਸਾ ਨਵੀਨ ਕਿਸਮ ਦੀ ਕਾਸ਼ਤ ਕਰਕੇ ਹੈਕਟੇਅਰ ‘ਚੋਂ 2.5 ਲੱਖ ਰੁਪਏ ਤੀਕ ਕਮਾ ਰਹੇ ਹਨ। ਲੌਕੀ ਦੀਆਂ ਪੂਸਾ ਵੱਲੋਂ ਵਿਕਸਿਤ ਕਿਸਮਾਂ 350 ਕੁਇੰਟਲ ਪ੍ਰਤੀ ਹੈਕਟੇਅਰ ਤੀਕ ਝਾੜ ਦੇ ਦਿੰਦੀਆਂ ਹਨ। ਕੱਦੂ ਜਾਤੀ ਦੀਆਂ ਸਬਜ਼ੀਆਂ ਤੋਂ ਮੁਨਾਫ਼ਾ ਕਮਾਉਣ ਲਈ ਉਨ੍ਹਾਂ ਦੇ ਫ਼ਲ ਨੂੰ ਮਤਵਾਤਰ ਤੋੜਦੇ ਰਹਿਣਾ ਚਾਹੀਦਾ ਹੈ ਤਾਂ ਹੀ ਨਵਾਂ ਫ਼ਲ ਲੱਗਦਾ ਹੈ। ਲੌਕੀ ਦਾ ਫ਼ਲ 60 ਦਿਨ ‘ਚ ਪ੍ਰਾਪਤ ਹੋ ਜਾਂਦਾ ਹੈ। ਹੁਣ ਮੱਧ-ਫਰਵਰੀ ‘ਚ ਕਿਸਾਨਾਂ ਨੂੰ ਲੌਕੀ, ਕੱਦੂ, ਤੋਰੀ, ਕਰੇਲਾ, ਤਰਬੂਜ਼ ਤੇ ਪੇਠਾ (ਹਲਵਾ ਕੱਦੂ) ਲਾ ਦੇਣਾ ਚਾਹੀਦਾ ਹੈ। ਹੁਣ ਖੀਰਾ ਲਾ ਕੇ ਕਿਸਾਨ ਹੈਕਟੇਅਰ ‘ਚੋਂ 160 ਕੁਇੰਟਲ ਤੱਕ ਪੈਦਾਵਾਰ ਲੈ ਕੇ ਵਧੀਆ ਕਮਾਈ ਕਰ ਸਕਦੇ ਹਨ। ‘ਪੂਸਾ ਊਦੇ’ ਬੜੀ ਲਾਹੇਵੰਦ ਕਿਸਮ ਹੈ। ਕਰੇਲੇ ਦੀ ‘ਪੂਸਾ ਵਿਸ਼ੇਸ਼’ ਕਿਸਮ 150 ਕੁਇੰਟਲ ਪ੍ਰਤੀ ਹੈਕਟੇਅਰ ਅਤੇ ਪੂਸਾ ਹਾਈਬ੍ਰਿਡ 2 ਕਿਸਮ 180 ਕੁਇੰਟਲ ਪ੍ਰਤੀ ਹੈਕਟੇਅਰ ਤੀਕ ਝਾੜ ਦੇ ਦਿੰਦੀ ਹੈ। ਇਹ ਕਿਸਮਾਂ 52-55 ਦਿਨ ‘ਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਪੇਠਾ (ਹਲਵਾ ਕੱਦੂ) ਦੀ ਪੂਸਾ ਵਿਸ਼ਵਾਸ ਕਿਸਮ 400 ਕੁਇੰਟਲ ਪ੍ਰਤੀ ਹੈਕਟੇਅਰ ਤੀਕ ਪੈਦਾਵਾਰ ਦਿੰਦੀ ਹੈ ਅਤੇ 120 ਦਿਨ ‘ਚ ਫ਼ਲ ਦੇ ਦੇਂਦੀ ਹੈ।
ਸੰਯੁਕਤ ਡਾਇਰੈਕਟਰ (ਖੋਜ) ਡਾ: ਕੇ.ਵੀ. ਪ੍ਰਭੂ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਸਬਜ਼ੀਆਂ ਅਤੇ ਅਨਾਜ ਦੀਆਂ ਫ਼ਸਲਾਂ ਦੀ ਮਿਲਵੀਂ ਖੇਤੀ ਕਰਕੇ ਵਧੇਰੇ ਮੁਨਾਫ਼ਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਕਾਇਮ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕਣਕ-ਬਾਸਮਤੀ/ਝੋਨਾ ਫ਼ਸਲੀ ਚੱਕਰ ‘ਚ ਕਣਕ ਦੀ ਵਾਢੀ ਤੋਂ ਬਾਅਦ ਗਰਮੀਆਂ ‘ਚ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਕਾਫ਼ੀ ਸਮਾਂ ਮਿਲਦਾ ਹੈ। ਇਸ ਮੌਸਮ ‘ਚ ਸਬਜ਼ੀਆਂ ਉਗਾ ਕੇ ਕਿਸਾਨ ਆਪਣੀ ਆਮਦਨ ਵਧਾ ਸਕਦੇ ਹਨ। ਪੂਸਾ ਵੱਲੋਂ ਇਸ ਮੌਸਮ ‘ਚ ਗਰਮੀ ਦੀਆਂ ਸਬਜ਼ੀਆਂ ਦੀਆਂ ਕਈ ਸਫ਼ਲ ਕਿਸਮਾਂ ਵਿਕਸਿਤ ਕੀਤੀਆਂ ਹਨ। ਇਸੇ ਤਰ੍ਹਾਂ ਇਨ੍ਹਾਂ ਰਾਜਾਂ ਦੇ ਕਪਾਹ ਪੱਟੀ ਦੇ ਉਤਪਾਦਕ ਕਣਕ ਅਤੇ ਕਪਾਹ ਦੀ ਬਿਜਾਈ ਦੇ ਦਰਮਿਆਨ ਥੋੜ੍ਹੇ ਸਮੇਂ ‘ਚ ਪੱਕਣ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਕਰਕੇ ਆਪਣੀ ਆਮਦਨ ‘ਚ ਵਾਧਾ ਕਰ ਸਕਦੇ ਹਨ। ਟਮਾਟਰਾਂ ਦੀ ਪੂਸਾ ਰੂਬੀ ਕਿਸਮ ਦੇ ਉਤਪਾਦਕ ਚੋਖੀ ਕਮਾਈ ਕਰ ਰਹੇ ਹਨ। ਇਸ ਕਿਸਮ ਦੇ ਉਤਪਾਦਕਾਂ ਨੇ ਦੱਸਿਆ ਕਿ ਖਪਤਕਾਰ ਇਸ ਕਿਸਮ ਦੇ ਜ਼ਾਇਕੇ ਨੂੰ ਬੜਾ ਪਸੰਦ ਕਰਦੇ ਹਨ, ਕਿਉਂਕਿ ਇਹ ਖਟਮਿੱਠਾ ਹੈ, ਜਦੋਂ ਕਿ ਦੂਜੀਆਂ ਹਾਈਬ੍ਰਿਡ ਕਿਸਮਾਂ ਦਾ ਟਮਾਟਰ ਜ਼ਾਇਕਾ-ਰਹਿਤ ਹੈ। ਇਸ ਕਿਸਮ ‘ਚ ‘ਵਾਇਰਸ’ ਦੀ ਸਮੱਸਿਆ ਜ਼ਰੂਰ ਆਉਂਦੀ ਹੈ। ਜਿਸ ਲਈ ਸਪਰੇਅ ਕਰਨੇ ਪੈਂਦੇ ਹਨ। ਵਿਗਿਆਨੀਆਂ ਨੇ ਦੱਸਿਆ ਕਿ ਸਬਜ਼ੀਆਂ ਦੀ ਸਿੱਧੀ ਬਿਜਾਈ ਦੇ ਮੁਕਾਬਲੇ ਜੋ ਪਨੀਰੀ ਰਾਹੀਂ ਬੀਜੀਆਂ ਜਾਂਦੀਆਂ ਸਬਜ਼ੀਆਂ ਵਧੇਰੇ ਉਤਪਾਦਕਤਾ ਦਿੰਦੀਆਂ ਹਨ ਅਤੇ ਉਹ ਵਧੇਰੇ ਲਾਹੇਵੰਦ ਰਹਿੰਦੀਆਂ ਹਨ। ਕਿਸਾਨਾਂ ਨੂੰ ਘੱਟ ਖਰਚੇ ‘ਤੇ ਤਿਆਰ ਹੋਣ ਵਾਲੇ ਪੌਲੀ ਹਾਊਸ ਵਿਖਾਏ ਗਏ। ਜਿਨ੍ਹਾਂ ਦੀ ਵਰਤੋਂ ਨਾਲ ਬੇਮੌਸਮੀ ਸਬਜ਼ੀਆਂ ਅਗੇਤੀ ਪਿਛੇਤੀ ਲਾ ਕੇ ਵੱਧ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਸਬਜ਼ੀਆਂ ਦੇ ਡਵੀਜ਼ਨ ਦੇ ਮੁਖੀ ਡਾ: ਪ੍ਰੀਤਮ ਕਾਲੀਆ ਨੇ ਦੱਸਿਆ ਕਿ ਬਾਰਾਮਾਸੀ ਨਿੰਬੂ ਦਸੰਬਰ-ਜਨਵਰੀ ‘ਚ ਪੂਰਾ ਫੁੱਲ ਦਿੰਦਾ ਹੈ। ਪਰੰਤੂ ਜੇ ਜ਼ਿਆਦਾ ਫੁੱਲ ਹੋਣ ਉਨ੍ਹਾਂ ਨੂੰ ਵਿਰਲੇ ਕਰ ਦੇਣਾ ਚਾਹੀਦਾ ਹੈ। ਜਿਸ ਨਾਲ ਫ਼ਲ ਦੀ ਵਧੇਰੇ ਪ੍ਰਾਪਤੀ ਹੁੰਦੀ ਹੈ। ਉਤਪਾਦਕਾਂ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ ਕਿ ਹਰ ਫੁੱਲ ਦਾ ਫ਼ਲ ਨਹੀਂ ਬਣਦਾ।
ਵਿਗਿਆਨੀਆਂ ਨੇ ਸਲਾਹ ਦਿੱਤੀ ਕਿ ਉਤਪਾਦਕਾਂ ਨੂੰ ਮਤਵਾਤਰ ਇੱਕੋ ਸਬਜ਼ੀ ਨਹੀਂ ਲਗਾਉਣੀ ਚਾਹੀਦੀ। ਸਬਜ਼ੀਆਂ ਬਦਲ-ਬਦਲ ਕੇ ਲਾਉਣੀਆਂ ਚਾਹੀਦੀਆਂ ਹਨ, ਜਿਸ ਨਾਲ ਉਤਪਾਦਨ ਵੀ ਵੱਧ ਮਿਲਦਾ ਹੈ ਅਤੇ ਜ਼ਮੀਨ ਦੀ ਉਤਪਾਦਨ ਸ਼ਕਤੀ ਵੀ ਕਾਇਮ ਰਹਿੰਦੀ ਹੈ। ਇਸੇ ਤਰ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਵੀ ਬਦਲ-ਬਦਲ ਕੇ ਕਰਨੀ ਚਾਹੀਦੀ ਹੈ। ਵਿਗਿਆਨੀਆਂ ਨੇ ਦੱਸਿਆ ਕਿ ਮਿੱਟੀ ‘ਚ ਬੋਰਨ ਦੀ ਘਾਟ ਆ ਗਈ ਹੈ ਅਤੇ ਕਾਰਬਨ ਦੀ ਵੀ ਕਮੀ ਆ ਰਹੀ ਹੈ। ਇਸ ਨੂੰ ਪੂਰਾ ਕਰਨ ਲਈ ਬੋਰੋਕਸ ਤੇ ਬਾਇਓ-ਮਾਸ ਜ਼ਮੀਨ ‘ਚ ਪਾਉਣ ਦੀ ਲੋੜ ਹੈ, ਜੋ ਸਬਜ਼ੀਆਂ ਦੀ ਕਾਸ਼ਤ ਲਈ ਜ਼ਰੂਰੀ ਹੈ।
ਕਿਚਨ ਗਾਰਡਨਿੰਗ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਵਿਗਿਆਨੀਆਂ ਨੇ ਕੀਟਨਾਸ਼ਕ ਅਤੇ ਕੈਮੀਕਲਜ਼ ਦੀ ਵਰਤੋਂ ਤੋਂ ਗੁਰੇਜ਼ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਯੂਰੀਏ ਦੀ ਥਾਂ ਨਾਈਟਰੋਜਨ ਮੁਹੱਈਆ ਕਰਨ ਲਈ ਗੋਬਰ ਖਾਦ ਤੇ ਵਰਮੀ ਕੰਪੋਸਟ ਜਿਨ੍ਹਾਂ ਵਿਚ ਤਰਤੀਬਵਾਰ 0.5 ਤੇ 1.5 ਪ੍ਰਤੀਸ਼ਤ ਨਾਈਟਰੋਜਨ ਹੁੰਦੀ ਹੈ, ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਤੁਸੀਂ ਜੈਵਿਕ ਸਬਜ਼ੀਆਂ ਉਗਾਉਂਦੇ ਹੋ ਤਾਂ ਮਤਵਾਤਰ ਜੈਵਿਕ ਹੀ ਉਗਾਉ। ਇਸ ਵਿਧੀ ਨੂੰ ਛੱਡਣਾ ਨਹੀਂ ਚਾਹੀਦਾ। ਕਿਚਨ ਗਾਰਡਨ ਨੂੰ ਬਿਮਾਰੀਆਂ ਤੋਂ ਮੁਕਤ ਰੱਖਣ ਲਈ ਨੀਮ, ਗਊ ਮੂਤਰ ਤੇ ਤੁਲਸੀ ਦੇ ਪੱਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਿਚਨ ਗਾਰਡਨ ਦੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦੀ ਲੋੜ ਹੈ। ਗਲੀਆਂ ਸੜੀਆਂ ਸਬਜ਼ੀਆਂ ਤੇ ਫ਼ਲ ਇਸ ਦੇ ਕੋਲ ਨਹੀਂ ਸੁੱਟਣੇ ਚਾਹੀਦੇ। ਜਿਨ੍ਹਾਂ ਕੋਲ ਜ਼ਮੀਨ ਨਹੀਂ ਸ਼ਹਿਰਾਂ ‘ਚ ਖਪਤਕਾਰ ਗਮਲਿਆਂ ‘ਚ ਵੀ ਸਬਜ਼ੀਆਂ ਉਗਾ ਸਕਦੇ ਹਨ। ਇਸ ਸਬੰਧੀ ਪੂਸਾ ਸੰਸਥਾਨ ਦੇ ਸਬਜ਼ੀ ਡਵੀਜ਼ਨ ਵਿਚ ਟੈਕਨੋਲੋਜੀ ਤੇ ਯੋਗ ਕਿਸਮਾਂ ਦੇ ਬੀਜ ਉਪਲੱਬਧ ਹਨ।

ਭਗਵਾਨ ਦਾਸ
-ਮੋਬਾ: 98152-36307
source Ajit