ਸਨਿਚਰਵਾਰ 21 ਮਈ 2016 (8 ਜੇਠ ਸੰਮਤ 548 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਹਰਿ ਹਰਿ ਨਾਮੁ ਅਪਾਰ ਅਮੋਲੀ ॥ ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥੧॥ ਰਹਾਉ ॥ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ ॥ ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥੧॥ ਰੂਪ ਨ ਧੂਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥ ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ ॥੨॥੩॥੮੯॥ {ਅੰਗ 822}
ਅਰਥ: (ਹੇ ਸਹੇਲੀਏ!) ਬੇਅੰਤ ਹਰੀ ਦਾ ਨਾਮ ਕਿਸੇ ਦੁਨੀਆਵੀ ਪਦਾਰਥ ਵੱਟੇ ਨਹੀਂ ਮਿਲ ਸਕਦਾ। ਉਹ ਹਰਿ–ਨਾਮ ਮੇਰੀ ਜਿੰਦ ਦਾ ਪਿਆਰਾ ਬਣ ਗਿਆ ਹੈ, ਮੇਰੇ ਮਨ ਦਾ ਸਹਾਰਾ ਬਣ ਗਿਆ ਹੈ। ਜਿਵੇਂ ਕੋਈ ਪਾਨ ਵੇਚਣ ਵਾਲੀ (ਆਪਣੇ)ਪਾਨਾਂ ਦਾ ਖ਼ਿਆਲ ਰੱਖਦੀ ਹੈ, ਤਿਵੇਂ ਮੈਂ ਹਰਿ–ਨਾਮ ਨੂੰ ਆਪਣੇ ਚਿੱਤ ਵਿਚ ਚਿਤਾਰਦੀ ਰਹਿੰਦੀ ਹਾਂ।੧।ਰਹਾਉ। (ਹੇ ਸਹੇਲੀਏ!) ਜਦੋਂ ਗੁਰੂ ਨੇ ਮੈਨੂੰ (ਭੇਦ) ਦੱਸ ਦਿੱਤਾ, ਤਾਂ ਮੈਂ ਆਤਮਕ ਅਡੋਲਤਾ ਵਿਚ ਲੀਨ ਹੋ ਗਈ, ਹੁਣ ਮੇਰੀ ਸਰੀਰ–ਚੋਲੀ ਪ੍ਰਭੂ ਦੇ ਪ੍ਰੇਮ–ਰੰਗ ਵਿਚ ਰੰਗੀ ਗਈ ਹੈ। ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਮੇਰੇ ਵੱਡੇ ਭਾਗ ਜਾਗ ਪਏ ਹਨ, ਤਦੋਂ ਤੋਂ ਮੈਨੂੰ ਪਿਆਰੇ ਦਾ ਦਰਸਨ ਹੋ ਰਿਹਾ ਹੈ। ਹੁਣ ਮੇਰਾ ਇਹ ਸੁਹਾਗ (ਮੇਰੇ ਸਿਰ ਤੋਂ) ਲਾਂਭੇ ਨਹੀਂ ਹੋਵੇਗਾ।੧। (ਹੇ ਸਹੇਲੀਏ!) ਨਾਹ ਕੋਈ ਸੋਹਣੇ ਪਦਾਰਥ, ਨਾਹ ਕੋਈ ਧੂਪ, ਨਾਹ ਸੁਗੰਧੀਆਂ, ਨਾਹ ਦੀਵੇ (-ਕੋਈ ਭੀ ਅਜੇਹੇ ਪਦਾਰਥ ਮੈਂ ਆਪਣੇ ਪਤੀ ਦੇਵ ਅੱਗੇ ਭੇਟਾ ਨਹੀਂ ਕੀਤੇ। ਗੁਰੂ ਦੀ ਕਿਰਪਾ ਨਾਲ ਹੀ) ਮੇਰਾ ਆਪਾ ਪ੍ਰਭੂ–ਪਤੀ ਨਾਲ ਇੱਕ–ਮਿੱਕ ਹੋ ਗਿਆ ਹੈ, ਉਸ ਦੇ ਨਾਲ ਮਿਲ ਕੇ ਮੇਰਾ ਮਨ ਖਿੜ ਪਿਆ ਹੈ। ਹੇ ਨਾਨਕ! ਆਖ-(ਹੇ ਸਹੇਲੀਏ!) ਪਿਆਰੇ ਪ੍ਰਭੂ ਨੇ ਮੈਨੂੰ ਸੁਹਾਗਣ ਬਣਾ ਕੇ ਆਪਣੇ ਨਾਲ ਮਿਲਾ ਲਿਆ ਹੈ, ਮੇਰੀ ਹਿਰਦਾ–ਸੇਜ ਹੁਣ ਬਹੁਤ ਸੋਹਣੀ ਬਣ ਗਈ ਹੈ।੨।੩।੮੯।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
www.thatta.in | fb/PindThatta | WhatsApp: 98728-98928