ਸਤਿਕਾਰ ਕਮੇਟੀ ਨੇ ਕੀਤਾ ਰੋਸ ਵਿਖਾਵਾ, ਪਿੰਡ ਦਾ ਮਹੌਲ ਵਿਗਾੜਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ *

45

mcਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਭਾਈ ਬਲਬੀਰ ਸਿੰਘ ਮੁੱਛਲ ਅੰਮ੍ਰਿਤਸਰ ਅਤੇ ਸੰਤ ਬਾਬਾ ਗੁਰਚਰਨ ਸਿੰਘ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਪਾਸੋਂ ਮੰਗ ਕੀਤੀ ਕਿ ਪੰਜਾਬ ਵਿਚ ਸ਼ਾਂਤੀ ਦਾ ਮਾਹੌਲ ਵਿਗਾੜਨ ਵਾਲਿਆਂ ਵਿਰੁੱਧ ਕਾਰਵਾਈ ਕਰ ਕੇ ਉਨ੍ਹਾਂ ਨੂੰ ਨਿਆਂ ਦਵਾਇਆ ਜਾਵੇ। ਸਤਿਕਾਰ ਕਮੇਟੀ ਦੇ ਮੈਂਬਰ ਭਾਈ ਸੁਰਜੀਤ ਸਿੰਘ ਖੋਸੇ ਨੇ ਦੱਸਿਆ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਠੱਟਾ ਨਵਾਂ ਵਿਖੇ ਪਿਛਲੇ 4 ਦਹਾਕਿਆਂ ਤੋਂ ਵੀ ਪੁਰਾਣਾ ਗੁਰਦੁਆਰਾ ਸਾਹਿਬ ਵਾਲਮੀਕ ਭਰਾਵਾਂ ਦੇ ਮੁਹੱਲੇ ਵਿਚ ਬਣਿਆ ਸੀ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਉਨ੍ਹਾਂ ਦੱਸਿਆ ਕਿ ਸੰਤ ਬਾਬਾ ਗੁਰਚਰਨ ਸਿੰਘ ਅਨੁਸਾਰ ਉਕਤ ਗੁਰਦੁਆਰੇ ਦੀ ਖਸਤਾ ਹਾਲ ਇਮਾਰਤ ਢਾਹ ਕੇ ਨਵੀਂ ਬਣਾਉਣ ਲਈ ਨੇੜਲੇ ਇਕ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ। ਉਕਤ ਗੁਰਦੁਆਰੇ ਲਈ 5 ਲੱਖ ਰੁਪਏ ਸੰਤ ਬਾਬਾ ਗੁਰਚਰਨ ਸਿੰਘ, ਸਾਢੇ 3 ਲੱਖ ਰੁਪਏ ਇਟਲੀ ਦੇ ਇਕ ਗੁਰਸਿੱਖ ਅਤੇ ਬਾਕੀ ਪੈਸੇ ਸੰਗਤਾਂ ਨੇ ਦਿੱਤੇ ਅਤੇ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਉਕਤ ਗੁ: ਸਾਹਿਬ ਦੀ ਇਮਾਰਤ ਤਿਆਰ ਕਰ ਦਿੱਤੀ ਗਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਦਿਨ ਨਿਸ਼ਚਿਤ ਕਰ ਦਿੱਤਾ ਗਿਆ ਪਰੰਤੂ ਕੁਝ ਵਿਅਕਤੀਆਂ ਨੇ ਇਸ ਤੋਂ ਪਹਿਲਾਂ ਹੀ ਗੁ: ਸਾਹਿਬ ਦੇ ਜਿੰਦਰੇ ਤੋੜ ਕੇ ਉਥੇ ਸ੍ਰੀ ਰਮਾਇਣ ਦਾ ਪ੍ਰਕਾਸ਼ ਕਰ ਦਿੱਤਾ। ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਅਪੀਲ ਕੀਤੀ ਕਿ ਉਹ ਸਾਰੇ ਭਗਵਾਨ ਵਾਲਮੀਕ ਅਤੇ ਸ੍ਰੀ ਰਮਾਇਣ ਦਾ ਪੂਰਾ ਸਤਿਕਾਰ ਕਰਦੇ ਹਨ ਪਰੰਤੂ ਜੋ ਨਿਰਮਾਣ ਕੀਤਾ ਗਿਆ ਹੈ, ਉਥੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਣਾ ਹੀ ਉਚਿਤ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਮਸਲੇ ਦੀ ਉਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਮੰਗ ਕਰਨ ਵਾਲਿਆਂ ਵਿਚ ਭਾਈ ਬਲਕਾਰ ਸਿੰਘ ਡੱਲਾ, ਮੋਹਨ ਸਿੰਘ, ਗੁਰਬਖਸ਼ ਸਿੰਘ, ਅਨੌਖ ਸਿੰਘ, ਹਰਦੀਪ ਸਿੰਘ, ਭਾਈ ਅਮਰਜੀਤ ਸਿੰਘ, ਅਵਤਾਰ ਸਿੰਘ ਸੰਧੂ, ਭਾਈ ਮਲਕੀਤ ਸਿੰਘ, ਜੋਗਾ ਸਿੰਘ, ਹਰਜੀਤ ਸਿੰਘ, ਬਲਬੀਰ ਸਿੰਘ, ਜਰਮਲ ਸਿੰਘ ਸ਼ੇਖਮਾਂਗਾ ਹਾਜ਼ਰ ਸਨ।