ਸ਼ੁੱਕਰਵਾਰ 29 ਜਨਵਰੀ 2016 (16 ਮਾਘ ਸੰਮਤ 547 ਨਾਨਕਸ਼ਾਹੀ)

65
Today's Mukhwak from G.Damdama Sahib Thatta

Today's Mukhwak from G.Damdama Sahib Thatta

ਧਨਾਸਰੀ ਮਹਲਾ ੩ ॥ ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥ ਗੁਰ ਕੈ ਸਬਦਿ ਭਰੇ ਭੰਡਾਰਾ ॥ ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥ ਮਾਇਆ ਮੋਹਿ ਜਲੈ ਅਭਿਮਾਨੁ ॥੧॥ ਗੁਰਮੁਖਿ ਹਰਿ ਰਸੁ ਚਾਖੈ ਕੋਇ ॥ ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥ ਸਬਦੁ ਦੀਪਕੁ ਵਰਤੈ ਤਿਹੁ ਲੋਇ ॥ ਜੋ ਚਾਖੈ ਸੋ ਨਿਰਮਲੁ ਹੋਇ ॥ ਨਿਰਮਲ ਨਾਮਿ ਹਉਮੈ ਮਲੁ ਧੋਇ ॥ ਸਾਚੀ ਭਗਤਿ ਸਦਾ ਸੁਖੁ ਹੋਇ ॥੨॥ ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥ ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥ ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥ ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥ ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥ ਅਨਦਿਨੁ ਦਾਝਹਿ ਸਾਤਿ ਨ ਪਾਇ ॥ ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥ ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥ {ਅੰਗ 664}

ਅਰਥ: ਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਇਹ ਹਰਿਨਾਮਰਸ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ।ਰਹਾਉ। ਹੇ ਭਾਈ! ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ, ਕਦੇ ਨਾਹ ਮੁੱਕਣ ਵਾਲਾ ਧਨ ਹੈ। ਗੁਰੂ ਦੇ ਸ਼ਬਦ ਵਿਚ (ਜੁੜਿਆਂ ਮਨੁੱਖ ਦੇ ਅੰਦਰ ਇਸ ਧਨ ਦੇ) ਖ਼ਜ਼ਾਨੇ ਭਰ ਜਾਂਦੇ ਹਨ। ਹੇ ਭਾਈ! ਹਰਿਨਾਮਧਨ ਤੋਂ ਬਿਨਾ ਹੋਰ (ਦੁਨੀਆ ਵਾਲਾ ਧਨ)ਸਾਰਾ ਜ਼ਹਰ ਸਮਝ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)(ਦੁਨੀਆ ਵਾਲਾ ਧਨ) ਅਹੰਕਾਰ ਪੈਦਾ ਕਰਦਾ ਹੈ (ਦੁਨੀਆ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ) ਮਾਇਆ ਦੇ ਮੋਹ ਵਿਚ ਸੜਦਾ ਰਹਿੰਦਾ ਹੈ।੧। ਹੇ ਭਾਈ! ਗੁਰੂ ਦਾ ਸ਼ਬਦ (ਮਾਨੋ) ਦੀਵਾ (ਹੈ, ਜੋ) ਸਾਰੇ ਸੰਸਾਰ ਵਿਚ ਚਾਨਣ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਖਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। (ਗੁਰੂ ਦੇ ਸ਼ਬਦ ਦੀ ਰਾਹੀਂ) ਪਵਿਤ੍ਰ ਹਰਿਨਾਮ ਵਿਚ (ਜੁੜ ਕੇ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਧੋ ਲੈਂਦਾ ਹੈ। ਸਦਾਥਿਰ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।੨। ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮਰਸ ਚੱਖ ਲਿਆ, ਉਹ ਪਰਮਾਤਮਾ ਦਾ ਦਾਸ ਬਣ ਗਿਆ। ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ, ਉਸ ਨੂੰ ਕੋਈ ਗ਼ਮ ਨਹੀਂ ਵਿਆਪਦਾ। ਉਹ ਮਨੁੱਖ ਆਪ (ਦੁੱਖਾਂ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਬਚਾ ਲੈਂਦਾ ਹੈ। ਉਹ (ਵਡਭਾਗੀ) ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਤੇ, ਪਰਮਾਤਮਾ ਪਾਸੋਂ ਸੁਖ ਹਾਸਲ ਕਰਦਾ ਹੈ।੩। ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲੈਂਦੀ ਹੈ। (ਗੁਰੂ ਤੋਂ ਵਿਛੁੜ ਕੇ ਮਨੁੱਖ) ਹਰ ਵੇਲੇ (ਮਾਇਆ ਦੇ ਮੋਹ ਵਿਚ) ਸੜਦੇ ਰਹਿੰਦੇ ਹਨ। (ਗੁਰੂ ਦੀ ਸਰਨ ਤੋਂ ਬਿਨਾ ਮਨੁੱਖ) ਸ਼ਾਂਤੀ ਹਾਸਲ ਨਹੀਂ ਕਰ ਸਕਦਾ। ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਦੀ ਸਾਰੀ (ਮਾਇਆ ਦੀ) ਤ੍ਰੇਹ ਮਿਟਾ ਦੇਂਦਾ ਹੈ। ਹੇ ਨਾਨਕ! ਉਹ ਮਨੁੱਖ ਹਰਿਨਾਮ ਵਿਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ।੪।੨।

 

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥

www.thatta.in, WhatsApp: 98728-98928