ਸੋਰਠਿ ਮਹਲਾ ੫ ॥ ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ ਸੰਤਹੁ ਸੁਖੁ ਹੋਆ ਸਭ ਥਾਈ ॥ ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥ {ਅੰਗ 628}
ਅਰਥ: ਹੇ ਸੰਤ ਜਨੋ! (ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿਚ ਮੌਜੂਦ ਹੈ (ਉਸ ਮਨੁੱਖ ਨੂੰ) ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ।ਰਹਾਉ। ਹੇ ਸੰਤ ਜਨੋ! (ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ) ਪਰਮੇਸਰ ਨੇ (ਵਿਕਾਰਾਂ ਦੇ ਰਾਹ ਵਿਚ) ਡੱਕਾ ਮਾਰ ਦਿੱਤਾ, (ਉਸ ਮਨੁੱਖ ਦੇ ਅੰਦਰੋਂ) ਪਰਮੇਸਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ। ਜਿਨ੍ਹਾਂ ਜੀਵਾਂ ਉਤੇ ਪ੍ਰਭੂ ਨੇ (ਇਹ) ਕਿਰਪਾ ਕਰ ਦਿੱਤੀ ਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ।੧। ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤਿ–ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ, ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ। ਹੇ ਨਾਨਕ! ਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮੇਹਰਵਾਨ ਹੋਇਆ ਰਹਿੰਦਾ ਹੈ, ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ (ਸਦਾ) ਉਚਾਰਦਾ ਹੈ।੨।੧੩।੭੭।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
for more details, please visit www.thatta.in
ਪੰਜਾਬ ਦੇ ਕਿਸੇ ਪਿੰਡ ਦੀ ਪੰਜਾਬੀ ਭਾਸ਼ਾ ਵਿੱਚ ਬਣੀ ਹੋਈ ਪਹਿਲੀ ਵੈਬਸਾਈਟ।