ਸ਼ੁੱਕਰਵਾਰ 14 ਫਰਵਰੀ 2014 (ਮੁਤਾਬਿਕ 3 ਫੱਗਣ ਸੰਮਤ 545 ਨਾਨਕਸ਼ਾਹੀ) 04:00 AM IST

40

11

ਧਨਾਸਰੀ ਮਹਲਾ ੫ ਘਰੁ ੧ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥ ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥੧॥ ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥ ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥ ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥ ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥ ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥ ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥ ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥ {ਅੰਗ 670}

ਪਦਅਰਥ: ਭਵ ਖੰਡਨ—ਹੇ ਜਨਮ ਮਰਨ (ਦੇ ਗੇੜ ਦਾ) ਨਾਸ ਕਰਨ ਵਾਲੇ! ਦੁਖ ਭੰਜਨ—ਹੇ ਦੁੱਖਾਂ ਦਾ ਨਾਸ ਕਰਨ ਵਾਲੇ! ਭਗਤਿ ਵਛਲ—ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਨਿਰੰਕਾਰੇ—ਹੇ ਆਕਾਰ—ਰਹਿਤ ਪ੍ਰਭੂ! ਕੋਟਿ—ਕ੍ਰੋੜਾਂ। ਭੀਤਰਿ—ਵਿਚ। ਜਾਂ—ਜਦੋਂ। ਗੁਰਮੁਖਿ—ਗੁਰੂ ਦੀ ਸਰਨ ਪੈ ਕੇ। ਸਮਾਰੇ—ਸੰਭਾਲਦਾ ਹੈ।੧।

ਦੀਨ ਦਇਆਲਿ—ਦੀਨਾਂ ਉਤੇ ਦਇਆ ਕਰਨ ਵਾਲੇ ਨੇ। ਪ੍ਰਭਿ—ਪ੍ਰਭੂ ਨੇ। ਪੰਚ ਦੂਤਾਰੇ—(ਕਾਮਾਦਿਕ) ਪੰਜ ਵੈਰੀ।੧।ਰਹਾਉ।

ਸੋਹਹਿ—ਸੋਹਣੇ ਲੱਗਦੇ ਹਨ। ਦਾਤੇ—ਹੇ ਦਾਤਾਰ! ਲੇਹੁ ਉਬਾਰੇ—ਬਚਾ ਲਵੋ।੨।

ਵਰਨੁ—ਰੰਗ। ਰੂਪੁ—ਸ਼ਕਲ। ਕੁਦਰਤਿ—ਤਾਕਤ। ਜਲਿ—ਜਲ ਵਿਚ। ਥਲਿ—ਧਰਤੀ ਵਿਚ। ਮਹੀਅਲਿ—ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਸ੍ਰਬ ਠਾਈ—ਸਭਨੀਂ ਥਾਈਂ। ਗਿਰਧਾਰੇ—ਹੇ ਗਿਰਧਾਰੀ! {ਗਿਰਿ—ਪਹਾੜ} ਹੇ ਪ੍ਰਭੂ!।੩।

ਕੀਰਤਿ—ਉਸਤਤਿ, ਸਿਫ਼ਤਿ-ਸਾਲਾਹ। ਕਰਹਿ—ਕਰਦੇ ਹਨ। ਮੁਰਾਰੇ—ਹੇ ਮੁਰਾਰੀ! ਪੁਰਖੁ—ਸਰਬ—ਵਿਆਪਕ।੪।

ਅਰਥ: ਹੇ ਭਾਈ! ਮੇਰਾ ਮਨ ਪਿਆਰੇ ਪਰਮਾਤਮਾ (ਦੇ ਨਾਮ) ਨਾਲ ਗਿੱਝ ਗਿਆ ਹੈ। ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਨੇ (ਆਪ ਹੀ) ਕਿਰਪਾ ਕੀਤੀ ਹੈ, ਤੇ, ਪੰਜੇ (ਕਾਮਾਦਿਕ) ਵੈਰੀ (ਮੇਰੇ) ਵੱਸ ਵਿਚ ਕਰ ਦਿੱਤੇ ਹਨ।੧।ਰਹਾਉ।

ਹੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲੇ! ਹੇ ਦੁੱਖਾਂ ਦੇ ਦੂਰ ਕਰਨ ਵਾਲੇ! ਹੇ ਮਾਲਕ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਆਕਾਰ-ਰਹਿਤ! ਜਦੋਂ ਕੋਈ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਹਿਰਦੇ ਵਿਚ ਵਸਾਂਦਾ ਹੈ,ਉਸ ਦੇ ਕ੍ਰੋੜਾਂ ਪਾਪ ਇਕ ਖਿਨ ਵਿਚ ਮਿਟ ਜਾਂਦੇ ਹਨ।੧।

ਹੇ ਪ੍ਰਭੂ! ਤੇਰਾ ਥਾਂ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ। ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ। ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਮਾਲਕ-ਪ੍ਰਭੂ! ਮੇਹਰ ਕਰ; (ਮੈਨੂੰ ਕਾਮਾਦਿਕ ਵੈਰੀਆਂ ਤੋਂ) ਬਚਾਈ ਰੱਖ।੨।

ਹੇ ਪ੍ਰਭੂ! ਤੇਰਾ ਕੋਈ ਰੰਗ ਨਹੀਂ ਦਿੱਸਦਾ; ਤੇਰੀ ਕੋਈ ਸ਼ਕਲ ਨਹੀਂ ਦਿੱਸਦੀ। ਕੋਈ ਮਨੁੱਖ ਨਹੀਂ ਸੋਚ ਸਕਦਾ ਕਿ ਤੇਰੀ ਕਿਤਨੀ ਕੁ ਤਾਕਤ ਹੈ। ਹੇ ਅਪਹੁੰਚ ਪਰਮਾਤਮਾ! ਤੂੰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਈਂ ਮੌਜੂਦ ਹੈਂ।੩।

ਹੇ ਮੁਰਾਰੀ! ਤੂੰ ਨਾਸ-ਰਹਿਤ ਹੈਂ; ਤੂੰ ਸਰਬ-ਵਿਆਪਕ ਹੈਂ, ਤੇਰੇ ਸਾਰੇ ਸੇਵਕ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ। ਹੇ ਦਾਸ ਨਾਨਕ! (ਆਖ-) ਹੇ ਸੁਆਮੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਂ ਤੇਰੀ ਸਰਨ ਆਇਆ ਹਾਂ। ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰ।੪।੧।