ਸ਼ਨੀਵਾਰ 5 ਅਪ੍ਰੈਲ 2014 (ਮੁਤਾਬਿਕ 23 ਚੇਤ ਸੰਮਤ 546 ਨਾਨਕਸ਼ਾਹੀ) 03:45 AM IST

53

11

ਸੋਰਠਿ ਮਹਲਾ ੫ ਘਰੁ ੩ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥੧॥ ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥ {ਅੰਗ 625}

ਪਦਅਰਥ: ਰਾਮਦਾਸ ਸਰੋਵਰਿ—ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ ਜਿਥੇ ਨਾਮ—ਜਲ ਦਾ ਪ੍ਰਵਾਹ ਚੱਲਦਾ ਹੈ। ਨਾਤੇ—ਨ੍ਹਾਤੇ। ਸਭਿ—ਸਾਰੇ। ਕਮਾਤੇ—ਕਮਾਏ ਹੋਏ, ਕੀਤੇ ਹੋਏ। ਕਰਿ—ਕਰ ਕੇ। ਗੁਰਿ—ਗੁਰੂ ਨੇ। ਦਾਨਾ—ਬਖ਼ਸ਼ਸ਼।੧।

ਸਭਿ—ਸਾਰੇ। ਕੁਸਲ ਖੇਮ—ਸੁਖ ਆਨੰਦ। ਪ੍ਰਭਿ—ਪ੍ਰਭੂ ਨੇ। ਸਭਿ ਥੋਕ—ਸਾਰੀਆਂ ਚੀਜ਼ਾਂ, ਆਤਮਕ ਜੀਵਨ ਦੇ ਸਾਰੇ ਗੁਣ। ਉਬਾਰੇ—ਬਚਾ ਲਏ। ਬੀਚਾਰੇ—ਬੀਚਾਰਿ, ਵਿਚਾਰ ਕੇ, ਸੋਚ—ਮੰਡਲ ਵਿਚ ਟਿਕਾ ਕੇ।ਰਹਾਉ।

ਸਾਧ ਸੰਗਿ—ਸਾਧ ਸੰਗਤਿ ਵਿਚ। ਮਲੁ—ਵਿਕਾਰਾਂ ਦੀ ਮੈਲ। ਸਾਥੀ—ਸਹਾਈ। ਪੁਰਖ—ਸਰਬ—ਵਿਆਪਕ।੨।

ਅਰਥ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ (ਵਿਕਾਰਾਂ ਦੇ ਢਹੇ ਚੜ੍ਹਨ ਤੋਂ) ਠੀਕ-ਠਾਕ ਬਚਾ ਲਏ, ਪ੍ਰਭੂ ਨੇ (ਉਸ ਦੇ ਹਿਰਦੇ ਵਿਚ) ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ।ਰਹਾਉ।

ਹੇ ਭਾਈ! ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ ਨਾਮ-ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ, ਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ। (ਹਰਿ-ਨਾਮ-ਜਲ ਨਾਲ) ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ।੧।

ਹੇ ਭਾਈ! ਸਾਧ ਸੰਗਤਿ ਵਿਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ, (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ। ਹੇ ਨਾਨਕ! (ਜਿਸ ਮਨੁੱਖ ਨੇ ਰਾਮਦਾਸ-ਸਰੋਵਰ ਵਿਚ ਆ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਬ-ਵਿਆਪਕ ਹੈ।੨।੧।੬੫।

ਨੋਟ: ਇਥੋਂ ‘ਘਰੁ ੩’ ਦੇ ਸ਼ਬਦ ਦੋ ਬੰਦਾਂ ਵਾਲੇ ਸ਼ੁਰੂ ਹੋਏ ਹਨ। ਦੁ-ਪਦੇ-ਦੋ ਬੰਦਾਂ ਵਾਲੇ।