ਸ਼ਨੀਵਾਰ 28 ਮਾਰਚ 2015 (ਮੁਤਾਬਿਕ 15 ਚੇਤ ਸੰਮਤ 547 ਨਾਨਕਸ਼ਾਹੀ)

35
Today's Mukhwak from G.Damdama Sahib Thatta

Huqam

ਰਾਗੁ ਸੋਰਠਿ ਵਾਰ ਮਹਲੇ ੪ ਕੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੧ ॥ ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥ ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ ॥ ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥ ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥ ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥ ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥ ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥੧॥ {642}
ਪਦਅਰਥ: ਮਨਿ—ਮਨ ਵਿਚ। ਦੰਦੀ ਮੈਲੁ—ਦੰਦਾਂ ਵਿਚ ਮੈਲ, ਦੰਦ—ਕਥਾ, ਨਿੰਦਿਆ। ਕਤੁ—ਚੀਰ, ਵਿੱਥ, ਵੈਰ—ਵਿਰੋਧ। ਸਸੁਰੈ—ਸਹੁਰੇ ਘਰ, ਪਰਲੋਕ ਵਿਚ। ਪੇਈਐ—ਪੇਕੇ ਘਰ, ਇਸ ਲੋਕ ਵਿਚ। ਨਿਸੰਗ—ਨਿਝੱਕ। ਪਰਹਰਿ—ਛੱਡ ਕੇ। ਕਪੜੁ—ਵਿਖਾਵਾ। ਪਿਰ ਮਿਲੈ—ਪਤੀ ਨੂੰ ਮਿਲੇ। ਪਿਰੁ ਰਾਵੈ—ਪਤੀ ਮਾਣਦਾ ਹੈ। ਖੁਸੀ ਸੰਗਿ ਪ੍ਰਸੰਨਤਾ ਨਾਲ, ਤ੍ਰੁੱਠ ਕੇ। ਪਤੰਗੁ—ਰਤਾ ਭਰ ਭੀ। ਸਸੂ—ਮਾਇਆ। ਦੇਵਰ ਜੇਠ—(ਸੱਸ) ਮਾਇਆ ਦੇ ਪੁਤ੍ਰ, ਕਾਮਾਦਿਕ ਵਿਕਾਰ। ਪਿਰ ਭਾਵੈ—ਪਤੀ ਨੂੰ ਚੰਗੀ ਲੱਗੇ। ਕਰਮ ਮਣੀ—ਭਾਗਾਂ ਦੀ ਮਣੀ।
ਅਰਥ: ਸੋਰਠਿ ਰਾਗਣੀ ਸਦਾ ਸੋਹਣੀ ਲੱਗੇ ਜੇ (ਇਸ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਵਿਆਂ) ਸਦ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਵੱਸ ਪਏ, ਨਿੰਦਿਆ ਕਰਨ ਦੀ ਵਾਦੀ ਨਾਹ ਰਹੇ, ਮਨ ਵਿਚ ਕਿਸੇ ਨਾਲ ਵੈਰ-ਵਿਰੋਧ ਨਾਹ ਹੋਵੇ, ਤੇ ਜੀਭ ਉਤੇ ਉਹ ਸੱਚਾ ਮਾਲਕ ਹੋਵੇ। (ਇਸ ਤਰ੍ਹਾਂ ਜੀਵ-ਇਸਤ੍ਰੀ) ਲੋਕ ਪਰਲੋਕ ਵਿਚ (ਪਰਮਾਤਮਾ ਦੇ) ਡਰ ਵਿਚ ਜੀਵਨ ਗੁਜ਼ਾਰਦੀ ਹੈ ਤੇ ਗੁਰੂ ਦੀ ਸੇਵਾ ਕਰ ਕੇ ਨਿਝੱਕ ਹੋ ਜਾਂਦੀ ਹੈ (ਭਾਵ, ਕੋਈ ਸਹਿਮ ਦੱਬਾ ਨਹੀਂ ਪਾਂਦਾ)। ਵਿਖਾਵਾ ਛੱਡ ਕੇ ਜੇ ਪਤੀ-ਪ੍ਰਭੂ ਨੂੰ ਮਿਲ ਪਏ ਤਾਂ ਪਤੀ ਭੀ ਤ੍ਰੁੱਠ ਕੇ ਇਸ ਨੂੰ ਆਪਣੇ ਨਾਲ ਮਿਲਾਂਦਾ ਹੈ; ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦਾ ਨਾਮ ਟਿਕ ਜਾਏ ਉਹ (ਇਸ ਨਾਮ-ਸਿੰਗਾਰ ਨਾਲ) ਸਦਾ ਸਜੀ ਰਹਿੰਦੀ ਹੈ ਤੇ ਕਦੇ (ਵਿਕਾਰਾਂ ਦੀ ਉਸ ਨੂੰ) ਰਤਾ ਭਰ ਭੀ ਮੈਲ ਨਹੀਂ ਲੱਗਦੀ। ਉਸ ਜੀਵ-ਇਸਤ੍ਰੀ ਦੇ ਕਾਮਾਦਿਕ ਵਿਕਾਰ ਮੁੱਕ ਜਾਂਦੇ ਹਨ, ਮਾਇਆ ਦਾ ਭੀ ਕੋਈ ਦਬਾਅ ਉਸ ਉਤੇ ਨਹੀਂ ਰਹਿ ਜਾਂਦਾ। ਹੇ ਨਾਨਕ! (ਪ੍ਰਭੂ-ਪਤੀ ਨੂੰ ਮਨ ਵਿਚ ਵਸਾ ਕੇ) ਜੇ ਜੀਵ-ਇਸਤ੍ਰੀ ਪਤੀ-ਪ੍ਰਭੂ ਨੂੰ ਚੰਗੀ ਲੱਗੇ ਤਾਂ ਉਸ ਦੇ ਮੱਥੇ ਤੇ ਭਾਗਾਂ ਦਾ ਟਿੱਕਾ (ਸਮਝੋ) ਉਸ ਨੂੰ ਹਰ ਥਾਂ ਸੱਚਾ ਪ੍ਰਭੂ ਹੀ (ਦਿੱਸਦਾ ਹੈ)।੧।