ਸਲੋਕੁ ਮਃ ੩ ॥ ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥ ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥ ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥ ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥ ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥ ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥ ਮਃ ੩ ॥ ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ ॥ ਆਪਿ ਵਿਛੋੜੇਨੁ ਸੇ ਵਿਛੁੜੇ ਦੂਜੈ ਭਾਇ ਖੁਆਇ ॥ ਨਾਨਕ ਵਿਣੁ ਕਰਮਾ ਕਿਆ ਪਾਈਐ ਪੂਰਬਿ ਲਿਖਿਆ ਕਮਾਇ ॥੨॥ ਪਉੜੀ ॥ ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ ॥ ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਿਹਾਰੀਆ ॥ ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ ॥ ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ ॥ ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ ॥੮॥ {ਅੰਗ 645}
ਅਰਥ: ਜਿਸ ਹਿਰਦੈ-ਰੂਪ ਥਾਲ ਵਿਚ (ਸਤ, ਸੰਤੋਖ ਤੇ ਵੀਚਾਰ) ਤਿੰਨ ਚੀਜ਼ਾਂ ਆ ਪਈਆਂ ਹਨ, ਉਸ ਹਿਰਦੇ-ਥਾਲ ਵਿਚ ਸ੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ (ਪਰੋਸਿਆ ਜਾਂਦਾ) ਹੈ, ਜਿਸ ਦੇ ਖਾਧਿਆਂ ਮਨ ਰੱਜ ਜਾਂਦਾ ਹੈ ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰ ਪ੍ਰਾਪਤ ਹੁੰਦਾ ਹੈ। ਹੇ ਸੰਤ ਜਨੋਂ! ਇਹ ਭੋਜਨ ਦੁਰਲੱਭ ਹੈ, ਸਤਿਗੁਰੂ ਦੀ (ਦੱਸੀ ਹੋਈ) ਵੀਚਾਰ ਦੀ ਰਾਹੀਂ ਲੱਭਦਾ ਹੈ। ਆਤਮਕ ਆਨੰਦ ਦੇਣ ਵਾਲੀ ਇਸ (ਸਿਫ਼ਤਿ-ਸਾਲਾਹ ਦੀ ਆਤਮਕ ਖ਼ੁਰਾਕ ਦੀ ਦੱਸ) ਗੁਰੂ ਨੇ ਪਾਈ ਹੈ, ਗੁਰ-ਸਿੱਖਾਂ ਨੇ ਖੋਜ ਕੇ ਲੱਭ ਲਈ ਹੈ। ਇਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ; ਇਹ ਭੁਲਾਣੀ ਨਹੀਂ ਚਾਹੀਦੀ। ਹੇ ਨਾਨਕ! ਜਿਸ ਮਨੁੱਖ ਨੂੰ (ਇਸ ਦੀ) ਸਮਝ ਦੇਂਦਾ ਹੈ ਉਹ ਸਮਝਦਾ ਹੈ, ਅਤੇ ਉਹ ਸਤਿਗੁਰੂ ਦੇ ਸਨਮੁਖ ਹੋ ਕੇ ਘਾਲਣਾ ਘਾਲ ਕੇ ਹਰੀ ਨੂੰ ਮਿਲਦਾ ਹੈ।੧।
ਨੋਟ: ਇਸ ਸਲੋਕ ਦੀ ਵਿਆਖਿਆ ਗੁਰੂ ਅਰਜਨ ਸਾਹਿਬ ਨੇ ਮੁਦਾਵਣੀ ਮ: ੫ ਵਿਚ ਕੀਤੀ ਹੈ। ਹਰੀ ਨੇ ਜੋ ਧੁਰ ਤੋਂ ਮਿਲਾਏ ਹਨ, ਉਹ ਮਨੁੱਖ ਸਤਿਗੁਰੂ ਨਾਲ ਚਿੱਤ ਜੋੜ ਕੇ (ਹਰੀ ਵਿਚ) ਲੀਨ ਹੋਏ ਹਨ; (ਪਰ) ਜੋ ਉਸ ਹਰੀ ਨੇ ਆਪ ਵਿਛੋੜੇ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਖੁੰਝੇ ਹੋਏ ਹਰੀ ਤੋਂ ਵਿੱਛੁੜੇ ਹੋਏ ਹਨ। ਹੇ ਨਾਨਕ! ਕੀਤੀ ਹੋਈ ਕਮਾਈ ਤੋਂ ਬਿਨਾ ਕੁਝ ਨਹੀਂ ਮਿਲਦਾ, ਮੁੱਢ ਤੋਂ (ਕੀਤੇ ਕੰਮਾਂ ਦੇ ਅਨੁਸਾਰ) ਉੱਕਰੇ ਹੋਏ (ਸੰਸਕਾਰ-ਰੂਪ ਲੇਖ ਦੀ ਕਮਾਈ) ਕਮਾਉਣੀ ਪੈਂਦੀ ਹੈ।੨। ਹਰੀ ਦੀ ਸਿਫ਼ਤਿ-ਸਾਲਾਹ ਕਰਨ ਵਾਲੀਆਂ (ਸੰਤ ਜਨ-ਰੂਪ) ਸਹੇਲੀਆਂ ਇਕੱਠੀਆਂ ਬਹਿ ਕੇ ਆਪ ਹਰੀ ਦਾ ਜਸ ਗਾਉਂਦੀਆਂ ਹਨ, ਹਰੀ ਤੋਂ ਸਦਕੇ ਜਾਂਦੀਆਂ ਹਨ (ਹੋਰਨਾਂ ਨੂੰ ਸਿੱਖਿਆ ਦੇਂਦੀਆਂ ਹਨ ਕਿ) “ਸਦਾ ਹਰੀ ਦੇ ਨਾਮ ਦੀ ਵਡਿਆਈ ਕਰੋ”। ਮੈਂ ਸਦਕੇ ਹਾਂ ਜਿਨ੍ਹਾਂ ਨੇ ਸੁਣ ਕੇ ਹਰੀ ਦਾ ਨਾਮ ਮੰਨਿਆ ਹੈ, ਉਹਨਾਂ ਹਰੀ ਨੂੰ ਮਿਲਾਉਣ ਵਾਲੀਆਂ ਗੁਰਮੁਖ ਸਹੇਲੀਆਂ ਤੋਂ ਮੈਂ ਸਦਕੇ ਹਾਂ; ਸਤਿਗੁਰੂ ਦੇ ਦਰਸ਼ਨ ਕਰਨ ਵਾਲੀਆਂ ਤੋਂ ਮੈਂ ਦਿਨ ਰਾਤ ਬਲਿਹਾਰ ਹਾਂ।੮।