ਸੂਹੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਸੇਵਾ ਥੋਰੀ ਮਾਗਨੁ ਬਹੁਤਾ ॥ ਮਹਲੁ ਨ ਪਾਵੈ ਕਹਤੋ ਪਹੁਤਾ ॥੧॥ ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥ ਕੂੜੇ ਮੂਰਖ ਕੀ ਹਾਠੀਸਾ ॥੧॥ ਰਹਾਉ ॥ ਭੇਖ ਦਿਖਾਵੈ ਸਚੁ ਨ ਕਮਾਵੈ ॥ ਕਹਤੋ ਮਹਲੀ ਨਿਕਟਿ ਨ ਆਵੈ ॥੨॥ ਅਤੀਤੁ ਸਦਾਏ ਮਾਇਆ ਕਾ ਮਾਤਾ ॥ ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥੩॥ ਕਹੁ ਨਾਨਕ ਪ੍ਰਭ ਬਿਨਉ ਸੁਨੀਜੈ ॥ ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ ॥੪॥ ਦਰਸਨ ਦੇਖੇ ਕੀ ਵਡਿਆਈ ॥ ਤੁਮ੍ਹ੍ਹ ਸੁਖਦਾਤੇ ਪੁਰਖ ਸੁਭਾਈ ॥੧॥ ਰਹਾਉ ਦੂਜਾ ॥੧॥੭॥ {ਅੰਗ 738}
ਪਦਅਰਥ: ਮਾਗਨੁ—ਮੰਗ। ਮਹਲੁ—ਪ੍ਰਭੂ ਦੀ ਹਜ਼ੂਰੀ। ਕਹਤੋ—ਆਖਦਾ ਹੈ। ਪਹੁਤਾ—ਪਹੁੰਚਿਆ ਹੋਇਆ ਹਾਂ।੧।
ਜੇ—ਜੇਹੜੇ ਮਨੁੱਖ। ਪ੍ਰਿਅ ਮਾਨੇ—ਪਿਆਰੇ ਦੇ ਸਤਕਾਰੇ ਹੋਏ ਹਨ। ਹਾਠੀਸਾ—ਹਠ ਦੀਆਂ ਗੱਲਾਂ।੧।ਰਹਾਉ।
ਸਚੁ—ਸਦਾ–ਥਿਰ ਹਰਿ—ਨਾਮ ਦਾ ਸਿਮਰਨ। ਮਹਲੀ—ਪ੍ਰਭੂ ਦੇ ਮਹਲ ਦਾ ਵਾਸੀ। ਨਿਕਟਿ—ਨੇੜੇ।੨।
ਅਤੀਤੁ—ਵਿਰਕਤ, ਤਿਆਗੀ। ਸਦਾਏ—ਅਖਵਾਂਦਾ ਹੈ। ਮਾਤਾ—ਮੱਤਾ ਹੋਇਆ, ਮਸਤ। ਮਨਿ—ਮਨ ਵਿਚ। ਮੁਖਿ—ਮੂੰਹੋਂ। ਰਾਤਾ—ਰੰਗਿਆ ਹੋਇਆ।੩।
ਨਾਨਕ—ਹੇ ਨਾਨਕ! ਪ੍ਰਭ—ਹੇ ਪ੍ਰਭੂ! ਬਿਨਉ—{विनय} ਬੇਨਤੀ। ਕੁਚਲੁ—ਗੰਦਾ, ਮੈਲੇ ਆਚਰਨ ਵਾਲਾ। ਕਠੋਰੁ—ਨਿਰਦਈ। ਮੁਕਤੁ ਕੀਜੈ—ਵਿਕਾਰਾਂ ਤੋਂ ਬਚਾ ਲੈ।੪।
ਦੇਖੇ ਕੀ—ਵੇਖਣ ਦੀ। ਸੁਭਾਈ—ਸੋਹਣਾ ਪਿਆਰ ਕਰਨ ਵਾਲਾ।੧।ਰਹਾਉ ਦੂਜਾ।
ਅਰਥ: ਹੇ ਭਾਈ! ਝੂਠੇ ਮੂਰਖ ਮਨੁੱਖ ਦੇ ਹਠ ਦੀ ਗੱਲ (ਸੁਣ)। ਇਹ ਉਹਨਾਂ ਦੀ ਰੀਸ ਕਰਦਾ ਹੈ ਜੇਹੜੇ ਪਿਆਰੇ ਪ੍ਰਭੂ ਦੇ ਦਰ ਤੋਂ ਸਤਕਾਰ ਹਾਸਲ ਕਰ ਚੁਕੇ ਹਨ।੧।ਰਹਾਉ।
ਹੇ ਭਾਈ! ਇਹ ਮੂਰਖ ਕੰਮ ਤਾਂ ਥੋੜਾ ਕਰਦਾ ਹੈ, ਪਰ ਉਸ ਦੇ ਇਵਜ਼ ਵਿਚ ਇਸ ਦੀ ਮੰਗ ਬਹੁਤ ਜ਼ਿਆਦਾ ਹੈ। ਪ੍ਰਭੂ ਦੇ ਚਰਨਾਂ ਤਕ ਪਹੁੰਚ ਤਾਂ ਹਾਸਲ ਨਹੀਂ ਕਰ ਸਕਦਾ, ਪਰ ਆਖਦਾ ਹੈ ਕਿ ਮੈਂ (ਪ੍ਰਭੂ ਦੀ ਹਜ਼ੂਰੀ ਵਿਚ)ਪਹੁੰਚਿਆ ਹੋਇਆ ਹਾਂ।੧।
(ਹੇ ਭਾਈ! ਝੂਠਾ ਮੂਰਖ ਹੋਰਨਾਂ ਨੂੰ ਆਪਣੇ ਧਰਮੀ ਹੋਣ ਦੇ ਨਿਰੇ) ਭੇਖ ਵਿਖਾ ਰਿਹਾ ਹੈ, ਸਦਾ–ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਨਹੀਂ ਕਰਦਾ। ਮੂੰਹੋਂ ਆਖਦਾ ਹੈ ਕਿ ਮੈਂ ਹਜ਼ੂਰੀ ਵਿਚ ਪਹੁੰਚਿਆ ਹੋਇਆ ਹਾਂ, ਪਰ(ਪ੍ਰਭੂ–ਚਰਨਾਂ ਦੇ ਕਿਤੇ) ਨੇੜੇ ਭੀ ਨਹੀਂ ਢੁਕਿਆ।੨।
(ਹੇ ਭਾਈ! ਵੇਖ ਮੂਰਖ ਦੀ ਹਠ ਦੀ ਗੱਲ! ਇਹ ਆਪਣੇ ਆਪ ਨੂੰ) ਤਿਆਗੀ ਅਖਵਾਂਦਾ ਹੈ ਪਰ ਮਾਇਆ (ਦੀ ਲਾਲਸਾ) ਵਿਚ ਮਸਤ ਰਹਿੰਦਾ ਹੈ। (ਇਸ ਦੇ) ਮਨ ਵਿਚ (ਪ੍ਰਭੂ–ਚਰਨਾਂ ਦਾ) ਪਿਆਰ ਨਹੀਂ ਹੈ, ਪਰ ਮੂੰਹੋਂ ਆਖਦਾ ਹੈ ਕਿ ਮੈਂ (ਪ੍ਰਭੂ ਦੇ ਪ੍ਰੇਮ–ਰੰਗ ਵਿਚ) ਰੰਗਿਆ ਹੋਇਆ ਹਾਂ।੩।
ਹੇ ਨਾਨਕ! ਆਖ–ਹੇ ਪ੍ਰਭੂ! ਮੇਰੀ ਬੇਨਤੀ ਸੁਣ (ਜੀਵ ਵਿਚਾਰਾ ਕੁਝ ਕਰਨ–ਜੋਗਾ ਨਹੀਂ, ਇਹ) ਮੰਦ–ਕਰਮੀ ਹੈ, ਨਿਰਦਈ ਹੈ, ਵਿਸ਼ਈ ਹੈ (ਫਿਰ ਭੀ ਤੇਰਾ) ਹੈ ਇਸ ਨੂੰ ਇਹਨਾਂ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼।੪।
ਹੇ ਪੁਰਖ ਪ੍ਰਭੂ! ਤੂੰ ਸਭ ਸੁਖ ਦੇਣ–ਜੋਗ ਹੈਂ, ਤੂੰ ਪਿਆਰ–ਭਰਪੂਰ ਹੈਂ। (ਅਸਾਂ ਜੀਵਾਂ ਨੂੰ) ਇਹ ਵਡਿਆਈ ਬਖ਼ਸ਼ ਕਿ ਤੇਰਾ ਦਰਸਨ ਕਰ ਸਕੀਏ।੧।ਰਹਾਉ ਦੂਜਾ।੧।੭।
ਨੋਟ: ਨਵੇਂ ਸੰਗ੍ਰਹਿ (ਘਰੁ ੩) ਦਾ ਇਹ ਪਹਿਲਾ ਸ਼ਬਦ ਹੈ। ਕੁੱਲ ਜੋੜ ੭ ਹੈ।