ਸੂਹੀ ਮਹਲਾ ੧ ॥ ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥ ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧॥ ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥ ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥੧॥ ਰਹਾਉ ॥ਤੂੰ ਗੁਰਮੁਖਿ ਰਖਣਹਾਰੁ ਹਰਿ ਨਾਮੁ ਧਿਆਈਐ ॥ ਮੇਲਹਿ ਤੁਝਹਿ ਰਜਾਇ ਸਬਦੁ ਕਮਾਈਐ ॥੨॥ ਤੂੰ ਕਰਿ ਕਰਿ ਵੇਖਹਿ ਆਪਿ ਦੇਹਿ ਸੁ ਪਾਈਐ ॥ ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ ॥੩॥ ਦੇਹੀ ਹੋਵਗਿ ਖਾਕੁ ਪਵਣੁ ਉਡਾਈਐ ॥ ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥੪॥ ਦਿਹੁ ਦੀਵੀ ਅੰਧ ਘੋਰੁ ਘਬੁ ਮੁਹਾਈਐ ॥ ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ ॥੫॥ ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ ॥ ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ ॥੬॥ ਲਾਲੁ ਰਤਨੁ ਹਰਿ ਨਾਮੁ ਗੁਰਿ ਸੁਰਤਿ ਬੁਝਾਈਐ ॥ ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ ॥੭॥ ਰਾਤਿ ਦਿਹੈ ਹਰਿ ਨਾਉ ਮੰਨਿ ਵਸਾਈਐ ॥ ਨਾਨਕ ਮੇਲਿ ਮਿਲਾਇ ਜੇ ਤੁਧੁ ਭਾਈਐ ॥੮॥੨॥੪॥ {ਅੰਗ 752}
ਪਦਅਰਥ: ਆਰਣਿ—ਭੱਠੀ ਵਿਚ। ਭੰਨਿ—ਭੰਨ ਕੇ, ਗਾਲ ਕੇ। ਸਾਕਤੁ—ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆ—ਵੇੜ੍ਹਿਆ ਜੀਵ। ਭਵੈ—ਭਟਕਦਾ ਹੈ, ਭੌਂਦਾ ਹੈ। ਭਵਾਈਐ—(ਜੂਨਾਂ ਵਿਚ) ਪਾਇਆ ਜਾਂਦਾ ਹੈ।੧।
ਆਵੈ ਜਾਇ—ਜੰਮਦਾ ਮਰਦਾ ਹੈ।੧।ਰਹਾਉ।
ਗੁਰਮੁਖਿ—ਗੁਰੂ ਦੀ ਸਰਨ ਪਿਆ ਮਨੁੱਖ। ਮੇਲਹਿ—(ਹੇ ਪ੍ਰਭੂ!) ਤੂੰ (ਗੁਰੂ) ਮਿਲਾਂਦਾ ਹੈਂ।੨।
ਦੇਹਿ—ਜੋ ਤੂੰ ਦੇਂਦਾ ਹੈਂ। ਥਾਪਿ—ਰਚ ਕੇ। ਉਥਾਪਿ—ਨਾਸ ਕਰ ਕੇ। ਦਰਿ—ਅੰਦਰ, ਵਿਚ। ਬੀਨਾਈਐ—ਬੀਨਾਈ, ਨਿਗਾਹ, ਨਜ਼ਰ।੩।
ਹੋਵਗਿ—ਹੋ ਜਾਇਗੀ। ਪਵਣੁ—ਸੁਆਸ। ਅਉਤਾਕੁ—ਬੈਠਕ।੪।
ਦਿਹੁ ਦੀਵੀ—ਦਿਨ ਦੀਵੀਂ, ਚਿੱਟਾ ਦਿਨ ਹੁੰਦਿਆਂ ਭੀ। ਅੰਧ ਘੋਰੁ—ਘੁੱਪ ਹਨੇਰਾ। ਘਬੁ—ਘਰ ਦਾ ਮਾਲ। ਮੁਹਾਈਐ—ਲੁੱਟਿਆ ਜਾਂਦਾ ਹੈ। ਗਰਬਿ—ਅਹੰਕਾਰ ਵਿਚ। ਮੁਸੈ—ਚੁਰਾਂਦਾ ਹੈ। ਰੂਆਈਐ—ਸ਼ਿਕਾਇਤ ਕੀਤੀ ਜਾਏ।੫।
ਨ ਲਾਗਿ—ਨਹੀਂ ਲੱਗ ਸਕਦਾ। ਨਾਮਿ—ਨਾਮ ਦੀ ਰਾਹੀਂ। ਆਗਿ—ਤ੍ਰਿਸ਼ਨਾ—ਅੱਗ। ਦੀਪਾਈਐ—ਜਗਦੀ ਹੈ, ਚਮਕਦੀ ਹੈ।੬।
ਗੁਰਿ—ਗੁਰੂ ਨੇ। ਨਿਹਕਾਮੁ—ਵਾਸਨਾ—ਰਹਿਤ।੭।
ਦਿਹੈ—ਦਿਨੇ। ਮੰਨਿ—ਮਨਿ, ਮਨ ਵਿਚ।੮।
ਅਰਥ: (ਸਹੀ ਜੀਵਨ-ਜਾਚ) ਸਮਝਣ ਤੋਂ ਬਿਨਾ ਮਨੁੱਖ (ਜੇਹੜਾ ਭੀ) ਕਰਮ ਕਰਦਾ ਹੈ ਦੁੱਖ (ਪੈਦਾ ਕਰਨ ਵਾਲਾ ਕਰਦਾ ਹੈ) ਦੁੱਖ ਹੀ ਦੁੱਖ (ਸਹੇੜਦਾ ਹੈ)। ਹਉਮੈ ਦੇ ਕਾਰਨ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।੧।ਰਹਾਉ।
ਜਿਵੇਂ ਭੱਠੀ ਵਿਚ ਲੋਹਾ ਪਾ ਕੇ (ਤੇ) ਗਾਲ ਕੇ (ਨਵੇਂ ਸਿਰੇ) ਘੜਿਆ ਜਾਂਦਾ ਹੈ (ਲੋਹੇ ਤੋਂ ਕੰਮ ਆਉਣ ਵਾਲੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ) ਤਿਵੇਂ ਮਾਇਆ-ਵੇੜ੍ਹਿਆ ਜੀਵ ਜੂਨਾਂ ਵਿਚ ਪਾਇਆ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਇਆ ਹੋਇਆ ਗੇੜ ਵਿਚ ਚੱਕਰ ਲਾਂਦਾ ਹੈ (ਤੇ ਆਖ਼ਿਰ ਗੁਰੂ ਦੀ ਮੇਹਰ ਨਾਲ ਸੁਮਤਿ ਸਿੱਖਦਾ ਹੈ)।੧।
ਹੇ ਪ੍ਰਭੂ! (ਭਟਕ ਭਟਕ ਕੇ ਆਖ਼ਿਰ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤੂੰ ਉਸ ਨੂੰ (ਚੌਰਾਸੀ ਦੇ ਗੇੜ ਤੋਂ) ਬਚਾਂਦਾ ਹੈਂ; ਉਹ, ਹੇ ਪ੍ਰਭੂ! ਤੇਰਾ ਨਾਮ ਸਿਮਰਦਾ ਹੈ। ਗੁਰੂ (ਭੀ) ਤੂੰ ਆਪਣੀ ਰਜ਼ਾ ਅਨੁਸਾਰ ਹੀ ਮਿਲਾਂਦਾ ਹੈਂ (ਜਿਸ ਨੂੰ ਮਿਲਦਾ ਹੈ) ਉਹ ਗੁਰੂ ਦੇ ਸ਼ਬਦ ਨੂੰ ਕਮਾਂਦਾ ਹੈ (ਗੁਰ-ਸ਼ਬਦ ਅਨੁਸਾਰ ਆਚਰਨ ਬਣਾਂਦਾ ਹੈ)।੨।
ਹੇ ਪ੍ਰਭੂ! ਜੀਵ ਪੈਦਾ ਕਰ ਕੇ ਇਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ। ਜੋ ਕੁਝ ਤੂੰ ਦੇਂਦਾ ਹੈਂ ਉਹੀ ਜੀਵਾਂ ਨੂੰ ਮਿਲਦਾ ਹੈ ਤੂੰ ਆਪ ਪੈਦਾ ਕਰਦਾ ਹੈਂ ਆਪ ਨਾਸ ਕਰਦਾ ਹੈਂ, ਸਭ ਦੀ ਤੂੰ ਆਪਣੀ ਨਿਗਰਾਨੀ ਵਿਚ ਸੰਭਾਲ ਕਰਦਾ ਹੈਂ।੩।
ਜਦੋਂ (ਸਰੀਰ ਵਿਚੋਂ) ਸੁਆਸ ਨਿਕਲ ਜਾਂਦਾ ਹੈ ਤਾਂ ਸਰੀਰ ਮਿੱਟੀ ਹੋ ਜਾਂਦਾ ਹੈ (ਜਿਨ੍ਹਾਂ ਮਹਲ ਮਾੜੀਆਂ ਦਾ ਮਨੁੱਖ ਮਾਣ ਕਰਦਾ ਹੈ) ਫਿਰ ਨਾਹ ਇਹ ਘਰ ਇਸ ਨੂੰ ਮਿਲਦਾ ਹੈ ਨਾਹ ਬੈਠਕ ਮਿਲਦੀ ਹੈ ਤੇ ਨਾਹ ਇਹ ਮਹਲ ਮਿਲਦਾ ਹੈ।੪।
(ਸਹੀ ਜੀਵਨ-ਜਾਚ ਸਮਝਣ ਤੋਂ ਬਿਨਾ) ਜੀਵ ਆਪਣਾ ਘਰ ਦਾ ਮਾਲ (ਆਤਮਕ ਸਰਮਾਇਆ) ਲੁਟਾਈ ਜਾਂਦਾ ਹੈ, ਚਿੱਟਾ ਦਿਨ ਹੁੰਦਿਆਂ (ਇਸ ਦੇ ਭਾ ਦਾ) ਘੁੱਪ ਹਨੇਰਾ ਬਣਿਆ ਰਹਿੰਦਾ ਹੈ। ਅਹੰਕਾਰ ਵਿਚ (ਗ਼ਾਫ਼ਲ ਰਹਿਣ ਕਰਕੇ ਮੋਹ-ਰੂਪ) ਚੋਰ ਇਸ ਦੇ ਘਰ (ਆਤਮਕ ਸਰਮਾਏ) ਨੂੰ ਲੁੱਟਦਾ ਜਾਂਦਾ ਹੈ। (ਸਮਝ ਹੀ ਨਹੀਂ) ਕਿਸ ਪਾਸ ਸ਼ਿਕਾਇਤ ਕਰੇ?।੫।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ (ਦੇ ਸਰਮਾਏ) ਨੂੰ ਚੋਰ ਨਹੀਂ ਪੈਂਦਾ, ਗੁਰੂ ਉਸ ਨੂੰ ਪਰਮਾਤਮਾ ਦੇ ਨਾਮ ਦੀ ਰਾਹੀਂ (ਆਤਮਕ ਸਰਮਾਏ ਦੇ ਚੋਰ ਵਲੋਂ) ਸੁਚੇਤ ਰੱਖਦਾ ਹੈ। ਗੁਰੂ ਆਪਣੇ ਸ਼ਬਦ ਨਾਲ (ਉਸ ਦੇ ਅੰਦਰੋਂ ਤ੍ਰਿਸ਼ਨਾ-) ਅੱਗ ਬੁਝਾ ਦੇਂਦਾ ਹੈ, ਤੇ ਰੱਬੀ ਜੋਤਿ ਜਗਾ ਦੇਂਦਾ ਹੈ।੬।
ਪਰਮਾਤਮਾ ਦਾ ਨਾਮ (ਹੀ) ਲਾਲ ਹੈ ਰਤਨ ਹੈ (ਸਰਨ ਪਏ ਸਿੱਖ ਨੂੰ) ਗੁਰੂ ਨੇ ਇਹ ਸੂਝ ਦੇ ਦਿੱਤੀ ਹੁੰਦੀ ਹੈ (ਇਸ ਵਾਸਤੇ ਉਸ ਨੂੰ ਤ੍ਰਿਸ਼ਨਾ-ਅੱਗ ਨਹੀਂ ਪੋਂਹਦੀ)। ਜੇ ਮਨੁੱਖ ਗੁਰੂ ਦੀ ਸਿਖਿਆ ਪ੍ਰਾਪਤ ਕਰ ਲਏ ਤਾਂ ਉਹ ਸਦਾ (ਮਾਇਆ ਦੀ) ਵਾਸਨਾ ਤੋਂ ਬਚਿਆ ਰਹਿੰਦਾ ਹੈ।੭।
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ-ਹੇ ਪ੍ਰਭੂ!) ਜੇ ਤੈਨੂੰ ਭਾਵੇ (ਤਾਂ ਮੇਹਰ ਕਰ, ਤੇ) ਆਪਣੀ ਸੰਗਤਿ ਵਿਚ ਮਿਲਾ, ਤਾ ਕਿ ਰਾਤ ਦਿਨ (ਹਰ ਵੇਲੇ) ਹੇ ਹਰੀ! ਤੇਰਾ ਨਾਮ ਮਨ ਵਿਚ ਵਸਾਇਆ ਜਾ ਸਕੇ।੮।੨।੪।
ਨੋਟ: ‘ਘਰੁ ੧੦’ ਦੀ ਇਹ ਦੂਜੀ ਅਸਟਪਦੀ ਹੈ।