ਸਲੋਕੁ ਮਃ ੪ ॥ ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥ ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥ ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥ ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥ ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥ ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥ ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥ ਮਃ ੪ ॥ ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥ ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥ ਪਉੜੀ ॥ ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥ ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥ ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥ ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥ {ਅੰਗ 652}
ਅਰਥ: ਪ੍ਰਭੂ ਦੀ ਆਪਣੇ ਸੇਵਕਾਂ ਨਾਲ ਪ੍ਰੀਤ ਹੁੰਦੀ ਹੈ, ਪ੍ਰਭੂ ਆਪਣੇ ਸੇਵਕਾਂ ਦਾ ਮਿੱਤ੍ਰ ਹੈ, ਜਿਵੇਂ ਵਾਜਾ ਵਜੰਤ੍ਰੀ ਦੇ ਵੱਸ ਵਿਚ ਹੁੰਦਾ ਹੈ (ਜਿਵੇਂ ਚਾਹੇ ਵਜਾਏ) ਤਿਵੇਂ ਪ੍ਰਭੂ ਆਪਣੇ ਸੇਵਕਾਂ ਦੇ ਅਧੀਨ ਹੁੰਦਾ ਹੈ। ਪ੍ਰਭੂ ਦੇ ਸੇਵਕ ਆਪਣੇ ਪ੍ਰੀਤਮ ਪ੍ਰਭੂ ਨਾਲ ਪ੍ਰੇਮ ਜੋੜ ਕੇ ਪ੍ਰਭੂ ਨੂੰ ਸਿਮਰਦੇ ਹਨ, (ਤੇ ਬੇਨਤੀ ਕਰਦੇ ਹਨ, ਕਿ) ਹੇ ਪ੍ਰਭੂ ਮੇਹਰ ਕਰ ਕੇ ਸੁਣ, ਸਾਰੇ ਸੰਸਾਰ ਵਿਚ (ਨਾਮ ਦੀ) ਵਰਖਾ ਹੋਵੇ (ਇਸ ਪਿਆਰ ਕਰਕੇ ਹੀ ਪ੍ਰਭੂ ਆਪਣੇ ਸੇਵਕਾਂ ਨੂੰ ਪਿਆਰਦਾ ਹੈ)। ਹਰੀ ਦੇ ਸੇਵਕਾਂ ਦੀ ਵਡਿਆਈ ਹਰੀ ਦੀ ਹੀ ਵਡਿਆਈ ਹੈ; ਹਰੀ ਨੂੰ ਆਪਣੀ ਇਹ ਵਡਿਆਈ (ਜੋ ਉਸ ਦੇ ਸੇਵਕਾਂ ਦੀ ਹੁੰਦੀ ਹੈ) ਚੰਗੀ ਲੱਗਦੀ ਹੈ। (ਸੋ) ਉਹ ਆਪਣੇ ਸੇਵਕ ਦੀ ਜੈ ਜੈਕਾਰ ਕਰਾ ਦੇਂਦਾ ਹੈ। ਹਰੀ ਦਾ ਦਾਸ ਉਹ ਹੈ ਜੋ ਹਰੀ ਦਾ ਨਾਮ ਸਿਮਰਦਾ ਹੈ, ਹਰੀ ਤੇ ਹਰੀ ਦਾ ਸੇਵਕ ਇਕ–ਰੂਪ ਹਨ। ਹੇ ਹਰੀ! ਹੇ ਭਗਵਾਨ! ਦਾਸ ਨਾਨਕ ਤੇਰਾ ਸੇਵਕ ਹੈ, (ਇਸ ਸੇਵਕ ਦੀ ਭੀ) ਲਾਜ ਰੱਖ (ਆਪਣੇ ਨਾਮ ਦੀ ਦਾਤਿ ਦੇਹ)।੧। ਉਸ ਸੱਚੇ ਹਰੀ ਨੇ ਨਾਨਕ ਦੇ (ਹਿਰਦੇ ਵਿਚ) ਪ੍ਰੇਮ ਪੈਦਾ ਕੀਤਾ ਹੈ, (ਹੁਣ) ਉਸ ਤੋਂ ਬਿਨਾ ਜੀਵਿਆ ਨਹੀਂ ਜਾਂਦਾ; (ਕਿਵੇਂ ਮਿਲੇ?) ਸਤਿਗੁਰੂ ਮਿਲ ਪਏ ਤਾਂ ਪੂਰਾ ਹਰੀ ਲੱਭ ਪੈਂਦਾ ਹੈ ਤੇ ਜੀਭ ਹਰੀ–ਨਾਮ ਦੇ ਸੁਆਦ ਵਿਚ ਰਸ ਜਾਂਦੀ ਹੈ।੨। ਹੇ ਹਰੀ! ਰਾਤ ਦਿਨੇ ਅੰਮ੍ਰਿਤ ਵੇਲੇ (ਭਾਵ, ਹਰ ਵੇਲੇ) ਤੂੰ ਹੀ ਗਾਵਣ–ਜੋਗ ਹੈਂ; ਸਾਰੇ ਜੀਵ ਜੰਤ ਤੇਰਾ ਹੀ ਨਾਮ ਸਿਮਰਦੇ ਹਨ; ਤੂੰ ਦਾਤਾਂ ਦੇਣ ਵਾਲਾ ਦਾਤਾਰ ਹੈਂ ਤੇਰਾ ਹੀ ਦਿੱਤਾ ਹੋਇਆ ਖਾਂਦੇ ਹਨ, ਤੇ ਭਗਤਾਂ ਦੀ ਸੰਗਤਿ ਵਿਚ ਆਪਣੇ ਪਾਪ ਦੂਰ ਕਰਦੇ ਹਨ। ਹੇ ਦਾਸ ਨਾਨਕ! (ਉਹਨਾਂ ਭਗਤ ਜਨਾਂ ਤੋਂ) ਸਦਾ ਸਦਕੇ ਹੋ, ਸਦਕੇ ਹੋ।੨੫।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
www.thatta.in | fb/PindThatta | WhatsApp: 98728-98928