ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ ॥ ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥੧॥ ਸੋ ਦਿਨੁ ਆਵਨ ਲਾਗਾ ॥ ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥੧॥ ਰਹਾਉ ॥ ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ ॥ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥੨॥ ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ ॥੩॥੨॥ {ਅੰਗ 692}
ਅਰਥ: ਦਿਨਾਂ ਤੋਂ ਪਹਿਰ ਤੇ ਪਹਿਰਾਂ ਤੋਂ ਘੜੀਆਂ (ਗਿਣ ਲਉ, ਇਸੇ ਤਰ੍ਹਾਂ ਥੋੜਾ ਥੋੜਾ ਸਮਾ ਕਰ ਕੇ) ਉਮਰ ਘਟਦੀ ਜਾਂਦੀ ਹੈ, ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ, (ਸਭ ਜੀਵਾਂ ਦੇ ਸਿਰ ਉੱਤੇ) ਕਾਲ–ਰੂਪ ਸ਼ਿਕਾਰੀ ਇਉਂ ਫਿਰਦਾ ਹੈ ਜਿਵੇਂ(ਹਿਰਨ ਆਦਿਕਾਂ ਦਾ ਸ਼ਿਕਾਰ ਕਰਨ ਵਾਲੇ) ਸ਼ਿਕਾਰੀ। ਦੱਸੋ, (ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਜਤਨ ਕੀਤਾ ਜਾ ਸਕਦਾ ਹੈ?।੧। (ਹਰ ਇਕ ਜੀਵ ਦੇ ਸਿਰ ਉੱਤੇ) ਉਹ ਦਿਨ ਆਉਂਦਾ ਜਾਂਦਾ ਹੈ (ਜਦੋਂ ਕਾਲ–ਸ਼ਿਕਾਰੀ ਆ ਪਕੜਦਾ ਹੈ); ਮਾਂ, ਪਿਉ, ਭਰਾ, ਪੁੱਤਰ, ਵਹੁਟੀ–ਇਹਨਾਂ ਵਿਚੋਂ ਕੋਈ (ਉਸ ਕਾਲ ਦੇ ਅੱਗੇ) ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ।੧।ਰਹਾਉ। ਜਦ ਤਕ ਸਰੀਰ ਵਿਚ ਆਤਮਾ ਮੌਜੂਦ ਰਹਿੰਦਾ ਹੈ, ਪਸ਼ੂ-(ਮਨੁੱਖ) ਆਪਣੇ ਅਸਲੇ ਨੂੰ ਸਮਝਦਾ ਨਹੀਂ, ਹੋਰ ਹੋਰ ਜੀਊਣ ਲਈ ਲਾਲਚ ਕਰਦਾ ਹੈ, ਇਸ ਨੂੰ ਅੱਖੀਂ (ਇਹ) ਨਹੀਂ ਦਿੱਸਦਾ (ਕਿ ਕਾਲ–ਅਹੇਰੀ ਤੋਂ ਛੁਟਕਾਰਾ ਨਹੀਂ ਹੋ ਸਕੇਗਾ)।੨। ਕਬੀਰ ਆਖਦਾ ਹੈ–ਹੇ ਭਾਈ! ਸੁਣੋ, ਮਨ ਦੇ (ਇਹ) ਭੁਲੇਖੇ ਦੂਰ ਕਰ ਦਿਉ (ਕਿ ਸਦਾ ਇੱਥੇ ਬਹਿ ਰਹਿਣਾ ਹੈ)। ਹੇ ਜੀਵ? (ਹੋਰ ਲਾਲਸਾ ਛੱਡ ਕੇ) ਸਿਰਫ਼ ਪ੍ਰਭੂ ਨਾਮ ਸਿਮਰੋ, ਤੇ ਉਸ ਇੱਕ ਦੀ ਸ਼ਰਨ ਆਓ।੩।੨। ਸ਼ਬਦ ਦਾ ਭਾਵ: ਮੌਤ ਨੇੜੇ ਆ ਰਹੀ ਹੈ, ਉਮਰ ਸਹਿਜੇ ਸਹਿਜੇ ਘਟਦੀ ਜਾ ਰਹੀ ਹੈ। ਭਜਨ ਕਰੋ।