ਧਨਾਸਰੀ ਮਹਲਾ ੫ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਛੋਡਿ ਜਾਹਿ ਸੇ ਕਰਹਿ ਪਰਾਲ ॥ ਕਾਮਿ ਨ ਆਵਹਿ ਸੇ ਜੰਜਾਲ ॥ ਸੰਗਿ ਨ ਚਾਲਹਿ ਤਿਨ ਸਿਉ ਹੀਤ ॥ ਜੋ ਬੈਰਾਈ ਸੇਈ ਮੀਤ ॥੧॥ ਐਸੇ ਭਰਮਿ ਭੁਲੇ ਸੰਸਾਰਾ ॥ ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥ ਸਾਚੁ ਧਰਮੁ ਨਹੀ ਭਾਵੈ ਡੀਠਾ ॥ ਝੂਠ ਧੋਹ ਸਿਉ ਰਚਿਓ ਮੀਠਾ ॥ ਦਾਤਿ ਪਿਆਰੀ ਵਿਸਰਿਆ ਦਾਤਾਰਾ ॥ ਜਾਣੈ ਨਾਹੀ ਮਰਣੁ ਵਿਚਾਰਾ ॥੨॥ ਵਸਤੁ ਪਰਾਈ ਕਉ ਉਠਿ ਰੋਵੈ ॥ ਕਰਮ ਧਰਮ ਸਗਲਾ ਈ ਖੋਵੈ ॥ ਹੁਕਮੁ ਨ ਬੂਝੈ ਆਵਣ ਜਾਣੇ ॥ ਪਾਪ ਕਰੈ ਤਾ ਪਛੋਤਾਣੇ ॥੩॥ ਜੋ ਤੁਧੁ ਭਾਵੈ ਸੋ ਪਰਵਾਣੁ ॥ ਤੇਰੇ ਭਾਣੇ ਨੋ ਕੁਰਬਾਣੁ ॥ ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥ ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥ {ਪਾਵਨ ਅੰਗ 676}
ਪਦਅਰਥ: ਜਾਹਿ—ਜਾਂਦੇ ਹਨ। ਕਰਹਿ—ਕਰਦੇ ਹਨ। ਸੇ ਪਰਾਲ—ਉਹ ਵਿਅਰਥ ਕੰਮ {ਪਰਾਲ—ਪਰਾਲੀ; ਮੁੰਜੀ ਦਾ ਨਾੜ}। ਕਾਮਿ ਨ ਆਵਹਿ—ਕੰਮ ਨਹੀਂ ਆਉਂਦੇ। ਸੇ—ਉਹ {ਬਹੁ–ਵਚਨ}। ਸੰਗਿ—ਨਾਲ। ਹੀਤ—ਹਿਤ, ਪਿਆਰ। ਬੈਰਾਈ—ਵੈਰੀ।੧।
ਭਰਮਿ—ਭਰਮ ਵਿਚ। ਭੂਲੇ—ਕੁਰਾਹੇ ਪਿਆ ਹੋਇਆ। ਸੰਸਾਰਾ—ਜਗਤ। ਖੋਇ—ਗਵਾ ਰਿਹਾ ਹੈ।ਰਹਾਉ।
ਸਾਚੁ—ਸਦਾ–ਥਿਰ ਹਰਿ—ਨਾਮ ਦਾ ਸਿਮਰਨ। ਭਾਵੈ—ਚੰਗਾ ਲੱਗਦਾ। ਧੋਹ—ਠੱਗੀ। ਸਿਉ—ਨਾਲ। ਮੀਠਾ—ਮਿੱਠਾ (ਜਾਣ ਕੇ)। ਮਰਣੁ—ਮੌਤ।੨।
ਵਸਤੁ—ਚੀਜ਼। ਕਉ—ਦੀ ਖ਼ਾਤਰ। ਉਠਿ—ਉੱਠ ਕੇ। ਰੋਵੈ—ਤਰਲੇ ਲੈਂਦਾ ਹੈ। ਸਗਲਾ ਈ—ਸਾਰਾ ਹੀ। ਖੋਵੈ—ਗਵਾ ਲੈਂਦਾ ਹੈ। ਹੁਕਮੁ—ਰਜ਼ਾ। ਆਵਣ ਜਾਣੇ—ਜਨਮ ਮਰਨ ਦੇ ਗੇੜ।੩।
ਨੋ—ਨੂੰ, ਤੋਂ। ਜਨੁ—ਦਾਸ। ਸਾਹਿਬੁ—ਮਾਲਕ।੪।
ਅਰਥ: ਹੇ ਭਾਈ! ਮੂਰਖ ਜਗਤ (ਮਾਇਆ ਦੀ) ਭਟਕਣਾ ਵਿਚ ਪੈ ਕੇ ਅਜੇ ਕੁਰਾਹੇ ਪਿਆ ਹੋਇਆ ਹੈ (ਕਿ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਰਿਹਾ ਹੈ।ਰਹਾਉ।
ਹੇ ਭਾਈ! ਮਾਇਆ–ਵੇੜ੍ਹੇ ਜੀਵ ਉਹੀ ਨਿਕੰਮੇ ਕੰਮ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਆਖ਼ਰ ਛੱਡ ਕੇ ਇਥੋਂ ਚਲੇ ਜਾਂਦੇ ਹਨ। ਉਹੀ ਜੰਜਾਲ ਸਹੇੜੀ ਰੱਖਦੇ ਹਨ, ਜੇਹੜੇ ਇਹਨਾਂ ਦੇ ਕਿਸੇ ਕੰਮ ਨਹੀਂ ਆਉਂਦੇ। ਉਹਨਾਂ ਨਾਲ ਮੋਹ–ਪਿਆਰ ਬਣਾਈ ਰੱਖਦੇ ਹਨ, ਜੇਹੜੇ (ਅੰਤ ਵੇਲੇ) ਨਾਲ ਨਹੀਂ ਜਾਂਦੇ। ਉਹਨਾਂ (ਵਿਕਾਰਾਂ) ਨੂੰ ਮਿੱਤਰ ਸਮਝਦੇ ਰਹਿੰਦੇ ਹਨ ਜੋ (ਅਸਲ ਵਿਚ ਆਤਮਕ ਜੀਵਨ ਦੇ) ਵੈਰੀ ਹਨ।੧।
ਹੇ ਭਾਈ! (ਮਾਇਆ–ਵੇੜ੍ਹੇ ਮੂਰਖ ਮਨੁੱਖ ਨੂੰ) ਸਦਾ–ਥਿਰ ਹਰਿ–ਨਾਮ ਸਿਮਰਨ (ਵਾਲਾ) ਧਰਮ ਅੱਖੀਂ ਵੇਖਿਆ ਨਹੀਂ ਭਾਉਂਦਾ। ਝੂਠ ਨੂੰ ਠੱਗੀ ਨੂੰ ਮਿੱਠਾ ਜਾਣ ਕੇ ਇਹਨਾਂ ਨਾਲ ਮਸਤ ਰਹਿੰਦਾ ਹੈ। ਦਾਤਾਰ–ਪ੍ਰਭੂ ਨੂੰ ਭੁਲਾਈ ਰੱਖਦਾ ਹੈ, ਉਸ ਦੀ ਦਿੱਤੀ ਹੋਈ ਦਾਤਿ ਇਸ ਨੂੰ ਪਿਆਰੀ ਲੱਗਦੀ ਹੈ। (ਮੋਹ ਵਿਚ) ਬੇਬਸ ਹੋਇਆ ਜੀਵ ਆਪਣੀ ਮੌਤ ਨੂੰ ਚੇਤੇ ਨਹੀਂ ਕਰਦਾ।੨।
ਹੇ ਭਾਈ! (ਭਟਕਣਾ ਵਿਚ ਪਿਆ ਹੋਇਆ ਜੀਵ) ਉਸ ਚੀਜ਼ ਲਈ ਦੌੜ ਦੌੜ ਤਰਲੇ ਲੈਂਦਾ ਹੈ ਜੋ ਆਖ਼ਰ ਬਿਗਾਨੀ ਹੋ ਜਾਣੀ ਹੈ। ਆਪਣਾ ਇਨਸਾਨੀ ਫ਼ਰਜ਼ ਸਾਰਾ ਹੀ ਭੁਲਾ ਦੇਂਦਾ ਹੈ। ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ (ਜਿਸ ਕਰਕੇ ਇਸ ਦੇ ਵਾਸਤੇ) ਜਨਮ ਮਰਨ ਦੇ ਗੇੜ (ਬਣੇ ਰਹਿੰਦੇ ਹਨ) ਨਿੱਤ ਪਾਪ ਕਰਦਾ ਰਹਿੰਦਾ ਹੈ, ਆਖ਼ਰ ਪਛੁਤਾਂਦਾ ਹੈ।੩।
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਅਸਾਂ ਜੀਵਾਂ ਨੂੰ ਕਬੂਲ ਹੁੰਦਾ ਹੈ। ਹੇ ਪ੍ਰਭੂ! ਮੈਂ ਤੇਰੀ ਮਰਜ਼ੀ ਤੋਂ ਸਦਕੇ ਹਾਂ। ਗਰੀਬ ਨਾਨਕ ਤੇਰਾ ਦਾਸ ਹੈ ਤੇਰਾ ਗ਼ੁਲਾਮ ਹੈ। ਹੇ ਭਾਈ! ਮੇਰਾ ਮਾਲਕ–ਪ੍ਰਭੂ (ਆਪਣੇ ਦਾਸ ਦੀ ਲਾਜ ਆਪ) ਰੱਖ ਲੈਂਦਾ ਹੈ।੪।੧।੨੨।