ਵਕਤ ਰਹਿੰਦਿਆਂ S.K. ਹੁਨਰਬਾਜ਼ੀ ਸਿੱਖ ਲੈ, ਵਿਗੜੇ-ਤਿਗੜਿਆਂ ਦੀ ਡਾਂਗ ਹੈ ਪੀਰ ਬਣਦੀ-ਸੁਰਜੀਤ ਕੌਰ ਬੈਲਜ਼ੀਅਮ

96

Surjit Kaur Belgium

ਮਹਿਲ ਰੇਤ ਦੇ ਕਦੇ ਨਈਂ ਬੰਦਿਆ ਸਿਰੇ ਚੜ੍ਹਦੇ, ਪਾਣੀ ਨਾਲ ਪਾਣੀ ਉੱਤੇ ਨਾ ਕਦੇ ਲਕੀਰ ਬਣਦੀ।

ਚਾਵਲ, ਚੀਨੀ ਦਾ ਮੰਨਿਆ ਹੁੰਦਾ ਅਹਿਮ ਰੋਲ, ਪਰ ਬਾਜੋਂ ਦੁੱਧ ਦੇ ਨਈਂਓ ਕਦੇ ਖੀਰ ਬਣਦੀ ।

ਵਾਟ ਲੰਮੇਰੀ ਤੇ ਮੰਜ਼ਿਲ ਧੁੰਦਲੀ ਉਦਾਸ ਨਾ ਹੋ, ਬੈਠੇ ਸੁੱਤਿਆਂ ਕਦੇ ਨਈਂਓ ਤਕਦੀਰ ਬਣਦੀ।

ਸਬਰ ਸੰਤੋਖ ਦੀ ਪੱਲੇ ਨੂੰ ਬੰਨ ਗੰਢ ਰੱਖੀ, ਕੜੀ-ਕੜੀ ਜੋੜੇ ਬਾਜੋਂ ਨਈਂਓ ਜ਼ੰਜ਼ੀਰ ਬਣਦੀ ।

ਮੁਸ਼ਕਿਲ ਹੈ, ਅਸੰਭਵ ਨਈਂ, ਬੁਰਾਈ ਨੂੰ ਮਾਤ ਦੇਣਾ, ਕੱਲੇ-ਕੱਲੇ ਨਾਲ ਹੀ ਇੱਕ ਦਿਨ ਵਹੀਰ ਬਣਦੀ।

ਨੀਲਾ ਅਸਮਾਨ, ਹਰੀਆਂ ਵਾਦੀਆਂ ਤੇ ਫੁੱਲ ਕਹਿੰਦੇ, ਬਾਜੋਂ ਰੰਗਾਂ ਦੇ ਨਈਂਓ ਕਦੇ ਵੀ ਤਸਵੀਰ ਬਣਦੀ।

ਮਿੱਠਬੋਲੜਾ ਕੰਨਾਂ ਵਿੱਚ ਸਦਾ ਘੋਲ਼ੇ ਮਿਸਰੀ, ਜੀਭ ਬੜਬੋਲੇ ਬੰਦੇ ਦੀ ਹੈ ਤਿੱਖਾ ਤੀਰ ਬਣਦੀ।

ਵਕਤ ਰਹਿੰਦਿਆਂ S.K.ਹੁਨਰਬਾਜ਼ੀ ਸਿੱਖ ਲੈ, ਵਿਗੜੇ-ਤਿਗੜਿਆਂ ਦੀ ਡਾਂਗ ਹੈ ਪੀਰ ਬਣਦੀ।

-ਸੁਰਜੀਤ ਕੌਰ ਬੈਲਜ਼ੀਅਮ