ਧਨਾਸਰੀ ਮਹਲਾ ੫ ਘਰੁ ੯ ਪੜਤਾਲ ੴ ਸਤਿਗੁਰ ਪ੍ਰਸਾਦਿ ॥ ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥ ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥ ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥ ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥ ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥ ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥ {ਅੰਗ 683}
ਪਦਅਰਥ: ਹਰਿ—ਹੇ ਹਰੀ! ਗੋਬਿੰਦ—ਹੇ ਗੋਬਿੰਦ! ਦੁਖ ਭੰਜਨਾ—ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਕਉ—ਨੂੰ। ਦ੍ਰਿਸਟਿ—ਨਜ਼ਰ। ਪ੍ਰਭ—ਹੇ ਪ੍ਰਭੂ। ਕਰਿ—ਕਰ ਕੇ। ਤਾਰਹੁ—ਪਾਰ ਲੰਘਾ ਲੈ। ਭੁਜਾ—ਬਾਂਹ। ਗਹਿ—ਫੜ ਕੇ। ਕੂਪ ਤੇ—ਖੂਹ ਵਿਚੋਂ।ਰਹਾਉ।
ਕਰਿ—ਦੇ ਕਾਰਨ। ਅੰਧ—{ਬਹੁ-ਵਚਨ} ਅੰਨ੍ਹੇ ਹੋਏ ਹੋਏ। ਬੰਧ—ਬੰਧਨਾਂ ਵਿਚ। ਦੋਖਾ—ਪਾਪ। ਤਨਿ—ਸਰੀਰ ਵਿਚ। ਛਾਇ—ਛਾਏ ਹੋਏ। ਪੂਰੇ—ਪੂਰੀ ਤਰ੍ਹਾਂ। ਆਨ—{अन्य} ਕੋਈ ਹੋਰ। ਸਰਨਿ ਸੂਰੇ—ਹੇ ਸ਼ਰਨ ਦੇ ਸੂਰਮੇ! ਹੇ ਸ਼ਰਨ ਆਇਆਂ ਦੀ ਸਹਾਇਤਾ ਕਰ ਸਕਣ ਵਾਲੇ।੧।
ਪਤਿਤ ਉਧਾਰਣਾ—ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਬੇਦ ਉਚਾਰ—ਵੇਦਾਂ ਦਾ ਪਾਠ ਕਰਨ ਵਾਲਿਆਂ ਨੇ। ਗੁਣਹ ਸਾਗਰਾ—ਹੇ ਗੁਣਾਂ ਦੇ ਸਮੁੰਦਰ! ਰਤਨਾਗਰਾ—ਹੇ ਰਤਨਾਂ ਦੀ ਖਾਣ! ਵਛਲੁ—ਪਿਆਰ ਕਰਨ ਵਾਲਾ {वत्सल}।ਨਾਨਕ—ਹੇ ਨਾਨਕ!।੨।
ਅਰਥ: ਹੇ ਹਰੀ! ਹੇ ਗੋਬਿੰਦ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਆਪਣੇ ਦਾਸ ਨੂੰ ਆਪਣਾ ਨਾਮ ਬਖ਼ਸ਼। ਹੇ ਪ੍ਰਭੂ! (ਆਪਣੇ ਦਾਸ ਉੱਤੇ) ਮੇਹਰ ਦੀ ਨਿਗਾਹ ਕਰ, ਕਿਰਪਾ ਕਰ ਕੇ (ਦਾਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, (ਦਾਸ ਦੀ) ਬਾਂਹ ਫੜ ਕੇ (ਦਾਸ ਨੂੰ ਮੋਹ ਦੇ) ਖੂਹ ਵਿਚੋਂ ਕੱਢ ਲੈ।ਰਹਾਉ।
ਹੇ ਪ੍ਰਭੂ! ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਕਾਰਨ (ਜੀਵ) ਅੰਨ੍ਹੇ ਹੋਏ ਪਏ ਹਨ, ਮਾਇਆ ਦੇ ਬੰਧਨਾਂ ਵਿਚ ਫਸੇ ਪਏ ਹਨ, ਅਨੇਕਾਂ ਵਿਕਾਰ (ਇਹਨਾਂ ਦੇ) ਸਰੀਰ ਵਿਚ ਪੂਰੇ ਤੌਰ ਤੇ ਪ੍ਰਭਾਵ ਪਾਈ ਬੈਠੇ ਹਨ। ਹੇ ਪ੍ਰਭੂ! ਤੈਥੋਂ ਬਿਨਾ ਕੋਈ ਹੋਰ (ਜੀਵਾਂ ਦੀ ਵਿਕਾਰਾਂ ਤੋਂ) ਰਾਖੀ ਕਰਨ ਜੋਗਾ ਨਹੀਂ। ਹੇ ਸ਼ਰਨ ਆਇਆਂ ਦੀ ਲਾਜ ਰੱਖ ਸਕਣ ਵਾਲੇ! ਆਪਣਾ ਨਾਮ ਜਪਾ।੧।
ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਹੇ ਸਾਰੇ ਜੀਵਾਂ ਨੂੰ ਪਾਰ ਲੰਘਾਣ ਵਾਲੇ! ਵੇਦਾਂ ਦੇ ਪੜ੍ਹਨ ਵਾਲੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕੇ। ਹੇ ਨਾਨਕ! (ਆਖ-) ਹੇ ਗੁਣਾਂ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! ਹੇ ਰਤਨਾਂ ਦੀ ਖਾਣ ਪਾਰਬ੍ਰਹਮ!ਮੈਂ ਤੈਨੂੰ ਭਗਤੀ ਨਾਲ ਪਿਆਰ ਕਰਨ ਵਾਲਾ (ਜਾਣ ਕੇ) ਤੇਰੀ ਸਿਫ਼ਤਿ-ਸਾਲਾਹ ਕਰ ਰਿਹਾ ਹਾਂ।੨।੧।੫੩।