ਮੰਗਲਵਾਰ 1 ਅਪ੍ਰੈਲ 2014 (ਮੁਤਾਬਿਕ 19 ਚੇਤ ਸੰਮਤ 546 ਨਾਨਕਸ਼ਾਹੀ) 03:45 AM IST

43

11

ਸੋਰਠਿ ਮਹਲਾ ੫ ॥ ਗੁਰ ਕਾ ਸਬਦੁ ਰਖਵਾਰੇ ॥ ਚਉਕੀ ਚਉਗਿਰਦ ਹਮਾਰੇ ॥ ਰਾਮ ਨਾਮਿ ਮਨੁ ਲਾਗਾ ॥ ਜਮੁ ਲਜਾਇ ਕਰਿ ਭਾਗਾ ॥੧॥ ਪ੍ਰਭ ਜੀ ਤੂ ਮੇਰੋ ਸੁਖਦਾਤਾ ॥ ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ ਨਾਨਕ ਪ੍ਰਭੁ ਅਬਿਨਾਸੀ ॥ ਤਾ ਕੀ ਸੇਵ ਨ ਬਿਰਥੀ ਜਾਸੀ ॥ ਅਨਦ ਕਰਹਿ ਤੇਰੇ ਦਾਸਾ ॥ ਜਪਿ ਪੂਰਨ ਹੋਈ ਆਸਾ ॥੨॥੪॥੬੮॥ {ਅੰਗ 626}

ਪਦਅਰਥ: ਰਖਵਾਰੇ—ਰਾਖਾ। ਚਉਕੀ—ਪਹਿਰਾ। ਚਉਗਿਰਦ—ਚੌਹੀਂ ਪਾਸੀਂ, ਚੁਫੇਰੇ। ਨਾਮਿ—ਨਾਮ ਵਿਚ। ਲਜਾਇ ਕਰਿ—ਸ਼ਰਮਿੰਦਾ ਹੋ ਕੇ।੧।

ਪ੍ਰਭ—ਹੇ ਪ੍ਰਭੂ! ਬੰਧਨ—(ਮਾਇਆ ਦੇ ਮੋਹ ਆਦਿਕ ਦੇ) ਜ਼ੰਜੀਰ। ਕਾਟਿ—ਕੱਟ ਕੇ। ਨਿਰਮਲੁ—ਪਵਿਤ੍ਰ। ਪੁਰਖੁ—ਸਰਬ—ਵਿਆਪਕ। ਬਿਧਾਤਾ—ਸਿਰਜਣਹਾਰ ਪ੍ਰਭੂ।ਰਹਾਉ।

ਤਾ ਕੀ—ਉਸ (ਪ੍ਰਭੂ) ਦੀ। ਸੇਵ—ਸੇਵਾ—ਭਗਤੀ। ਬਿਰਥੀ—ਵਿਅਰਥ, ਖ਼ਾਲੀ। ਜਾਸੀ—ਜਾਏਗੀ। ਕਰਹਿ—ਕਰਦੇ ਹਨ। ਜਪਿ—ਜਪ ਕੇ। ਆਸਾ—ਮਨੋ—ਕਾਮਨਾ।੨।

ਅਰਥ: ਹੇ ਪ੍ਰਭੂ ਜੀ! ਮੇਰੇ ਵਾਸਤੇ ਤਾਂ ਤੂੰ ਹੀ ਸੁਖਾਂ ਦਾ ਦਾਤਾ ਹੈਂ। (ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦੇ ਨਾਮ ਵਿਚ ਮਨ ਜੋੜਦਾ ਹੈ) ਸਰਬ-ਵਿਆਪਕ ਸਿਰਜਣਹਾਰ ਪ੍ਰਭੂ (ਉਸ ਦੇ ਮਾਇਆ ਦੇ ਮੋਹ ਆਦਿਕ ਦੇ ਸਾਰੇ) ਬੰਧਨ ਕੱਟ ਕੇ ਉਸ ਦੇ ਮਨ ਨੂੰ ਪਵਿਤ੍ਰ ਕਰ ਦੇਂਦਾ ਹੈ।ਰਹਾਉ।

(ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਗੁਰੂ ਦਾ ਸ਼ਬਦ ਹੀ ਅਸਾਂ ਜੀਵਾਂ ਦਾ ਰਾਖਾ ਹੈ, ਸ਼ਬਦ ਹੀ (ਸਾਨੂੰ ਵਿਕਾਰਾਂ ਤੋਂ ਬਚਾਣ ਲਈ) ਸਾਡੇ ਚੁਫੇਰੇ ਪਹਿਰਾ ਹੈ। (ਗੁਰ-ਸ਼ਬਦ ਦੀ ਬਰਕਤਿ ਨਾਲ ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ, ਉਸ ਪਾਸੋਂ (ਵਿਕਾਰ ਤਾਂ ਕਿਤੇ ਰਹੇ) ਜਮ (ਭੀ) ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ।੧।

ਹੇ ਨਾਨਕ! (ਆਖ-) ਅਬਿਨਾਸ਼ੀ ਪ੍ਰਭੂ (ਐਸਾ ਉਦਾਰ-ਚਿੱਤ ਹੈ ਕਿ) ਉਸ ਦੀ ਕੀਤੀ ਹੋਈ ਸੇਵਾ-ਭਗਤੀ ਖ਼ਾਲੀ ਨਹੀਂ ਜਾਂਦੀ। ਹੇ ਪ੍ਰਭੂ! ਤੇਰੇ ਸੇਵਕ (ਸਦਾ) ਆਤਮਕ ਆਨੰਦ ਮਾਣਦੇ ਹਨ, ਤੇਰਾ ਨਾਮ ਜਪ ਕੇ ਉਹਨਾਂ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ।੨।੪।੬੮।