ਮੌਤ ਨੇ ਅੰਮ੍ਰਿਤਸਰ ਤੋਂ ਹੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ ਸੁਖਵੀਰ ਦਾ

83

2014_3image_02_38_47828892310ldhh425-ll

ਜੱਦੀ ਪਿੰਡ ਸੈਦਪੁਰ ਅਤੇ ਲੁਧਿਆਣਾ ਦੀ ਜੱਜ ਸੁਖਵੀਰ ਕੌਰ ਦਾ ਮੌਤ ਨੇ ਅੰਮ੍ਰਿਤਸਰ ਤੋਂ ਹੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਨੂੰ ਮੇਲ ਹੀ ਕਿਹਾ ਜਾਵੇਗਾ ਕਿ ਜਿਸ ਟਰੱਕ ਨਾਲ ਸੁਖਵੀਰ ਦੀ ਕਾਰ ਦਾ ਐਕਸੀਡੈਂਟ ਹੋਇਆ, ਉਹ ਵੀ ਅੰਮ੍ਰਿਤਸਰ ਤੋਂ ਹੀ ਆ ਰਿਹਾ ਸੀ। ਜੇਕਰ ਉਨ੍ਹਾਂ ਦੀ ਕਾਰ ਫਿਲੌਰ ਤੱਕ ਪਹੁੰਚਣ ਵਿਚ ਇਕ ਮਿੰਟ ਦੀ ਦੇਰੀ ਕਰ ਜਾਂਦੀ ਤਾਂ ਸੁਖਵੀਰ ਤੇ ਉਸਦਾ ਮਾਸੂਮ ਬੇਟਾ ਅੱਜ ਜ਼ਿੰਦਾ ਹੁੰਦੇ। ਦੱਸਿਆ ਜਾਂਦਾ ਹੈ ਕਿ ਸੁਖਵੀਰ ਦੀ ਕਾਰ ਸਿੱਧੀ ਲੁਧਿਆਣਾ ਆ ਰਹੀ ਸੀ, ਜਦਕਿ ਟਰੱਕ ਨੇ ਨਵਾਂਸ਼ਹਿਰ ਦੇ ਵੱਲ ਮੁੜਨਾ ਸੀ। ਇਕ ਮਿੰਟ ਵਿਚ ਟਰੱਕ ਦੀ ਲਾਪ੍ਰਵਾਹੀ ਕਹੀਏ ਜਾਂ ਉਸ ਨੇ ਮੁੜਨ ਤੋਂ ਪਹਿਲਾਂ ਪਿੱਛੇ ਨਹੀਂ ਦੇਖਿਆ ਅਤੇ ਟਰੱਕ ਮੋੜ ਲਿਆ। ਬਸ ਇਸ ਮਨਹੂਸ ਪਲ ਨੇ ਸੁਖਵੀਰ ਤੇ ਉਸਦੇ 4 ਸਾਲਾ ਬੇਟੇ ਨੂੰ ਮੌਤ ਦੇ ਮੂੰਹ ਵਿਚ ਪਹੁੰਚਾ ਦਿੱਤਾ। ਉਹ ਸਵੇਰੇ ਆਪਣੇ ਮਾਤਾ-ਪਿਤਾ ਨੂੰ ਮਿਲ ਕੇ ਲੁਧਿਆਣਾ ਕੋਰਟ ਅਟੈਂਡ ਕਰਨ ਲਈ ਆ ਰਹੀ ਸੀ ਕਿ ਉਨ੍ਹਾਂ ਦੇ ਨਾਲ ਇਹ ਹਾਦਸਾ ਹੋ ਗਿਆ। ਉਨ੍ਹਾਂ ਦੀ ਗੱਡੀ ਖੁਦ ਉਨ੍ਹਾਂ ਦੇ ਪਤੀ ਹਰਪ੍ਰੀਤ ਸਿੰਘ ਚਲਾ ਰਹੇ ਸਨ। ਬਾਅਦ ਦੁਪਹਿਰ ਪੁਲਸ ਨੇ ਉਨ੍ਹਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਤੇ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ 31 ਸਾਲਾ ਸੁਖਵੀਰ ਕੌਰ ਦੇ ਪਤੀ ਹਰਪ੍ਰੀਤ ਸਿੰਘ ਨੂੰ ਡੀ. ਐੱਮ. ਸੀ. ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਸੀ ਤਾਂ ਕਿ ਉਹ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਕਰ ਸਕਣ। ਕੋਰਟ ਕੰਪਲੈਕਸ ਵਿਚ ਹਰ ਪਾਸੇ ਗਮ ਤੇ ਸੰਨਾਟੇ ਦਾ ਮਾਹੌਲ ਸੀ। ਜ਼ਿਲਾ ਬਾਰ ਸੰਘ ਦੇ ਸਾਰੇ ਵਕੀਲਾਂ ਨੇ ਸ਼ੋਕ ਵਜੋਂ ਆਪਣਾ ਸਾਰਾ ਕੰਮ ਪੂਰਨ ਤੌਰ ‘ਤੇ ਬੰਦ ਰੱਖਿਆ। ਅਦਾਲਤਾਂ ਵਿਚ ਅੱਜ ਕੋਈ ਕੰਮ ਨਹੀਂ ਹੋਇਆ। ਸ਼ਾਮ ਨੂੰ ਸ਼੍ਰੀਮਤੀ ਸੁਖਵੀਰ ਕੌਰ ਦਾ ਅੰਮ੍ਰਿਤਸਰ ਵਿਚ ਦੁਰਗਿਆਣਾ ਮੰਦਰ ਦੇ ਨੇੜੇ ਉਸਦੇ ਰਿਸ਼ਤੇਦਾਰਾਂ, ਵਕੀਲਾਂ ਤੇ ਜੱਜਾਂ ਦੀ ਹਾਜ਼ਰੀ ਵਿਚ ਨਮ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਲੁਧਿਆਣਾ ਦੇ ਜ਼ਿਲਾ ਅਤੇ ਸੈਸ਼ਨ ਜੱਜ ਕੇ. ਐੱਸ. ਕੰਗ, ਜ਼ਿਲਾ ਬਾਰ ਸੰਘ ਦੇ ਉਪ ਪ੍ਰਧਾਨ ਗੁਰਦੀਪ ਸਿੰਘ ਤੇ ਸਕੱਤਰ ਰੁਸਤਮਪਾਲ ਸਿੰਘ ਨੇ ਸੁਖਬੀਰ ਕੌਰ ਨੂੰ ਸ਼ਰਧਾਂਜਲੀ ਦਿੱਤੀ। ਸ਼ਮਸ਼ਾਨਘਾਟ ‘ਚ ਹਰ ਅੱਖ ਨਮ ਸੀ। ਲੁਧਿਆਣਾ ਵਿਖੇ ਸੀ. ਜੇ. ਐੱਮ. ਸ਼੍ਰੀਮਤੀ ਸੁਖਵੀਰ ਕੌਰ ਤੇ ਉਸਦੇ ਪੁੱਤਰ ਦੇ ਅੰਤਿਮ ਸੰਸਕਾਰ ਮੌਕੇ ਹਰ ਅੱਖ ਨਮ ਸੀ। ਹਸਪਤਾਲ ਵਿਚ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਨ੍ਹਾਂ ਦੀ ਇਸ ਬੇਵਕਤੀ ਮੌਤ ਦੀ ਖਬਰ ਸੁਣ ਕੇ ਜ਼ਿਲਾ ਸੈਸ਼ਨ ਜੱਜ ਕੇ. ਐੱਸ. ਕੰਗ, ਚੀਫ ਜੁਡੀਸ਼ੀਅਲ ਮੈਜਿਸਟਰੇਟ ਰਾਜੀਵ ਵਸ਼ਿਸ਼ਟ ਸਮੇਤ ਹੋਰ ਜੱਜ ਤੇ ਵਕੀਲ ਡੀ. ਐੱਮ. ਸੀ. ਹਸਪਤਾਲ ਪਹੁੰਚ ਗਏ ਤੇ ਦੁੱਖ ਪ੍ਰਗਟ ਕੀਤਾ। (source Jag Bani)