ਵੱਡਮੁੱਲਾ ਜ਼ਿੰਦਗੀ ਦਾ ਵੇਲਾ ਜੀਹਨੂੰ ਕਹਿਣ ਜਵਾਨੀ,
ਸਾਂਭ ਸਾਂਭ ਜੀਹਨੇ ਵਰਤ ਲਈ ਉਹਦੀ ਰਹੇ ਨਿਸ਼ਾਨੀ।
ਸੌ ਸੌ ਰੀਝਾਂ ਲਾਉਂਦੇ ਮਾਪੇ ਜਿੰਨ੍ਹਾਂ ਹੱਥਾਂ ਵਿੱਚ ਪਾਲੀ,
ਨਸ਼ਿਆਂ ਵਿੱਚ ਕੀ ਰੱਖਿਆ ਵੀਰੋ ਗੱਲ ਵਿਚਾਰਨ ਵਾਲੀ।
ਏਸ ਨਸ਼ੇ ਦੇ ਪਿੱਛੇ ਵੀਰੋ ਕਈ ਘਰ ਗਏ ਲੁੱਟੇ,
ਭਰ ਜਵਾਨੀ ਵੈਣ ਪਾਉਂਦੀਆਂ ਭਾਗ ਜਿਨ੍ਹਾਂ ਦੇ ਫੁੱਟੇ।
ਜੋਬਨ ਰੁੱਤੇ ਫੁੱਲ ਟੁਟ ਜਾਵੇ ਨੀਰ ਕੇਰਦੀ ਡਾਲੀ,
ਨਸ਼ਿਆਂ ਵਿੱਚ ਕੀ ਰੱਖਿਆ ਵੀਰੋ ਗੱਲ ਵਿਚਾਰਨ ਵਾਲੀ।
ਏਸ ਨਸ਼ੇ ਦੇ ਰਾਹੋਂ ਦੋਸਤੋ ਲਾਂਭ ਲਾਂਭ ਲੰਘ ਜਾਇਓ,
ਇਹ ਜ਼ਿੰਦਗੀ ਦਾ ਸਮਾਂ ਅਮੋਲਕ ਭਾੜੇ ਭੰਗ ਨਾ ਲਾਇਓ।
ਜਿੰਨ੍ਹਾਂ ਇਹਦਾ ਸੰਗ ਕਰ ਲਿਆ ਹੋ ਗਏ ਉਹ ਘਰ ਖਾਲੀ,
ਨਸ਼ਿਆਂ ਵਿੱਚ ਕੀ ਰੱਖਿਆ ਵੀਰੋ ਗੱਲ ਵਿਚਾਰਨ ਵਾਲੀ।
ਰੂੜੀਆਂ ਉੱਤੇ ਡਿੱਗ ਡਿੱਗ ਕਈਆਂ ਆਪਣੀ ਇੱਜ਼ਤ ਗਵਾਈ,
ਆਪਣੇ ਕੋਲੋਂ ਪੈਸੇ ਖਰਚ ਕੇ ਮਿੱਟੀ ਆਪ ਪਟਾਈ।
ਗੱਲਾਂ ਲੋਕੀਂ ਮੂੰਹ ਤੇ ਕਹਿੰਦੇ ਪਾਉਣ ਨਾ ਉਹ ਭਿਆਲੀ,
ਨਸ਼ਿਆਂ ਵਿੱਚ ਕੀ ਰੱਖਿਆ ਵੀਰੋ ਗੱਲ ਵਿਚਾਰਨ ਵਾਲੀ।
ਸਰੂਆਂ ਵਰਗੇ ਕੱਦ ਕਈਆਂ ਦੇ ਏਹਨੇ ਘੁਣ ਵਾਂਗ ਖਾਧੇ,
ਰੁਲ ਜਾਵਣਗੇ ਅੰਤ ਖਾਕ ‘ਚ ਜਿੰਨ੍ਹਾਂ ਮਨ ਨਾ ਸਾਧੇ।
ਹੋ ਜਾਈਏ ਹੈਰਾਨ ਦੇਖ ਕੇ ਜਿੰਨ੍ਹਾਂ ਸਿਹਤ ਗਵਾ ਲਈ,
ਨਸ਼ਿਆਂ ਵਿੱਚ ਕੀ ਰੱਖਿਆ ਵੀਰੋ ਗੱਲ ਵਿਚਾਰਨ ਵਾਲੀ।
ਹੀਰਿਆਂ ਵਰਗੇ ਜਿਸਮ ਕਈਆਂ ਦੇ ਬਣੇ ਕੌਡੀਓਂ ਹੌਲੇ,
ਜਿੱਥੇ ਨਿੱਤ ਚਰਗ ਸੀ ਜਲਦੇ ਉਹ ਘਰ ਹੋ ਗਏ ਖੋਲੇ।
ਜਿੰਨ੍ਹਾਂ ਕਦੇ ਪਰਵਾਹ ਨਾ ਕੀਤੀ ਉਨ੍ਹਾਂ ਜਿੰਦ ਤੜਫਾਲੀ,
ਨਸ਼ਿਆਂ ਵਿੱਚ ਕੀ ਰੱਖਿਆ ਵੀਰੋ ਗੱਲ ਵਿਚਾਰਨ ਵਾਲੀ।
ਜੋਬਨ ਦਾ ਰਸ ਨਸ਼ਾ ਚੂਪਦਾ ਜਿਉਂ ਭੋਰ ਫੁੱਲੋਂ ਗੁਲਾਬੀ,
ਜੰਦਰਾ ਹੱਥੀਂ ਲਾ ਜ਼ਿੰਦਗੀ ਨੂੰ ਕਈਆਂ ਸੁੱਟ ਲਈ ਚਾਬੀ।
ਜ਼ਿੰਦਗੀ ਦੀ ਚਾਦਰ ਚਿੱਟੀ ਤੇ ਕਈਆਂ ਦਾਗ ਲਵਾਲੀ,
ਨਸ਼ਿਆਂ ਵਿੱਚ ਕੀ ਰੱਖਿਆ ਵੀਰੋ ਗੱਲ ਵਿਚਾਰਨ ਵਾਲੀ।
ਸਮੇਂ ਦੀ ਨਬਜ਼ ਪਛਾਣ ਕੇ ਚੱਲੋ ਛੱਡੋ ਭੈੜੀਆਂ ਰੀਤਾਂ,
ਚੰਗੇ ਕਰਮਾਂ ਨਾਲ ਹੀ ਰੱਖੋ ਪਾ ਕੇ ਸਦਾ ਪਰੀਤਾਂ।
ਮੋਮੀ ਠੱਟੇ ਵਾਲੇ ਕੋਲੋਂ ਸੱਚੀ ਗੱਲ ਲਿਖਾ ਲੀ,
ਨਸ਼ਿਆਂ ਵਿੱਚ ਕੀ ਰੱਖਿਆ ਵੀਰੋ ਗੱਲ ਵਿਚਾਰਨ ਵਾਲੀ।
ਨਸ਼ਿਆਂ ਵਿੱਚ ਕੀ ਰੱਖਿਆ ਵੀਰੋ ਗੱਲ ਵਿਚਾਰਨ ਵਾਲੀ।
-ਕਵੀਸ਼ਰ ਸੁਖਵਿੰਦਰ ਸਿੰਘ ਮੋਮੀ(ਐਮ.ਏ.)