ਮੋਮੀ ਠੱਟੇ ਵਾਲਿਆ ਦਿੱਤੀ ਕੋਈ ਰਹਿਣ ਨਾ ਖਾਮੀ, ਅੰਗਰੇਜ਼ਾਂ ਦੀ ਭਾਜੀ ਮੋੜੀ ਊਧਮ ਸਿੰਘ ਸੁਨਾਮੀ।

43

SukhwinderMomi
ਜਲ੍ਹਿਆਂ ਵਾਲੇ ਬਾਗ ਦਾ ਭੁੱਲਣਾ ਨਹੀਂ ਕਿਸੇ ਨੂੰ ਕਾਰਾ,
ਰੋਈ ਧਰਤ ਪੰਜਾਬ ਦੀ ਧਾਹੀਂ ਰੋਇਆ ਸੀ ਜੱਗ ਸਾਰਾ।
ਨਿਉਂਦਾ ਜੋ ਨਾ ਮੋੜੇ ਜੱਗ ਤੇ ਲੋਕੀ ਕਹਿਣ ਹਰਾਮੀ,
ਅੰਗਰੇਜ਼ਾਂ ਦੀ ਭਾਜੀ ਮੋੜੀ ਊਧਮ ਸਿੰਘ ਸੁਨਾਮੀ।

ਅਰਦਾਸ ਵਿੱਚ ਹਰਿਮੰਦਰ ਕੀਤੀ ਟਹਿਲ ਸਿੰਘ ਦੇ ਹੀਰੇ,
ਛੱਡੂਂਗਾ ਨਾ ਏਸ ਪਾਪੀ ਨੂੰ ਮਾਰੇ ਜਿੰਨ ਭੈਣਾਂ ਦੇ ਵੀਰੇ।
ਗੋਰੀ ਚਮੜੀ ਵਾਲਿਆਂ ਦੀ ਨਾ ਕਰਨੀ ਸਹਿਣ ਗੁਲਾਮੀ,
ਅੰਗਰੇਜ਼ਾਂ ਦੀ ਭਾਜੀ ਮੋੜੀ ਊਧਮ ਸਿੰਘ ਸੁਨਾਮੀ।

ਸੁਹਾਗ ਜਿੰਨਾਂ ਦੇ ਦਿਨ ਦਿਹਾੜੇ ਬਿੱਲੇ ਬੂਰਿਆਂ ਲੁੱਟੇ,
ਝੱਲੀਆਂ ਜਾਣ ਨਾ ਵੈਣ ਪਾਉਂਦੀਆਂ ਭਾਗ ਜਿੰਨ੍ਹਾਂ ਦੇ ਫੁੱਟੇ।
ਰੱਖੀਂ ਹੱਥ ਮਿਹਰ ਦਾ ਸਿਰ ਤੇ ਊਧਮ ਕਹੇ ਸੁਨਾਮੀ,
ਅੰਗਰੇਜ਼ਾਂ ਦੀ ਭਾਜੀ ਮੋੜੀ ਊਧਮ ਸਿੰਘ ਸੁਨਾਮੀ।

ਮਰਦ ਸੂਰਮੇ ਜੋ ਦਿਲ ਧਾਰਨ ਅੰਤ ਹੁੰਦਾ ਉਹ ਪੂਰਾ,
ਇੱਕੀ ਸਾਲਾਂ ਪਿੱਛੋਂ ਫਿਰ ਵੀ ਬਚਨ ਕਰ ਲਿਆ ਪੂਰਾ,
ਸੀਨੇ ਦੇ ਵਿੱਚ ਰਹੀ ਰੜਕਦੀ ਕੌਮ ਦੀ ਹੋਈ ਬਦਨਾਮੀ,
ਅੰਗਰੇਜ਼ਾਂ ਦੀ ਭਾਜੀ ਮੋੜੀ ਊਧਮ ਸਿੰਘ ਸੁਨਾਮੀ।

ਕੈਕਸਟਨ ਹਾਲ ਲੰਡਨ ਦੇ ਵਿੱਚ ਹੋ ਰਿਹਾ ਇਜਲਾਸ,
ਊਧਮ ਸਿੰਘ ਵੀ ਇਮਤਿਹਾਨੋਂ ਹੋਣ ਲੱਗਾ ਅੱਜ ਪਾਸ,
ਭੁੱਲਿਆ ਨਹੀਂ ਉਹ ਅਖਵਾਉਂਦਾ ਜੋ ਘਰ ਆ ਜਾਏ ਸ਼ਾਮੀਂ,
ਅੰਗਰੇਜ਼ਾਂ ਦੀ ਭਾਜੀ ਮੋੜੀ ਊਧਮ ਸਿੰਘ ਸੁਨਾਮੀ।

ਓਡਵਾਇਰ ਤਕਰੀਰ ਜਾ ਕੀਤੀ ਵਿੱਚ ਇਜਲਾਸ ਖਲੋ ਕੇ,
ਸ਼ੇਰ ਪੰਜਾਬੀ ਮਾਂ ਦਾ ਯੋਧਾ ਖੜ੍ਹ ਗਿਆ ਸਾਹਵੇਂ ਹੋ ਕੇ,
ਭੱਜ ਲੈ ਜਿੱਥੇ ਭੱਜਣਾ ਅੱਜ ਤੂੰ ਸੱਦ ਲੈ ਆਪਣੇ ਹਾਮੀ,
ਅੰਗਰੇਜ਼ਾਂ ਦੀ ਭਾਜੀ ਮੋੜੀ ਊਧਮ ਸਿੰਘ ਸੁਨਾਮੀ।

ਗੋਲੀ ਮਾਰ ਕੇ ਸੀਨੇ ਦੇ ਵਿੱਚ ਗੋਰਾ ਪਾਰ ਬੁਲਾਇਆ,
ਸਾਰਾ ਕਰਜ ਪੰਜਾਬ ਦੇ ਸਿਰ ਤੋਂ ਮਰਦ ਸੂਰਮੇ ਲਾਹਿਆ।
ਮੋਮੀ ਠੱਟੇ ਵਾਲਿਆ ਦਿੱਤੀ ਕੋਈ ਰਹਿਣ ਨਾ ਖਾਮੀ,
ਅੰਗਰੇਜ਼ਾਂ ਦੀ ਭਾਜੀ ਮੋੜੀ ਊਧਮ ਸਿੰਘ ਸੁਨਾਮੀ।
ਅੰਗਰੇਜ਼ਾਂ ਦੀ ਭਾਜੀ ਮੋੜੀ ਊਧਮ ਸਿੰਘ ਸੁਨਾਮੀ।
-ਕਵੀਸ਼ਰ ਸੁਖਵਿੰਦਰ ਸਿੰਘ ਮੋਮੀ (ਐਮ.ਏ.)