ਦਾਤੀਆਂ ਨੂੰ ਜਦੋਂ ਸੀ ਲਵਾਏ ਲੋਕਾਂ ਘੁੰਗਰੂ ਵਾਢੀਆਂ ਦਾ ਜਦੋਂ ਸੀਗਾ ਜੋਰ ਚੱਲਦਾ,
ਅੰਮ੍ਰਿਤਸਰ ਦੀ ਉਹ ਸੋਨੇ ਰੰਗੀ ਧਰਤੀ ਤੇ ਇਕ ਕੰਮ ਦੇਖਿਆ ਸੀ ਹੋਰ ਚੱਲਦਾ।
ਜੁਲਮਾਂ ਦੀ ਫਸਲ ਵੀ ਪਹੁੰਚ ਗਈ ਸੀ ਸਿਖਰਾਂ ਤੇ ਚਾਹੁੰਦੀ ਸੀ ਖਲਾਸੀ ਹੋਰ ਜੂਨ ਮੰਗਦੀ,
ਜਿਲਿਆਂ ਦੇ ਬਾਗ ਪਹੁੰਚੀ ਸੁੰਘਦੀ ਸੁੰਘਾਉਂਦੀ ਜਾਲਮਾਂ ਦੀ ਜੀਭ ਸੀ ਜੋ ਖੂਨ ਮੰਗਦੀ।
ਵਿਛ ਗਿਆ ਬੋਹਲ ਝੱਟ ਜਿਸਮਾਂ ਦੇ ਦਾਣਿਆਂ ਦਾ ਹੱਡੀਆਂ ਦਾ ਝੱਟ ਸੀ ਬਣਾ ਤਾ ਚੂਰਮਾ,
ਜਿਹਨੇ ਇਸ ਫਸਲ ਦਾ ਮੁੱਲ ਅਜੇ ਤਾਰਨਾ ਸੀ ਲੁਕ ਲੁਕ ੳੁਹੋ ਵੇਖਦਾ ਸੀ ਸੂਰਮਾ।
ਪਲਿਆ ਯਤੀਮਖਾਨੇ ਪਰ ੳੁਹਦੀ ਮਾਂ ਸੀ ਇਕ ਜਿਸਨੂੰ ਉਹ ਬੜਾ ਸੀ ਪਿਆਰ ਕਰਦਾ,
ਜਿਹਦੀ ਮਿੱਟੀ ਲਾ ਕੇ ਸਦਾ ਹਿਕ ਨਾਲ ਰੱਖਦਾ ਸੀ ਜਿਸ ਉੱਤੇ ਕਿਸੇ ਦਾ ਨਾਂ ਵਾਰ ਜਰਦਾ।
ਬਦਲੇ ਦਾ ਬੀਜ ਉਹਨੇ ਖੂਨ ਵਿਚ ਬੀਜਿਆ ਜੋ ਇੱਕੀਆਂ ਸਾਲਾਂ ਚ ੳੁਹੋ ਹੋ ਗਿਆ ਜਵਾਨ ਸੀ,
ਫੱਕਰਾਂ ਤੇ ਯੋਗੀਆਂ ਦੇ ਵਾਗੂੰ ਉਹਨੇ ਘੁੰਮਦੇ ਨੇ ਪਾਰ ਜਾ ਸਮੁੰਦਰਾਂ ਤੋਂ ਕੱਢ ਲੀ ਪਛਾਣ ਸੀ।
ਮੂਹਰੇ ਅਡਵਾਇਰ ਦੇ ਸੀ ਖੜ ਗਿਆ ਊਧਮ ਜਦੋਂ ਵੇਖ ਉਹਨੂੰ ਲੰਡਨ ਨੂੰ ਅਾ ਗੀਆਂ ਤਰੇਲੀਆਂ,
ਜਾਲਮ ਦੀ ਮੌਤ ਉੱਤੇ ਗਿੱਧਾ ਪਾਇਆ ਬੱਲੀਆਂ ਨੇ ਕਣਕਾਂ ਦੇ ਨਾਲ ਰਲ ਗਾਣੇ ਗਾਏ ਪੈਲੀਆਂ।
ਹਿੱਕਾਂ ਵਿੱਚ ਜੋਰ ਤੇ ਅਕਲ ਹੋਵੇ ਖਾਨਿਆਂ ਚ ਚਿਹਰਿਆਂ ਤੇ ਚੰਦ ਹੋਣ ਜਗਦੇ ਜਲਾਲ ਦੇ,
ਕੰਡਿਆਂ ਤੇ ਪੈੜ ਜੀਹਦੀ ਰੱਕੜਾਂ ਤੇ ਰਹਿਣ ਜੀਹਦਾ ਇਜਤਾਂ ਪੱਤਾਂ ਨੂੰ ਸਦਾ ੳਹ ਹੀ ਲੋਕ ਪਾਲਦੇ।
-ਗੁਰਪ੍ਰੀਤ ਸਿੰਘ ਗੱਟੀ