ਮਾਮਲਾ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਠਾ ਕੇ ਰਮਾਇਣ ਦੇ ਪ੍ਰਕਾਸ਼ ਕਰਨ ਦਾ।

143

ਸਤਿਕਾਰ ਕਮੇਟੀ ਵੱਲੋਂ ਐਸ.ਡੀ.ਐਮ. ਦਫ਼ਤਰ ਮੂਹਰੇ ਧਰਨਾ
ਠੱਟਾ ਨਵਾਂ ਵਿਖੇ ਨਗਰ ਨਿਵਾਸੀਆਂ ਵੱਲੋਂ ਬਣਾਏ ਗੁਰਦੁਆਰੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵਿਚ ਵਰਤੀ ਜਾ ਰਹੀ ਢਿਲਮੱਠ ਦੀ ਨੀਤੀ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੀ ਅਗਵਾਈ ‘ਚ ਨਗਰ ਅਤੇ ਇਲਾਕਾ ਨਿਵਾਸੀਆਂ ਨੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਦੇ ਦਫ਼ਤਰ ਮੋਹਰੇ ਰੋਸ ਧਰਨਾ ਦਿੱਤਾ। ਇਲਾਕਾ ਨਿਵਾਸੀ ਕਾਲੀਆਂ ਝੰਡੀਆਂ ਲੈ ਕੇ ਰੋਸ ਵਿਖਾਵਾ ਕਰਦੇ ਅਤੇ ਗੁਰਬਾਣੀ ਦਾ ਜਾਪ ਕਰਦੇ ਹੋਏ ਪੁੱਜੇ ਅਤੇ ਮੁੱਖ ਸੜਕ ਉਪਰ ਦਰੀਆਂ ਵਿਛਾਕੇ ਧਰਨੇ ਉੱਪਰ ਬੈਠ ਗਏ ਅਤੇ ਆਵਾਜਾਈ ਠੱਪ ਕਰ ਦਿੱਤੀ। ਧਰਨਾਕਾਰੀ ਸਵੇਰੇ 11 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤਕ ਧਰਨੇ ਉੱਪਰ ਬੈਠੇ ਗੁਰਬਾਣੀ ਜਾਪ ਕਰਦੇ ਰਹੇ। ਸ਼ਾਮ ਪੰਜ ਵਜੇ ਧਰਨਾਕਾਰੀਆਂ ਨੇ ਸ: ਕੁਲਦੀਪ ਸਿੰਘ ਚੰਦੀ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ। ਜਿਸ ਵਿਚ ਮੰਗ ਕੀਤੀ ਗਈ ਕਿ ਬੀਤੇ 60 ਸਾਲ ਤੋਂ ਚੱਲ ਰਹੇ ਗੁਰਦੁਆਰੇ ਦੀ ਨਵੀਂ ਬਣੀ ਇਮਾਰਤ ‘ਚ ਪੂਰੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਜਾਵੇ। ਇਸ ਮੌਕੇ ਸੰਤ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਵਾਲੇ ਵੀ ਹਾਜ਼ਰ ਸਨ। ਇਸ ਮੌਕੇ ਸੰਤ ਗੁਰਚਰਨ ਸਿੰਘ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਹ ਸ੍ਰੀ ਰਮਾਇਣ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ ਸ੍ਰੀ ਰਮਾਇਣ ਵਾਸਤੇ ਯੋਗ ਸਥਾਨ ਬਣਾਕੇ ਦੇਣ ਵਾਸਤੇ ਯਥਾ ਸ਼ਕਤੀ ਸਹਿਯੋਗ ਕਰਨ ਲਈ ਵੀ ਤਿਆਰ ਹਨ, ਪ੍ਰੰਤੂ ਜੋ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਸਤੇ ਬਣਾਇਆ ਗਿਆ ਹੈ। ਉੱਥੇ ਪੂਰੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਜਾਵੇ। ਸਤਿਕਾਰ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਆਪਣੇ ਪੱਧਰ ‘ਤੇ ਮਾਮਲਾ ਹੱਲ ਨਾ ਕੀਤਾ ਤਾਂ ਪੰਥਕ ਜਥੇਬੰਦੀਆਂ ਆਪਣੇ ਪੱਧਰ ‘ਤੇ ਕਾਰਵਾਈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਉਣਗੇ। ਸ੍ਰੀ ਚੰਦੀ ਨੇ ਵਿਸ਼ਵਾਸ ਦਿਵਾਇਆ ਕਿ ਸਬੰਧਿਤ ਧਿਰਾਂ ਨਾਲ ਗੱਲਬਾਤ ਕਰਕੇ ਮਾਮਲਾ 15 ਦਿਨਾਂ ਵਿਚ ਹੱਲ ਕਰ ਲਿਆ ਜਾਵੇਗਾ ਅਤੇ ਵਫ਼ਦ ਦੀਆਂ ਭਾਵਨਾਵਾਂ ਤੋਂ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਸਾਧੂ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਸਾਬਕਾ ਸਰਪੰਚ ਅਤੇ ਪ੍ਰਧਾਨ ਸਹਿਕਾਰੀ ਸਭਾ, ਲਾਡੀ ਦਰੀਏਵਾਲ, ਸੇਵਾਦਾਰ ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਸੂਬਾ ਸਿੰਘ, ਸ਼ਿੰਗਾਰ ਸਿੰਘ, ਰਜਿੰਦਰ ਸਿੰਘ, ਸੁਰਿੰਦਰ ਸਿੰਘ, ਸਵਰਨ ਸਿੰਘ ਸਰਪੰਚ, ਜਥੇਦਾਰ ਗੁਰਦਿਆਲ ਸਿੰਘ, ਪਿਆਰਾ ਸਿੰਘ ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। d94886758

1 COMMENT

Comments are closed.