ਸ਼ੀਸ਼ੇ ਤਾਂ ਓਹੀ ਨੇ ਪਰ ਯਾਰੋ ਚਿਹਰੇ ਬਦਲ ਗਏ,
ਹਾਕਮ ਦੀਆਂ ਚਾਲਾਂ ਉਹੀ ਨੇ ਮੋਹਰੇ ਬਦਲ ਗਏ।
ਜੜ੍ਹੋਂ ਹਿੱਲੀ ਹੈ ਵਿਰਾਸਤ, ਪੱਛਮ ਦੀ ਚੱਲੀ ਹਨ੍ਹੇਰੀ,
ਖਾਣਾ, ਪਹਿਰਾਵਾ, ਪਰਿਵਾਰ ਤੇ ਬਨੇਰੇ ਬਦਲ ਗਏ।
ਮੈਂ ਅੱਜ ਵੀ ਸੱਚ ਦੇ ਰਾਹਾਂ ਦੀ ਧੂੜ ਫੱਕਦਾ ਹਾਂ,
ਪਰ ਸੁਣਿਆਂ ਸੱਜ਼ਣਾਂ! ਰਾਹ ਹੁਣ ਤੇਰੇ ਬਦਲ ਗਏ।
ਕਦੇ ਉਹ ਵੀ ਸਮਾਂ ਸੀ ਜਦੋਂ ਸੱਚੀ ਸਹੁੰ ਨਾ ਖਾਂਦੇ ਸੀ,
ਰਹੇ ਨ ਰਿਸ਼ਤੇ ਉਹ, ਰਿਸ਼ਤੇ ਤੇਰੇ ਮੇਰੇ ਬਦਲ ਗਏ।
ਸਮਾਂ ਸੀ ਉਹ ਸੱਜਣਾਂ ਜਦੋਂ ਹਨੇਰਿਆਂ ਤੋਂ ਡਰਦੇ ਸੀ,
ਤੇ ਹੁਣ ਜ਼ਿੰਦਗੀ ਬਦਲੀ ਤੇ ਉਹ ਹਨੇਰੇ ਬਦਲ ਗਏ।
ਕੀਹਨੂੰ ਪੁੱਛੀਏ ਸੱਜਣਾਂ ਵੇ! ਸੱਚ ਦੇ, ਸੱਚੇ ਸਿਰਨਾਵੇਂ,
ਗੁੰਗੇ ਹੋਏ ਨੇ ਫਰਿਸ਼ਤੇ ਤੇ ਰਾਹ ਦਸੇਰੇ ਬਦਲ ਗਏ।
ਭੁੱਲਣ ਵਾਲਿਆਂ ਚ ਨਾਮ ਕੀ ਲੈਣਾ ਮਨਦੀਪ ਤੇਰਾ!
ਯਾਦ ਰੱਖਣ ਵਾਲੇ ਤਾਂ ਹੋਰ ਵੀ ਬਥੇਰੇ ਬਦਲ ਗਏ।
-ਮਨਦੀਪ ਗਿੱਲ ਧੜਾਕ