ਭਿੰਦਾ ਕੈਨੇਡਾ ਨੇ ਪਿੰਡ ਭੰਡਾਲ ਦੋਨਾਂ ਨੂੰ ਸੀਵਰੇਜ ਲਈ ਦਿੱਤਾ ਇਕ ਕਰੋੜ ਰੁਪਿਆ।

56

1

(ਅਜੀਤ)-ਕੋਈ ਵੀ ਵਿਅਕਤੀ ਜਿਸ ਮਿੱਟੀ ‘ਚ ਜਨਮ ਲੈਂਦਾ ਹੈ, ਉਹ ਮਿੱਟੀ ਹੀ ਉਸ ਦਾ ਸਿਰਨਾਵਾਂ ਬਣ ਜਾਂਦੀ ਹੈ ਤੇ ਹਰੇਕ ਵਿਅਕਤੀ ਨੂੰ ਜ਼ਿੰਦਗੀ ਦੀ ਤਾਂਗ ਰਹਿੰਦੀ ਹੈ ਕਿ ਉਹ ਸਮਾਂ ਆਉਣ ‘ਤੇ ਆਪਣੀ ਮਿੱਟੀ ਦਾ ਰਿਣ ਜ਼ਰੂਰ ਚੁਕਾਵੇਗਾ | ਅਜਿਹੀਆਂ ਮਿਸਾਲਾਂ ਤਾਂ ਸੈਂਕੜੇ ਗਿਣੀਆਂ ਜਾ ਸਕਦੀਆਂ ਹਨ ਪਰ ਭੰਡਾਲ ਦੋਨਾ ਦੀ ਮਿੱਟੀ ਦੇ ਜਾਏ ਪਰਮਿੰਦਰ ਸਿੰਘ ਭਿੰਦਾ ਕੈਨੇਡਾ ਦੀ ਗੱਲ ਹੀ ਕੁੱਝ ਵੱਖਰੀ ਹੈ | ਭਿੰਦਾ ਭੰਡਾਲ ਦਾ ਕਹਿਣਾ ਹੈ ਕਿ ਸਰਬੱਤ ਦਾ ਭਲਾ ਅਰਦਾਸ ਕਰਕੇ ਹੀ ਨਹੀਂ ਹੋ ਜਾਂਦਾ, ਕੁੱਝ ਕਰਨਾ ਵੀ ਪੈਂਦਾ ਹੈ | ਇਸੇ ਹੀ ਕਸਕ ਤਹਿਤ ਜੋ ਭਿੰਦੇ ਨੇ ਭੰਡਾਲ ਦੋਨਾ ਬਾਰੇ ਸੁਪਨੇ ਸਿਰਜੇ ਹਨ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਤੋਂ ਵੀ ਵੱਡੇ ਹਨ, ਜਿਨ੍ਹਾਂ ਨੂੰ ਸਾਕਾਰ ਕਰਨ ਲਈ ਭਿੰਦੇ ਦੇ ਸੁਪਨਿਆਂ ਨਾਲ ਸਾਂਝ ਮਹਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾ ਲਈ ਹੈ | ਭੰਡਾਲ ਦੋਨਾ ਦੀ ਕਾਇਆ ਕਲਪ ਕਰਨ ਲਈ ਜੋ ਬਲਿਊ ਪਿ੍ੰਟ ਤਿਆਰ ਕੀਤਾ ਹੈ, ਉਸ ਵਿਚ ਭੰਡਾਲ ਦੋਨਾ ਨੂੰ 100 ਫੀਸਦੀ ਸੀਵਰੇਜ ਦਾ ਪਾਣੀ ਇਕ ਸੁੰਦਰ ਛੱਪੜ ਵਿਚ ਹੀ ਪਾਉਣਾ ਨਹੀਂ ਬਲਕਿ ਬਾਰਿਸ਼ ਦੇ ਪਾਣੀ ਨੂੰ ਸਾਂਭ ਕੇ ਸਿੰਚਾਈ ਜਾਂ ਹੋਰ ਕੰਮਾਂ ‘ਚ ਵਰਤਣਾ ਵੀ ਇਸ ਸੁਪਨਿਆਂ ਦੀ ਪਹਿਲ ਹੈ | ਪਿੰਡ ਵਿਚ ਸੋਲਰ ਸਟਰੀਟ ਲਾਈਟਾਂ ਹੀ ਨਹੀਂ ਲਗਾਉਣਾ ਬਲਕਿ ਪਿੰਡ ਦੀ ਹਰ ਹਰਕਤ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਬੰਦ ਕਰਕੇ ਪਿੰਡ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਵੀ ਬਣ ਗਿਆ ਹੈ | ਭਿੰਦਾ ਕੈਨੇਡਾ ਨੇ ਇਸ ਸ਼ੁੱਭ ਕਾਰਜ ਨੂੰ ਆਰੰਭ ਕਰਨ ਲਈ ਆਪਣੀ ਕਿਰਤ ਕਮਾਈ ‘ਚੋਂ ਇਕ ਕਰੋੜ ਦਾ ਸ਼ਗਨ ਪਾ ਕੇ ਪਿੰਡ ਤੇ ਪ੍ਰਵਾਸੀ ਭਾਰਤੀਆਂ ਨੂੰ ਸੋਹਣੇ ਸੁਪਨੇ ਸਾਕਾਰ ਕਰਨ ਲਈ ਹਾਕ ਮਾਰੀ ਹੈ | ਉਸ ਹਾਕ ਦਾ ਹੁੰਗਾਰਾ ਭਰਦਿਆਂ ਪਿੰਡ ਦੇ ਸਰਪੰਚ ਹਰਦੇਵ ਸਿੰਘ, ਲਛਮਣ ਸਿੰਘ ਪੰਚ, ਬਲਵੰਤ ਸਿੰਘ ਪੰਚ, ਜੀਤ ਸਿੰਘ ਪੰਚ, ਸਤਪਾਲ ਪੰਚ, ਸਰਬਜੀਤ ਕੌਰ ਪੰਚ, ਅਮਨਦੀਪ ਕੌਰ ਪੰਚ, ਹਰਪ੍ਰੀਤ ਹੈਪੀ ਪੰਚ, ਜਨਾਬ ਮੁਸ਼ਤਾਕ ਮੁਹੰਮਦ, ਡੀ. ਐੱਸ. ਪੀ. ਕਰਨੈਲ ਸਿੰਘ ਆਦਿ ਨੇ ਸਮੂਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਜਿੱਥੇ ਭਿੰਦਾ ਕੈਨੇਡਾ ਨੂੰ ਜਿਊਣ ਜੋਗੇ ਹੋਣ ਦਾ ਵਰਦਾਨ ਦਿੱਤਾ ਹੈ ਉੱਥੇ ਪ੍ਰਵਾਸੀ ਭਾਰਤੀਆਂ ਨੂੰ ਵੀ ਆਪਣੀ ਮਿੱਟੀ ਦੇ ਕਰਜ਼ੇ ਦੀ ਕਿਰਤ ਉਤਾਰਨ ਲਈ ਹਾਕ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਕਰਮ ਸਿੰਘ ਕੈਨੇਡਾ ਦੇ ਪਰਿਵਾਰ ਵੱਲੋਂ 5 ਲੱਖ ਰੁਪਏ ਦੀ ਹਾਮੀ ਭਰ ਦਿੱਤੀ ਹੈ | ਸਰਪੰਚ ਹਰਦੇਵ ਸਿੰਘ ਨੇ ਦੱਸਿਆ ਕਿ ਸੀਵਰੇਜ ਦਾ ਕੰਮ ਕਰਨ ਲਈ ਸੰਤ ਬਲਬੀਰ ਸਿੰਘ, ਸੰਤ ਸੁਖਜੀਤ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਜਿਹੜੇ ਸਰਵੇਖਣ ਕੀਤਾ ਗਿਆ ਹੈ, ਲਈ 350 ਪਾਈਪ ਪਾਏ ਜਾਣਗੇ, ਜਿਸ ‘ਚ ਸੰਤ ਸੀਚੇਵਾਲ ਦੀ ਮਿਸ਼ਨਰੀ ਦੇ ਸੇਵਾਦਾਰ ਕਾਰ ਸੇਵਾ ਦੇ ਰੂਪ ਵਿਚ ਸੇਵਾ ਨਿਭਾਉਣਗੇ | ਉਨ੍ਹਾਂ ਦੱਸਿਆ ਕਿ ਭਿੰਦਾ ਕੈਨੇਡਾ, ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਨੂੰ ਸਭ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ‘ਸਰਕਾਰ ਉਂਠੀ ਬੁੱਲਾ ਵੱਲ ਝਾਕਣ ਦੀ ਬਜਾਏ’, ‘ਆਪਣੇ ਹੱਥੀਂ ਆਪਣਾ ਹੀ ਕਾਰਾ ਸਵਾਰੀਏ’ ਦੇ ਮਹਾਂ ਵਾਕਾਂ ਨਾਲ ਜੋੜ ਦਿੱਤਾ ਗਿਆ ਹੈ |