ਹੁਸੈਨਪੁਰ, 5 ਅਕਤੂਬਰ (ਸੋਢੀ)- ਭਾਰਤੀ ਦੂਰ ਸੰਚਾਰ ਵਿਭਾਗ ਆਪਣੇ ਖਪਤਕਾਰਾਂ ਨੂੰ ਨਿੱਜੀ ਕੰਪਨੀਆਂ ਦੇ ਮੁਕਾਬਲੇ ਵਧੀਆਂ ਸੇਵਾਵਾਂ ਦੇਣ ਦੇ ਦਾਅਵੇ ਤਾਂ ਕਰਦਾ ਹੈ ਪਰ ਅਸਲ ਵਿਚ ਸੱਚਾਈ ਦਾਅਵਿਆਂ ਤੋਂ ਕੋਹਾਂ ਦੂਰ ਹੈ, ਜਿਸ ਦੀ ਮਿਸਾਲ ਸੁਲਤਾਨਪੁਰ ਲੋਧੀ ਅਧੀਨ ਆਉਂਦੀ ਪਿੰਡ ਬੂਲਪੁਰ ਐਕਸਚੇਂਜ ਤੋਂ ਮਿਲਦੀ ਹੈ ਜਿਸ ਅਧੀਨ ਆਉਂਦੇ 21 ਪਿੰਡਾਂ ਦੇ ਖਪਤਕਾਰ ਪਿਛਲੇ ਕਈ ਦਿਨਾਂ ਤੋਂ ਟੈਲੀਫ਼ੋਨ, ਬ੍ਰਾਂਡਬੈਂਡ ਤੇ ਮੋਬਾਈਲ ਸੇਵਾਵਾਂ ਠੱਪ ਹੋਣ ਕਰਕੇ ਡਾਢੇ ਪ੍ਰੇਸ਼ਾਨ ਹਨ | ਟੈਲੀਫ਼ੋਨ ਸੇਵਾਵਾਂ ਠੱਪ ਹੋਣ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਖਪਤਕਾਰ ਭਾਰਤੀ ਦੂਰ ਸੰਚਾਰ ਨਿਗਮ ਨੂੰ ਕੋਸ ਦਿਆਂ ਨਿੱਜੀ ਕੰਪਨੀ ਦੇ ਫ਼ੋਨ ਕੁਨੈਕਸ਼ਨ ਲੈਣ ਬਾਰੇ ਵਿਚਾਰ ਕਰ ਰਹੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਅਰਜਨ ਸਿੰਘ, ਬਿਕਰਮਜੀਤ ਸਿੰਘ, ਚਰਨ ਸਿੰਘ, ਮਲਕੀਤ ਸਿੰਘ, ਪ੍ਰੀਤਮ ਸਿੰਘ, ਉਜਾਗਰ ਸਿੰਘ, ਪ੍ਰੇਮ ਕੁਮਾਰ ਅਤੇ ਮਨਮੋਹਨ ਸਿੰਘ ਨੇ ਦੱਸਿਆ ਕਿ ਭਾਰਤੀ ਦੂਰ ਸੰਚਾਰ ਨਿਗਮ ਲਿਮਟਿਡ ਵੱਲੋਂ ਅਕਤੂਬਰ ਮਹੀਨੇ ਤੋਂ ਬ੍ਰਾਂਡਬੈਂਡ ਦੀ ਸਪੀਡ 2 ਜੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਪੀਡ ਵਧਣ ਦੀ ਬਜਾਏ ਪਹਿਲੀ ਚੱਲਦੀ ਸਪੀਡ ਵੀ ਬੰਦ ਹੋ ਗਈ |