ਧਨਾਸਰੀ ਮਹਲਾ ੫ ਘਰੁ ੮ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥ ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥ ਗੁਰ ਕਾ ਬਚਨੁ ਬਸੈ ਜੀਅ ਨਾਲੇ ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥ ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥ ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥ {ਅੰਗ 679}
ਪਦਅਰਥ: ਸਿਮਰਉ—ਸਿਮਰਉਂ, ਮੈਂ ਸਿਮਰਦਾ ਹਾਂ। ਸਿਮਰਿ—ਸਿਮਰ ਕੇ। ਪਾਵਉ—ਪਾਵਉਂ, ਮੈਂ ਪਾਂਦਾ ਹਾਂ। ਸਾਸਿ ਸਾਸਿ—ਹਰੇਕ ਸਾਹ ਦੇ ਨਾਲ। ਸਮਾਲੇ—ਸਮ੍ਹ੍ਹਾਲਿ, ਸੰਭਾਲ ਕੇ, ਹਿਰਦੇ ਵਿਚ ਵਸਾ ਕੇ। ਲੋਕਿ—ਲੋਕ ਵਿਚ। ਸੰਗਿ—ਨਾਲ। ਸਹਾਈ—ਮਦਦਗਾਰ। ਜਤ ਕਤ—ਜਿੱਥੇ ਕਿਥੇ, ਹਰ ਥਾਂ। ਮੋਹਿ—ਮੇਰਾ।੧।
ਜੀਅ ਨਾਲੇ—(ਮੇਰੀ) ਜਿੰਦ ਦੇ ਨਾਲ। ਜਲਿ—ਪਾਣੀ ਵਿਚ। ਤਸਕਰੁ—ਚੋਰ। ਭਾਹਿ—ਅੱਗ। ਨ ਸਾਕੈ ਜਾਲੇ—ਜਲਾ ਨ ਸਕੇ।੧।ਰਹਾਉ।
ਕਉ—ਵਾਸਤੇ। ਟਿਕ—ਟੇਕ, ਸਹਾਰਾ। ਬਾਲੈ—ਬਾਲ ਵਾਸਤੇ। ਬੋਹਿਥੁ—ਜਹਾਜ਼।੨।
ਅਰਥ: ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ। (ਪਰਮਾਤਮਾ ਦਾ ਨਾਮ ਇਕ ਐਸਾ ਧਨ ਹੈ, ਜੇਹੜਾ ਪਾਣੀ ਵਿਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ।੧।ਰਹਾਉ।
ਹੇ ਭਾਈ! (ਪਰਮਾਤਮਾ ਦੇ ਨਾਮ ਨੂੰ ਮੈਂ ਆਪਣੇ) ਹਰੇਕ ਸਾਹ ਦੇ ਨਾਲ ਹਿਰਦੇ ਵਿਚ ਵਸਾ ਕੇ ਸਿਮਰਦਾ ਹਾਂ, ਤੇ, ਸਿਮਰ ਸਿਮਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹਾਂ। ਇਹ ਹਰਿ-ਨਾਮ ਇਸ ਲੋਕ ਵਿਚ ਤੇ ਪਰਲੋਕ ਵਿਚ ਮੇਰੇ ਨਾਲ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ।੧।
ਹੇ ਭਾਈ! ਪਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੍ਹੇ ਵਾਸਤੇ ਡੰਗੋਰੀ ਹੈ, ਜਿਵੇਂ ਬੱਚੇ ਵਾਸਤੇ ਮਾਂ ਦਾ ਦੁੱਧ ਹੈ (ਤਿਵੇਂ ਹਰਿ-ਨਾਮ ਮਨੁੱਖ ਦੀ ਆਤਮਾ ਵਾਸਤੇ ਹੈ)। ਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮੁੰਦਰ ਵਿਚ ਜਹਾਜ਼ ਹੈ।੨।੧।੩੨।