ਬਿਲਾਵਲੁ ਮਹਲਾ ੫ ॥ ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥ ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥ ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥ ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥ {ਅੰਗ 819}
ਪਦਅਰਥ: ਤਾਤੀ—ਤੱਤੀ। ਤਾਤੀ ਵਾਉ—ਤੱਤੀ ਹਵਾ, ਸੇਕ। ਲਗਈ—ਲਗਏ, ਲੱਗੈ, ਲੱਗਦਾ। ਚਉਗਿਰਦ—ਚੌਹੀਂ ਪਾਸੀਂ। ਰਾਮਕਾਰ—ਰਾਮ ਦੇ ਨਾਮ ਦੀ ਲਕੀਰ {ਨੋਟ:ਬਨਬਾਸ ਸਮੇ ਰਾਵਣ ਸੀਤਾ ਜੀ ਨੂੰ ਛਲਣ ਆਇਆ। ਸੀਤਾ ਜੀ ਦੀ ਪ੍ਰੇਰਨਾ ਤੇ ਸ੍ਰੀ ਰਾਮਚੰਦ੍ਰ ਜੀ ਹਰਨ ਨੂੰ ਫੜਨ ਗਏ, ਲਛਮਨ ਨੂੰ ਸੀਤਾ ਜੀ ਦੇ ਪਾਸ ਛੱਡ ਗਏ। ਜੰਗਲ ਵਿਚੋਂ ਇਉਂ ਆਵਾਜ਼ ਆਈ, ਜਿਵੇਂ ਸ੍ਰੀ ਰਾਮ ਜੀ ਨੂੰ ਕਿਸੇ ਬਿਪਤਾ ਨੇ ਆ ਗ੍ਰਸਿਆ ਹੈ। ਸੀਤਾ ਜੀ ਦੇ ਕਹਿਣ ਤੇ ਲਛਮਨ ਸੀਤਾ ਜੀ ਦੇ ਦੁਆਲੇ ਰਾਮ—ਕਾਰ ਖਿੱਚ ਕੇ ਸ੍ਰੀ ਰਾਮ ਜੀ ਦੀ ਭਾਲ ਵਿਚ ਚਲਾ ਗਿਆ। ਪਰ ਸੀਤਾ ਜੀ ਨੂੰ ਹਿਦਾਇਤ ਕਰ ਗਿਆ ਕਿ ਇਸ ਲਕੀਰ ਤੋਂ ਬਾਹਰ ਨਹੀਂ ਨਿਕਲਣਾ। ਰਾਵਣ ਦਾ ਦਾਉ ਤਦੋਂ ਹੀ ਲੱਗਾ, ਜਦੋਂ ਸੀਤਾ ਜੀ ਉਸ ਤੋਂ ਬਾਹਰ ਨਿਕਲ ਆਏ}। ਭਾਈ—ਹੇ ਭਾਈ!।੧।
ਭੇਟਿਆ—ਮਿਲ ਪਿਆ। ਜਿਨਿ—ਜਿਸ (ਗੁਰੂ) ਨੇ। ਬਣਤ—(ਵਿਆਧੀਆਂ ਨੂੰ ਦੂਰ ਕਰਨ ਦੀ) ਵਿਓਂਤ। ਅਉਖਧੁ—ਦਵਾਈ।੧।ਰਹਾਉ।
ਤਿਨਿ—ਉਸ ਨੇ। ਰਖਨਹਾਰਿ—ਰੱਖਣ ਦੀ ਸਮਰਥਾ ਵਾਲੇ ਨੇ। ਬਿਆਧਿ—ਰੋਗ। ਸਹਾਈ—ਮਦਦਗਾਰ।੨।
ਅਰਥ: ਹੇ ਭਾਈ! ਜਿਸ ਗੁਰੂ ਨੇ (ਪਰਮਾਤਮਾ ਦਾ ਨਾਮ-ਦਵਾਈ ਦੇ ਕੇ ਜੀਵਾਂ ਦੇ ਰੋਗ ਦੂਰ ਕਰਨ ਦੀ) ਵਿਓਂਤ ਬਣਾ ਰੱਖੀ ਹੈ, ਉਹ ਪੂਰਾ ਗੁਰੂ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ ਅਤੇ ਪਰਮਾਤਮਾ ਦਾ ਨਾਮ-ਦਵਾਈ ਦੇਂਦਾ ਹੈ, ਉਹ ਮਨੁੱਖ ਸਦਾ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ।੧।ਰਹਾਉ।
ਹੇ ਭਾਈ! ਪਰਮਾਤਮਾ ਦੀ ਸਰਨ ਪਿਆਂ (ਵਿਆਧੀਆਂ ਦਾ) ਸੇਕ ਨਹੀਂ ਲੱਗਦਾ। ਹੇ ਭਾਈ! ਅਸਾਂ ਜੀਵਾਂ ਦੇ ਦੁਆਲੇ ਪਰਮਾਤਮਾ ਦਾ ਨਾਮ (ਮਾਨੋ) ਇਕ ਲਕੀਰ ਹੈ (ਜਿਸ ਦੀ ਬਰਕਤਿ ਨਾਲ) ਕੋਈ ਦੁੱਖ ਪੋਹ ਨਹੀਂ ਸਕਦਾ।੧।
ਹੇ ਨਾਨਕ! ਆਖ-(ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ) ਉਸ ਰੱਖਣਹਾਰ ਪ੍ਰਭੂ ਨੇ ਬਚਾ ਲਿਆ, (ਉਸ ਦੇ ਅੰਦਰੋਂ) ਹਰੇਕ ਰੋਗ ਦੂਰ ਕਰ ਦਿੱਤਾ, ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ, ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣ ਗਿਆ।੨।੧੫।੭੯।